ਲੋਕ ਸਭਿਆਚਾਰਕ ਪਿੜ ਸੁਨੱਖੀ ਪੰਜਾਬਣ ਮੁਟਿਆਰ "ਮੁਕਾਬਲਾ 7 ਫਰਵਰੀ ਨੂੰ ਕਰਵਾਏਗਾ
ਰੋਹਿਤ ਗੁਪਤਾ
ਗੁਰਦਾਸਪੁਰ : ਲੋਕ ਸੱਭਿਆਚਾਰਕ ਪਿੜ ਗੁਰਦਾਸਪੁਰ ਦੇ ਪਰਿਵਾਰ ਵੱਲੋਂ "ਸੁਨੱਖੀ ਪੰਜਾਬਣ ਮੁਟਿਆਰ " ਸੱਭਿਆਚਾਰਕ ਮੁਕਾਬਲਾ-2025 7 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੱਭਿਆਚਾਰ ਮੁਕਾਬਲੇ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦੇਂਦਿਆਂ ਹੋਇਆ ਪਿੜ ਦੇ ਬਾਨੀ ਸ ਅਜੈਬ ਸਿੰਘ ਚਾਹਲ ਅਤੇ ਪ੍ਰਧਾਨ ਤੇ ਭੰਗੜਾ ਕੋਚ ਜੈਕਬ ਮਸੀਹ ਤੇਜਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਪੰਜਾਬੀ ਭਾਸ਼ਾ,ਲੋਕ-ਕਲਾਵਾਂ ਅਤੇ ਸੱਭਿਆਚਾਰ ਦੀ ਸਹੀ ਪਹਿਚਾਣ ਦੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਦੀ ਸੋਚ ਰੱਖਣ ਵਾਲੀ ਅਤੇ ਧੀਆਂ-ਧਿਆਣੀਆਂ ਦੀ ਸੰਭਾਲਣ ਲਈ ਯਤਨਸ਼ੀਲ ਰੈਣ ਵਾਲੀ ਦੀਵੇ ਦੀ ਲੋਅ ਵਰਗੀ ਸੰਸਥਾ ਲੋਕ ਸੱਭਿਆਚਾਰਕ ਪਿੜ ਗੁਰਦਾਸਪੁਰ ਵੱਲੋਂ ਸੱਭਿਆਚਾਰਕ ਮੁਕਾਬਲਾ "ਸੁਨੱਖੀ ਪੰਜਾਬਣ ਮੁਟਿਆਰ " 7 ਫਰਵਰੀ ਦਿਨ ਸ਼ੁੱਕਰਵਾਰ ਨੂੰ ਰਾਮ ਸਿੰਘ ਦੱਤ ਹਾਲ,ਨੇੜੇ ਖਾਲਸਾ ਸਕੂਲ ਗੁਰਦਾਸਪੁਰ ਵਿੱਚ ਸਵੇਰੇ 9 ਵਜੇ ਕਰਵਾਇਆ ਜਾ ਰਿਹਾ ਹੈ।ਜੈਕਬ ਤੇਜਾ ਨੇ ਕਿਹਾ ਕਿ ਇਸ ਮੁਕਾਬਲੇ ਵਿੱਚ 15 ਤੋਂ 32 ਸਾਲ ਦੀ ਉਮਰ ਤੱਕ ਦੀ ਕੋਈ ਵੀ ਚਾਹਵਾਨ ਵਿਆਹੀ/ ਅਣਵਿਆਹੀ ਪੰਜਾਬਣ ਮੁਟਿਆਰ ਭਾਗ ਲੈ ਸਕਦੀ ਹੈ। ਮੁਟਿਆਰ ਨੂੰ ਖੁੱਲਾ ਸੱਦਾ ਹੈ।ਭਾਗ ਲੈਣ ਵਾਲੀਆਂ ਮੁਟਿਆਰਾਂ ਕੋਲੋਂ ਕੋਈ ਵੀ ਕਿਸੇ ਕਿਸਮ ਦੀ ਦਾਖਲਾ ਫੀਸ ਨਹੀਂ ਲਈ ਜਾਵੇਗੀ।
ਇਸ ਮੁਕਾਬਲੇ ਦਾ ਪ੍ਰਾਸਪੈਕਟਸ ਅਤੇ ਐਟਰੀ ਫਾਰਮ ਆਨਲਾਈਨ ਭਰ ਸਕਦੇ ਹੋ।ਫਾਰਮ ਦਾ ਲਿੰਕ ਫੇਸਬੁੱਕ ਜੈਕਬ ਤੇਜਾ ਜਾਂ ਐੱਲ ਐੱਸ ਪੀ ਜੀ ਐੱਸ ਪੀ ਪੇਜ ਤੋਂ ਪ੍ਰਾਪਤ ਕਰੋ ਸਕਦੇ ਹੋ।ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਦੇ ਤਿੰਨ ਰਾਊਂਡ ਹੋਣਗੇ।ਪਹਿਲਾ ਗੇੜਾ (ਰਾਊਂਡ) ਡਾਂਸ ਹੋਵੇਗਾ। ਜੱਜ ਸਾਹਿਬਾਨ ਹੇਠ ਦਿੱਤੇ ਗਏ ਗੀਤਾਂ ਵਿੱਚੋਂ ਕਿਸੇ ਇੱਕ ਤੇ ਨਾਚ (ਡਾਂਸ) ਕਰਨ ਲਈ ਆਖ ਸਕਦੇ ਹਨ।