ਵਿਰਾਸਤੀ ਮੇਲਾ ਧੂਮ ਧੜੱਕੇ ਨਾਲ ਸ਼ੁਰੂ ਕਰਨ ਲਈ ਕੱਢੀ ਪੰਜਾਬ ਦੀ ਵਿਰਾਸਤ ਜਾਗੋ
ਡਿਪਟੀ ਕਮਿਸ਼ਨਰ ਵੱਲੋਂ ਆਮ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਵੱਧ ਤੋਂ ਵੱਧ ਸ਼ਿਰਕਤ ਕਰਨ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 20 ਮਾਰਚ 2026 : ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ 19ਵਾਂ ਵਿਰਾਸਤੀ ਮੇਲਾ 20 ਮਾਰਚ ਤੋਂ ਧੂਮ ਧੜੱਕੇ ਨਾਲ ਸ਼ੁਰੂ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਲਵਾ ਹੈਰੀਟੇਜ ਫਾਊਂਡੇਸ਼ਨ ਦੇ ਸਹਿਯੋਗ ਨਾਲ 19ਵਾਂ ਵਿਰਾਸਤੀ ਮੇਲਾ 20, 21 ਅਤੇ 22 ਮਾਰਚ ਨੂੰ ਹੋਵੇਗਾ। ਇਹ ਮੇਲਾ ਸਾਡੀ ਸੰਸਕ੍ਰਿਤਕ ਵਿਰਾਸਤ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਰਿਵਾਇਤਾਂ ਨਾਲ ਜੋੜਨ ਦਾ ਇਕ ਮਹੱਤਵਪੂਰਨ ਹੋਵੇਗਾ। ਮੇਲੇ ਦੇ ਸਾਰੇ ਦਿਨਾਂ ਦੌਰਾਨ ਵੱਖ-ਵੱਖ ਨਾਮੀ ਕਲਾਕਾਰਾਂ ਵੱਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਜਾਣਗੇ।
ਉਨ੍ਹਾਂ ਹੋਰ ਦੱਸਿਆ ਕਿ ਕੱਲ੍ਹ ਤੋਂ ਸ਼ੁਰੂ ਹੋਣ ਵਾਲਾ ਇਹ 3 ਦਿਨਾਂ ਵਿਰਾਸਤੀ ਮੇਲਾ ਵਿਭਿੰਨ ਰੰਗਾ-ਰੰਗ ਪ੍ਰੋਗਰਾਮਾਂ ਨਾਲ ਭਰਪੂਰ ਹੋਵੇਗਾ। ਮੇਲੇ ਦੌਰਾਨ ਲੋਕ ਨਾਚ, ਗਿੱਧਾ-ਭੰਗੜਾ, ਲੋਕ ਗਾਇਕੀ, ਹਥਕਲਾ ਪ੍ਰਦਰਸ਼ਨੀ ਅਤੇ ਰਵਾਇਤੀ ਖਾਣਿਆਂ ਦੇ ਸਟਾਲ ਵਿਸ਼ੇਸ਼ ਆਕਰਸ਼ਣ ਹੋਣਗੇ। ਇਸ ਦੇ ਨਾਲ ਹੀ ਬੱਚਿਆਂ ਅਤੇ ਨੌਜਵਾਨਾਂ ਲਈ ਵੱਖ-ਵੱਖ ਖੇਡ ਮੁਕਾਬਲੇ ਵੀ ਕਰਵਾਏ ਜਾਣਗੇ, ਤਾਂ ਜੋ ਉਹ ਆਪਣੀ ਕਲਾ ਅਤੇ ਹੁਨਰ ਨੂੰ ਪ੍ਰਗਟ ਕਰ ਸਕਣ।
ਵਿਰਾਸਤੀ ਮੇਲੇ ਸਬੰਧੀ ਅੱਜ ਗੁਰੂਦੁਆਰਾ ਸ੍ਰੀ ਕਿਲਾ ਮੁਬਾਰਕ ਸਾਹਿਬ ਬਠਿੰਡਾ ਤੋਂ ਇੱਕ ਜਾਗੋ ਕੱਢੀ ਗਈ, ਜਿਸ ਵਿਚ ਔਰਤਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਮ ਲੋਕਾਂ ਦੀ ਮੇਲੇ ਵਿੱਚ ਮੁਫ਼ਤ ਐਂਟਰੀ ਹੋਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਮੇਲੇ ਦੀ ਰੌਣਕ ਦਾ ਹਿੱਸਾ ਜ਼ਰੂਰ ਬਣਿਆ ਜਾਵੇ।
Click to Follow Babushahi Facebook page →