ਸਰਕਾਰੀ ਅਧਿਆਪਕ ਤੇ ਪਰਚਾ ਕਰਨ ਲਈ ਦੇ ਰੋਸ਼ ਵਜੋਂ ਅਧਿਆਪਕ ਅਤੇ ਕਿਸਾਨ
ਰੋਹਿਤ ਗੁਪਤਾ
ਗੁਰਦਾਸਪੁਰ 3 ਮਈ 2025 - ਅਧਿਆਪਕ ਅਤੇ ਕਿਸਾਨ ਆਗੂਆਂ ਵੱਲੋਂ ਸਾਂਝੇ ਤੌਰ ਤੇ ਥਾਣਾ ਕਾਹਨੂੰਵਾਨ ਦੇ ਅਧੀਨ ਆਉਂਦੇ ਪਿੰਡ ਜਾਗੋਵਾਲ ਬਾਂਗਰ ਦੇ ਮਜਦੂਰ ੍ਰਅਤੇ ਮੁਲਾਜ਼ਮ ਆਗੂਆਂ ਉੱਤੇ ਦਰਜ਼ ਕੀਤੇ ਪਰਚੇ ਰੱਦ ਕਰਵਾਉਣ ਲਈ ਐਸ. ਐਸ. ਪੀ. ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ।
ਪਰਚੇ ਨੂੰ ਰੱਦ ਕਰਾਉਣ ਲਈ ਬਣਾਈ ਗਈ ਐਕਸ਼ਨ ਕਮੇਟੀ ਨਾਲ ਸੰਬੰਧਿਤ ਅਧਿਆਪਕ ਯੂਨੀਅਨ ਦੇ ਆਗੂ ਕੁਲਦੀਪ ਪੁਰੋਵਾਲ ਅਤੇ ਅਸ਼ਵਨੀ ਫਜੇਪੁਰ ਅਤੇ ਕਿਸਾਨ ਆਗੂ ਬਲਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਪਿੰਡ ਵਿੱਚ ਪੈਂਦੀ ਪੰਚਾਇਤੀ ਜਮੀਨ ਤੇ ਗੇਟ ਲਗਾਉਣ ਦੇ ਮਸਲੇ ਨੂੰ ਲੈ ਕੇ ਹੋਏ ਝਗੜੇ ਦੌਰਾਨ ਅਧਿਆਪਕ ਆਗੂ ਜਸਵਿੰਦਰ ਸਿੰਘ ਸਮੇਤ 6 ਲੋਕਾਂ ਵਿਰੁੱਧ ਕੱਟੇ ਗਏ ਝੂਠੇ ਪਰਚੇ ਦਾ ਵਿਰੋਧ ਕਰਨ ਲਈ ਅੱਜ ਐਸ. ਐਸ. ਪੀ. ਦਫ਼ਤਰ ਸਾਹਮਣੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਇਨਸਾਫ਼ ਪਸੰਦ ਲੋਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਹੈ ।ਇਸ ਮੌਕੇ ਐਕਸ਼ਨ ਕਮੇਟੀ ਦੇ ਆਗੂਆਂ ਵੱਲੋਂ ਪੁਲਿਸ ਪ੍ਰਾਸ਼ਾਸ਼ਨ ਅੱਗੇ ਪੁਰਜ਼ੋਰ ਮੰਗ ਰੱਖੀ ਕੇ ਥਾਣਾ ਕਾਹਨੂੰਵਾਨ ਵਿਖੇ ਸਿਆਸੀ ਰੰਜਿਸ ਤਹਿਤ ਮਜ਼ਦੂਰ ਅਤੇ ਮੁਲਾਜ਼ਮਾਂ ਆਗੂਆਂ ਉੱਤੇ ਜੋ ਝੂਠੇ ਮਾਮਲੇ ਦਰਜ ਕੀਤੇ ਗਏ ਹਨ ਉਹ ਤੁਰੰਤ ਰੱਦ ਕੀਤੇ ਜਾਣ।
ਪ੍ਰਦਰਸ਼ਨਕਾਰੀਆਂ ਨੇ ਕਾਹਨੂਵਾਨ ਦੇ ਡੀਐਸਪੀ ਖਿਲਾਫ ਵੀ ਜਮ ਕੇ ਰੋਸ ਜਤਾਇਆ । ਮੰਗ ਪੱਤਰ ਪ੍ਰਾਪਤ ਕਰਨ ਆਏ ਡੀ. ਐਸ. ਪੀ.ਮੋਹਣ ਸਿੰਘ ਨੂੰ ਮੰਗ ਪੱਤਰ ਦੇਣ ਸਮੇਂ ਐਕਸ਼ਨ ਕਮੇਟੀ ਦੇ ਆਗੂਆਂ ਨੇ ਅਲਟੀਮੇਟਮ ਦਿੱਤਾ ਕਿ ਇਸ ਮਾਮਲੇ ਉੱਤੇ ਢੁਕਵੀਂ ਕਰਵਾਈ ਕਰਕੇ 7 ਮਈ ਤੱਕ ਕੋਈ ਫ਼ੈਸਲਾ ਨਾ ਲਿਆ ਗਿਆ ਤਾਂ 12 ਵੱਖ ਵੱਖ ਯੂਨੀਅਨਾਂ ਦੀ ਬਣੀ ਐਕਸ਼ਨ ਕਮੇਟੀ ਹੋਰ ਜਥੇਬੰਦੀਆਂ ਅਤੇ ਪਾਰਟੀਆਂ ਨੂੰ ਨਾਲ ਲੈ ਕੇ ਅਗਲੇ ਸੰਘਰਸ਼ ਦਾ ਐਲਾਨ ਕਰੇਗੀ।
ਉੱਥੇ ਹੀ ਗੱਲਬਾਤ ਦੌਰਾਨ ਡੀਐਸਪੀ ਸਿਟੀ ਮੋਹਨ ਸਿੰਘ ਨੇ ਦੱਸਿਆ ਕਿ ਮੰਗ ਪੱਤਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਨਿਰਪੱਖਤਾ ਦੇ ਨਾਲ ਜਾਂਚ ਕੀਤੀ ਜਾਵੇਗੀ।