ਲੋਕ ਮੋਰਚਾ ਪੰਜਾਬ ਵੱਲੋਂ ਦਿੱਲੀ ਅਤੇ ਲਾਗਲੇ ਇਲਾਕਿਆਂ ਵਿੱਚ ਮਜ਼ਦੂਰਾਂ ਦੇ ਰੋਸ ਪ੍ਰਦਰਸ਼ਨਾਂ ਦੀ ਹਮਾਇਤ
ਅਸ਼ੋਕ ਵਰਮਾ
ਬਠਿੰਡਾ, 14 ਅਪ੍ਰੈਲ 2026: ਲੋਕ ਮੋਰਚਾ ਪੰਜਾਬ ਨੇ ਰਾਜਧਾਨੀ ਦਿੱਲੀ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਮਜ਼ਦੂਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਹਮਾਇਤ ਕਰਦਿਆਂ ਉਹਨਾਂ ਉੱਪਰ ਕੀਤੀ ਗਈ ਪੁਲਿਸ ਕਾਰਵਾਈ ਦੀ ਨਿਖੇਧੀ ਕੀਤੀ ਹੈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਕਿਹਾ ਕਿ ਰੋਸ ਪ੍ਰਦਰਸ਼ਨਾਂ ਦੇ ਰੂਪ ਵਿੱਚ ਹੋ ਰਿਹਾ ਮਜ਼ਦੂਰਾਂ ਦਾ ਇਹ ਰੋਹ ਫੁਟਾਰਾ ਵੱਡੀਆਂ ਸਨਅਤਾਂ ਅੰਦਰ ਮਜ਼ਦੂਰਾਂ ਦੀ ਬੇਕਿਰਕ ਲੁੱਟ ਅਤੇ ਬੇਹੱਦ ਮੰਦੀਆਂ ਕੰਮ ਹਾਲਤਾਂ ਵਿੱਚੋਂ ਨਿਕਲਿਆ ਹੈ। ਵੱਡੀਆਂ ਸਾਮਰਾਜੀ ਕੰਪਨੀਆਂ ਅਤੇ ਵੱਡੇ ਦੇਸੀ ਸਰਮਾਏਦਾਰਾਂ ਦੇ ਮੁਨਾਫੇ ਸੁਰੱਖਿਅਤ ਕਰਨ ਲਈ ਭਾਰਤੀ ਰਾਜ ਵੱਲੋਂ ਕਿਰਤ ਸ਼ਕਤੀ ਦੀ ਵੱਧ ਤੋਂ ਵੱਧ ਲੁੱਟ ਦੀਆਂ ਹਾਲਤਾਂ ਸਿਰਜ ਕੇ ਦਿੱਤੀਆਂ ਗਈਆਂ ਹਨ। ਭਾਰਤੀ ਮਜ਼ਦੂਰ ਨਿਗੂਣੀਆਂ ਉਜਰਤਾਂ, ਸਮਾਜਿਕ ਸੁਰੱਖਿਆ ਦੀ ਅਣਹੋਂਦ, ਖਤਰਨਾਕ ਅਤੇ ਗੈਰ ਮਿਆਰੀ ਕੰਮ ਹਾਲਤਾਂ ਦੇ ਵੱਸ ਪਏ ਹੋਏ ਹਨ।
ਉਨ੍ਹਾਂ ਕਿਹਾ ਕਿ ਹੁਣ ਨਵੇਂ ਲਾਗੂ ਕੀਤੇ ਕਿਰਤ ਕੋਡ ਇਸੇ ਹਾਲਤ ਨੂੰ ਹੋਰ ਵਧਾਉਣ ਵਾਲੇ ਹਨ। ਇਹਨਾਂ ਹਾਲਤਾਂ ਕਰਕੇ ਹੀ ਸਨਅਤੀ ਮਜ਼ਦੂਰ ਵੱਖ ਵੱਖ ਥਾਵਾਂ ਉੱਤੇ ਆਪਣਾ ਰੋਸ ਜਾਹਰ ਕਰ ਰਹੇ ਹਨ।ਇਹਨਾਂ ਪ੍ਰਦਰਸ਼ਨਾ ਰਾਹੀਂ ਦਿੱਲੀ ਅਤੇ ਆਸ ਪਾਸ ਦੇ ਖੇਤਰਾਂ ਦੇ ਸਨਅਤੀ ਮਜ਼ਦੂਰ ਤਨਖਾਹਾਂ ਵਿੱਚ ਵਾਧਾ ਕਰਨ , ਕੰਮ ਦੇ ਘੰਟੇ ਨਿਸ਼ਚਿਤ ਕਰਨ, ਓਵਰ ਟਾਈਮ ਦਾ ਕਾਨੂੰਨ ਅਨੁਸਾਰ ਭੁਗਤਾਨ ਕਰਨ, ਹਫਤਾਵਾਰੀ ਛੁੱਟੀ ਦੇਣ ਅਤੇ ਹੋਰ ਬੁਨਿਆਦੀ ਸਹੂਲਤਾਂ ਦੇਣ ਆਦਿ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਮਜ਼ਦੂਰਾਂ ਦੀਆਂ ਇਹਨਾਂ ਵਾਜਬ ਮੰਗਾਂ ਨੂੰ ਪੁਲਸੀ ਜਬਰ ਦੇ ਜ਼ੋਰ ਨਜਿੱਠਿਆ ਜਾ ਰਿਹਾ ਹੈ।