ਨਾਚ ਦਾ ਸਮਾਂ ਦੋ ਮਿੰਟ ਦਾ ਹੋਵੇਗਾ। ਅੰਬੀਆਂ ਦੇ ਬੂਟਿਆਂ ਤੇ,ਮੱਸਿਆਂ ਦੇ ਮੇਲੇ ਨੂੰ ਜਾਣਾ,ਕੁੜਤੀ ਮੇਰੀ ਛੀਟ ਦੀ,ਹਾਏ ਨੀ ਮੇਰਾ ਬਾਲਮ ਇਹਨਾਂ ਪੁਰਾਤਨ ਗੀਤਾਂ ਤੋਂ ਇਲਾਵਾ ਭਾਗੀਦਾਰ ਮੁਟਿਆਰ ਨੂੰ ਇੱਕ ਆਪਣੀ ਪਸੰਦ ਦੇ ਗੀਤ ਜਾਂ ਲੋਕ ਗੀਤ ਉੱਤੇ ਨਾਚ ਦੀ ਪੇਸ਼ਕਾਰੀ ਕਰਨੀ ਹੋਵੇਗੀ ।ਪਹਿਲਾ ਗੇੜਾ ਸਫਲ ਹੋਣ ਤੇ ਦੂਸਰੇ ਗੇੜੇ 'ਚ ਮੁਟਿਆਰ ਪਹੁੰਚੇਗੀ। ਮੁਟਿਆਰ ਸਿਰਫ ਆਪਣੇ ਪਸੰਦ ਦੇ ਗੀਤ ਦੀ ਪੈਨ ਡਰਾਇਵ ਨਾਲ ਲੈ ਕੇ ਆਵੇ।ਦੂਜੇ ਗੇੜ ਵਿੱਚ ਹਰ ਭਾਗੀਦਾਰ ਮੁਟਿਆਰ ਤੋਂ ਇਕ ਸਵਾਲ ਪੁੱਛਿਆ ਜਾਵੇਗਾ ਤੇ ਨਾਲ-ਨਾਲ ਘਰੇਲੂ ਕੰਮਕਾਜ ਕਰਵਾ ਕੇ ਦੇਖਿਆ ਜਾਵੇਗਾ।ਤੀਜਾ ਗੇੜਾ (ਰਾਊਂਂਡ) ਲਾੜੀ ਰਾਊਂਡ ਹੋਵੇਗਾ। ਹਰ ਭਾਗੀਦਾਰ ਮੁਟਿਆਰ ਲਾੜੀ ਰਾਊਂਡ ਦਾ ਲੋੜੀਂਦਾ ਸਮਾਨ ਆਪ ਲੈ ਕੇ ਆਵੇਗੀ। ਇਸ ਗੇੜ ਵਿੱਚ ਸਿਰਫ਼ ਉਹੀ ਮੁਟਿਆਰਾਂ ਸ਼ਾਮਿਲ ਹੋਣਗੀਆਂ ਜਿਹਨਾਂ ਦੀ ਚੋਣ ਪਹਿਲੇ ਅਤੇ ਦੂਸਰੇ ਗੇੜ ਵਿੱਚੋਂ ਨਹੀਂ ਹੋਵੇਗੀ।ਪਹਿਲੇ ਸਥਾਨ ਤੇ ਆਉਣ ਵਾਲੀ ਮੁਟਿਆਰ ਨੂੰ ਸੱਗੀ ਫੁੱਲ, ਸ਼ਗਨ ਅਤੇ ਟਰਾਫੀ, ਦੂਸਰੇ ਸਥਾਨ ਵਾਲੀ ਨੂੰ ਬੁਗਤੀਆਂ,ਸ਼ਗਨ ਅਤੇ ਟਰਾਫੀ, ਤੀਜੇ ਸਥਾਨ ਵਾਲੀ ਨੂੰ ਟਿੱਕਾ,ਸ਼ਗਨ ਅਤੇ ਟਰਾਫੀ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਲੰਮ ਸਲੰਮੀ ਨਾਰ,ਨਸ਼ੀਲੇ ਨੈਣ, ਗਿੱਧਿਆਂ ਦੀ ਮੇਲਣ, ਮੋਰਨੀ ਵਰਗੀ ਧੌਣ, ਸੂਝਵਾਨ ਮੁਟਿਆਰ, ਮੜ੍ਹਕ ਨਾਲ ਤੁਰਨਾ, ਸੋਹਣਾ ਪੰਜਾਬੀ ਪਹਿਰਾਵਾ, ਹਾਸਿਆਂ ਦੀ ਰਾਣੀ,ਸੱਪਣੀ ਵਰਗੀ ਗੁੱਤ,ਮੁੱਖੜਾ ਚੰਨ ਵਰਗਾ,ਮਲੂਕੜੀ ਜਿਹੀ ਮੁਟਿਆਰ, ਸੋਹਣੇ ਗਹਿਣੇ, ਮਿੱਠੜੇ ਬੋਲ,ਮਿਲੇਪੜੀ ਮੁਟਿਆਰ, ਨੰਨੀ ਕਰੂੰਬਲ, ਨਿਰੋਲ ਪਿੜ ਪੇਸ਼ਕਾਰੀ,ਵਿਦਾਇਗੀ ਤੋਰ,
ਸ਼ਰਮੀਲੀਆਂ ਅੱਖਾਂ,ਲਾੜੀ ਸਰੂਪ, ਬੁਸਕਣਾ
ਦੇ ਖਿਤਾਬ ਦਿੱਤੇ ਜਾਣਗੇ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀ ਹਰ ਮੁਟਿਆਰ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ।ਪੰਜਾਬਣਾਂ ਮੁਟਿਆਰਾਂ ਨੂੰ ਆਪਣਾਂ ਹੂਨਰ ਸਾਬਤ ਕਰਨ ਦੇ ਲਈ ਇਕ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ।