ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰ 24 ਮਈ ਨੂੰ ਸੂਬਾ ਪੱਧਰੀ ਰੋਸ ਧਰਨਾ ਕਰਨਗੇ
24 ਮਈ ਤੱਕ ਵਰਕ ਟੂ ਰੂਲ ਰਹੇਗਾ ਜਾਰੀ, 17 ਅਤੇ 18 ਜੂਨ ਨੂੰ ਦੋ ਰੋਜ਼ਾ ਹੜਤਾਲ ਦਾ ਐਲਾਨ
Ravi Jakhu
ਲੁਧਿਆਣਾ :23 ਅਪ੍ਰੈਲ 2026
ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਸਾਂਝੇ ਥੜੇ ਦੇ ਅਧਾਰਿਤ ਪੀ ਐੱਸ ਈ ਬੀ ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ 24), ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ (ਏਟਕ), ਪੈਨਸ਼ਨਰ ਵੈਲਫੇਅਰ ਫੈਡਰੇਸ਼ਨ (ਪਹਿਲਵਾਨ) ਨੇ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਮੀਟਿੰਗ ਕਰਕੇ 24 ਮਈ ਨੂੰ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਰਿਹਾਇਸ਼ ਅੱਗੇ ਲਾ ਮਿਸਾਲ ਸੂਬਾ ਪੱਧਰੀ ਧਰਨਾ ਲਗਾ ਕੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ। ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਕੁਲਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਗੁਰਭੇਜ ਸਿੰਘ ਢਿੱਲੋਂ, ਬਲਜੀਤ ਸਿੰਘ ਮੋਦਲਾ, ਦੇਵਿੰਦਰ ਸਿੰਘ ਪਿਸ਼ੌਰ, ਰਵੇਲ ਸਿੰਘ ਸਹਾਏਪੁਰ, ਇੰਜ ਰਣਜੀਤ ਸਿੰਘ ਢਿੱਲੋਂ, ਜਸਵੀਰ ਸਿੰਘ ਆਂਡਲੂ, ਕੌਰ ਸਿੰਘ ਸੋਹੀ, ਪਵਨਪ੍ਰੀਤ ਸਿੰਘ, ਦਲੀਪ ਕੁਮਾਰ, ਰਾਧੇ ਸ਼ਿਆਮ, ਬਾਬਾ ਅਮਰਜੀਤ ਸਿੰਘ, ਗੁਰਪਿਆਰ ਸਿੰਘ ਆਦਿ ਨੇ ਦੱਸਿਆ ਕਿ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਤੇ ਹਨ। ਆਗੂਆਂ ਨੇ ਕਿਹਾ ਕਿ ਮਿਤੀ 16 ਅਪ੍ਰੈਲ ਨੂੰ ਜੱਥੇਬੰਦੀਆਂ ਅਤੇ ਬਿਜਲੀ ਮੰਤਰੀ ਵਿਚਾਲੇ ਹੋਈ ਮੀਟਿੰਗ ਦੌਰਾਨ ਬਿਜਲੀ ਮੰਤਰੀ ਵੱਲੋਂ ਮੁਲਾਜ਼ਮਾਂ ਦੇ ਹੱਕੀ ਅਤੇ ਜਾਇਜ਼ ਮੰਗਾਂ/ ਮਸਲਿਆਂ ਦੇ ਹੱਲ ਕਰਨ ਦੀ ਬਜਾਏ ਆਕੜ ਭਰਿਆ ਵਤੀਰਾ ਅਪਣਾਇਆ । ਜਿਸ ਕਾਰਨ ਮੀਟਿੰਗ ਬੇਸਿੱਟਾ ਰਹੀ। ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੇ ਇਸ ਮੁਲਾਜ਼ਮ ਵਿਰੋਧੀ ਵਤੀਰੇ ਦੇ ਮੱਦੇਨਜ਼ਰ ਜੱਥੇਬੰਦੀਆਂ ਵੱਲੋਂ ਅੱਜ ਅਗਲੇ ਸੰਘਰਸ਼ ਦਾ ਐਲਾਨ ਕੀਤਾ ਗਿਆ । ਜਿਸ ਵਿੱਚ ਵਰਕ-ਟੂ-ਰੂਲ ਦਾ ਸੰਘਰਸ਼ 24 ਮਈ ਤੱਕ ਇਸੇ ਤਰਾਂ ਜਾਰੀ ਰਹੇਗਾ, 24 ਮਈ ਨੂੰ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਇੱਕ ਲਾ-ਮਿਸਾਲ ਸੂਬਾ ਪੱਧਰੀ ਰੋਸ ਧਰਨਾ ਲਗਾ ਕੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, 17 ਅਤੇ 18 ਜੂਨ ਨੂੰ ਬਿਜਲੀ ਕਰਮਚਾਰੀਆਂ ਵੱਲੋਂ ਦੋ ਰੋਜ਼ਾ ਮੁਕੰਮਲ ਹੜਤਾਲ ਕੀਤੀ ਜਾਵੇਗੀ ਅਤੇ ਪੈਨਸ਼ਨਰਾਂ ਵਲੋਂ ਜੇਲ੍ਹ ਭਰੋ ਅੰਦੋਲਨ ਕੀਤਾ ਜਾਵੇਗਾ।
ਆਗੂਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਦਾ ਬਿਜਲੀ ਅਦਾਰਾ ਇੱਕ ਮਹੱਤਵਪੂਰਨ ਅਦਾਰਾ ਹੈ, ਜਿਸ ਵਿੱਚ ਹਜ਼ਾਰਾਂ ਅਸਾਮੀਆਂ ਖ਼ਾਲੀ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ ਪਰੰਤੂ ਬਿਜਲੀ ਮੰਤਰੀ ਅਤੇ ਪਾਵਰ ਮੈਨੇਜਮੈਂਟ ਹੋਈਆਂ ਸਹਿਮਤੀਆਂ ਲਾਗੂ ਕਰਨ ਦੀ ਥਾਂ ਤੇ ਟਕਰਾਅ ਦੀ ਨੀਤੀ ਅਪਣਾ ਰਹੇ ਹਨ, ਜਿਸ ਨਾਲ ਇਸ ਸੰਵੇਦਨਸ਼ੀਲ ਅਦਾਰੇ ਦਾ ਸਨਅਤੀ ਮਾਹੌਲ ਖਰਾਬ ਹੋ ਰਿਹਾ ਹੈ ਕਿਉਂਕਿ ਰੈਗੂਲਰ ਅਤੇ ਕੱਚੇ ਕਾਮੇ ਸੰਘਰਸ਼ ਦੇ ਰਾਹ ਤੇ ਹਨ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਤੇ ਪੈਣਾ ਹੈ, ਇਸ ਲਈ ਆਗੂਆਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਜੱਥੇਬੰਦੀਆਂ ਚੱਲਦੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੀਆਂ, ਜਿਸ ਦੀ ਜਿੰਮੇਵਾਰੀ ਬਿਜਲੀ ਮੰਤਰੀ ਅਤੇ ਮੈਨੇਜਮੈਂਟ ਦੀ ਹੋਵੇਗੀ ।ਮੀਟਿੰਗ ਵਿੱਚ ਸੀ ਐਚ ਬੀ ਕਾਮਿਆਂ ਦੇ ਚੱਲ ਰਹੇ ਸੰਘਰਸ਼ ਦੀ ਡਟਵੀਂ ਹਮਾਇਤ ਦਾ ਵੀ ਐਲਾਨ ਕੀਤਾ ਗਿਆ ਅਤੇ ਇਹ ਵੀ ਫੈਸਲਾ ਕੀਤਾ ਗਿਆ ਕਿ 27 ਅਪ੍ਰੈਲ ਨੂੰ ਸੀ ਐਚ ਬੀ ਕਾਮਿਆਂ ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿੱਚ ਸਮੁੱਚੇ ਪੰਜਾਬ ਅੰਦਰ ਉਪ ਮੰਡਲ /ਮੰਡਲ ਪੱਧਰ ਤੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ। 1ਮਈ ਤੋਂ ਬਿਜਲੀ ਮੰਤਰੀ ,ਸੀ ਐਮ ਡੀ ਅਤੇ ਡਾਇਰੈਕਟਰ ਨੂੰ ਫੀਲਡ ਵਿੱਚ ਕਾਲੇ ਝੰਡੇ ਦਿਖਾਉਣ ਉਪਰੰਤ ਪ੍ਰਦਰਸ਼ਨ ਕੀਤੇ ਜਾਣਗੇ । ਸੰਘਰਸ਼ ਦੀ ਤਿਆਰੀ ਲਈ 2 ਮਈ ਤੋਂ 17 ਮਈ ਤਕ ਸਰਕਲਾਂ ਦੀਆਂ ਸਾਂਝੀਆਂ ਵਧਵੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ।
Click to Follow Babushahi Facebook page →