ਮਜ਼ਦੂਰ ਵਿਰੋਧੀ ਫੈਸਲੇ ਰੱਦ ਅਤੇ ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਾਉਣ ਲਈ ਲਾਮਬੰਦੀ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ 6 ਜੂਨ, 2025: ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਲਾਗੂ ਕੀਤੇ ਗਏ ਮਜ਼ਦੂਰ ਵਿਰੋਧੀ ਕਿਰਤ ਕਾਨੂੰਨਾਂ ਨੂੰ ਰੱਦ ਅਤੇ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਵਾਉਣ ਲਈ ਮਜ਼ਦੂਰ ਸ਼ਕਤੀ ਉਸਾਰਨ ਲਈ ਵੱਡੀ ਲਾਮਬੰਦੀ ਕੀਤੀ ਜਾਏਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਟੀਚਰਜ਼ ਹੋਮ ਵਿਖੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ ਆਗੂਆਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਮਜ਼ਦੂਰ ਵਿਰੋਧੀ ਕਿਰਤ ਕਾਨੂੰਨ ਲਾਗੂ ਕਰਕੇ ਭਗਵੰਤ ਮਾਨ ਨੇ ਭਾਜਪਾ ਦਾ ਹੱਥ ਠੋਕਾ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਚੋਣ ਚ ਵੱਡੇ ਫੈਕਟਰੀ ਮਾਲਕਾਂ ਤੋਂ ਮੋਟਾ ਚੋਣ ਫੰਡ ਲੈਣ ਲਈ ਇੰਸਪੈਕਟਰੀ ਪ੍ਰਬੰਧ ਖਤਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਤਰ੍ਹਾਂ ਮੁੱਖ ਮੰਤਰੀ ਮਾਨ ਵੀ ਪੁੰਜੀ ਪਤੀਆਂ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਰਾਜ ਦੇ ਲੱਖਾਂ ਦਲਿਤ ਪਰਿਵਾਰਾਂ ਦੀਆਂ ਔਰਤਾਂ ਮਾਈਕਰੋ ਫਾਇਨਾਂਸ ਕੰਪਨੀ ਦੇ ਮੱਕੜ ਕਰਜ਼ਾ ਜਾਲ਼ ਵਿੱਚ ਫਸੀਆਂ ਹੋਈਆਂ ਹਨ ਪਰ ਪੰਜਾਬ ਦਾਂ ਮੁੱਖ ਮੰਤਰੀ ਸਿਰਫ਼ 4727 ਪਰਿਵਾਰਾਂ ਦਾਂ ਕਰਜ਼ਾ ਮਾਫ਼ ਕਰਨ ਦਾ ਡਰਾਮਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਤੋਂ ਨਸ਼ਿਆਂ, ਭ੍ਰਿਸ਼ਟਾਚਾਰ, ਗੁੰਡਾਗਰਦੀ ਵਿਚੋਂ ਇੱਕ ਤੇ ਵੀ ਕਾਬੂ ਨਹੀਂ ਪਿਆ ਉਲ਼ਟ ਪੂਰਾ ਪੰਜਾਬ ਪੁਲਿਸ ਰਾਜ ਵਿੱਚ ਤਬਦੀਲ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਵਿਰੋਧੀ ਕਿਰਤ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਾਉਣ ਲਈ ਮਜ਼ਦੂਰ ਸ਼ਕਤੀ ਉਸਾਰੀ ਜਾਵੇਗੀ।
ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਪੁਲਿਸ ਹਿਰਾਸਤ ਵਿਚ ਨਰਿਦਰਦੀਪ ਦਾਂ ਕਰਲ ਤੇ ਭਾਈ ਬਖਤੌਰ ਵਿਚ ਸਾਬਕਾ ਫੌਜੀ ਉਪਰ ਕਸਾਂ ਤਸਕਰਾਂ ਵਲੋਂ ਹਮਲਾ ਆਪ ਸਰਕਾਰ ਦੇ ਸਾਫ ਸੁਥਰੇ ਪ੍ਰਸ਼ਾਸਨ ਦੀਆਂ ਮੂੰਹ ਬੋਲਦੀ ਤਸਵੀਰਾਂ ਹਨ। ਉਨ੍ਹਾਂ ਕਿਹਾ ਕਿ ਹਰ ਖੇਤਰ ਦੇ ਮਜ਼ਦੂਰ ਸਮਾਜ ਨੂੰ ਆਪ ਸਰਕਾਰ ਦੇ ਮਜ਼ਦੂਰ ਵਿਰੋਧੀ ਹਮਲੇ ਖਿਲਾਫ ਖੜ੍ਹੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਪਿੰਡ, ਪਿੰਡ ਮਜ਼ਦੂਰ ਵਰਗ ਨੂੰ ਨਵੇਂ ਕਿਰਤ ਕਾਨੂੰਨਾਂ ਖਿਲਾਫ਼ ਲਾਮਬੰਦ ਕੀਤਾ ਜਾਵੇਗਾ।ਇਸ ਮੌਕੇ ਸੁਖਜੀਵਨ ਸਿੰਘ ਮੋੜ, ਗੁਰਜੰਟ ਸਿੰਘ ਘੁੰਮਣ, ਨੈਬ ਸਿੰਘ ਬਠਿੰਡਾ ਅਤੇ ਮੋਦੀ ਸਿੰਘ ਚੌਕੇ ਵੀ ਮੌਜੂਦ ਸਨ।