ਆਗੂਆਂ ਨੇ ਅੱਗੇ ਕਿਹਾ ਕਿ ਇਹਨਾਂ ਮੰਗਾਂ ਨੂੰ ਲੈ ਕੇ 40 ਹਜਾਰ ਤੋਂ ਵਧੇਰੇ ਮਜ਼ਦੂਰ ਸੜਕਾਂ ਉੱਤੇ ਹਨ ਅਤੇ 80 ਤੋਂ ਵਧੇਰੇ ਥਾਵਾਂ ਉੱਤੇ ਪ੍ਰਦਰਸ਼ਨ ਹੋਏ ਹਨ। ਪਰ ਇੰਨੀ ਵੱਡੀ ਪੱਧਰ ਉੱਤੇ ਉਠਾਈ ਜਾ ਰਹੀ ਆਵਾਜ਼ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸਗੋਂ ਇਹਨਾਂ ਨੂੰ ਦਬਾਉਣ ਲਈ ਕੁਝ ਥਾਵਾਂ ਉੱਤੇ ਇਹਨਾਂ ਪ੍ਰਦਰਸ਼ਨਾ ਉੱਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਹੈ ਅਤੇ 100 ਤੋਂ ਵਧੇਰੇ ਕੇਸ ਦਰਜ ਕੀਤੇ ਗਏ ਹਨ। ਇਹਨਾਂ ਹੱਕੀ ਸੰਘਰਸ਼ਾਂ ਨੂੰ ਲੋਕ ਸਮਰਥਨ ਤੋਂ ਮਹਿਰੂਮ ਕਰਨ ਲਈ ਇਹਨਾਂ ਨੂੰ ਪਾਕਿਸਤਾਨੀ ਸ਼ਹਿ ਪ੍ਰਾਪਤ ਜਾਂ ਨਕਸਲੀ ਹਿੰਸਾ ਨਾਲ ਜੁੜੇ ਸੰਘਰਸ਼ਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਜਥੇਬੰਦੀ ਵੱਲੋਂ ਇਸ ਸੰਘਰਸ਼ ਉੱਤੇ ਕੀਤੇ ਪੁਲਿਸ ਜਬਰ ਅਤੇ ਅਜਿਹੇ ਕੂੜ ਪ੍ਰਚਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ ।
ਆਗੂਆਂ ਨੇ ਇਸ ਸਮੇਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਡੇ ਕਾਰਪੋਰੇਟਾਂ ਸਾਮਰਾਜੀਆਂ ਦੇ ਹਿਤ ਵਿੱਚ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਇਹ ਮਜ਼ਦੂਰ ਸੰਘਰਸ਼ ਸਾਮਰਾਜੀ ਹੱਲੇ ਦੀ ਮਾਰ ਹੰਢਾ ਰਹੇ ਹੋਰਨਾਂ ਤਬਕਿਆਂ ਦੇ ਸੰਘਰਸ਼ ਦਾ ਹੀ ਅੰਗ ਬਣਦੇ ਹਨ। ਇਸਲਈ ਇਸ ਸੰਘਰਸ਼ ਦਾ ਸਭਨਾਂ ਲੋਕਾਂ ਨੂੰ ਸਮਰਥਨ ਕਰਨਾ ਚਾਹੀਦਾ ਹੈ। ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ,ਮੁਲਾਜ਼ਮਾਂ ਅਤੇ ਹੋਰਨਾਂ ਤਬਕਿਆਂ ਨੂੰ ਇਸ ਸੰਘਰਸ਼ ਦੀ ਹਿਮਾਇਤ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੰਘਰਸ਼ਸ਼ੀਲ ਮਜ਼ਦੂਰਾਂ ਦੀਆਂ ਮੰਗਾਂ ਫੌਰੀ ਮੰਨੀਆਂ ਜਾਣ, ਉਹਨਾਂ ਉੱਤੇ ਦਰਜ ਝੂਠੇ ਕੇਸ ਵਾਪਸ ਲਏ ਜਾਣ, ਕਿਰਤ ਕੋਡ ਰੱਦ ਕੀਤੇ ਜਾਣ ਅਤੇ ਮਜ਼ਦੂਰ ਪੱਖੀ ਕਿਰਤ ਕਾਨੂੰਨ ਬਣਾਏ ਅਤੇ ਲਾਗੂ ਕੀਤੇ ਜਾਣ।
Click to Follow Babushahi Facebook page →