ਬਠਿੰਡਾ ਪੁਲਿਸ ਵੱਲੋਂ ਰਾਤ ਵੇਲੇ ਰਾਹਗੀਰਾਂ ਨੂੰ ਪ੍ਰੇਮ ਜਾਲ 'ਚ ਫਸਾ ਕੇ ਲੁੱਟਣ ਵਾਲਾ ਗਿਰੋਹ ਗ੍ਰਿਫ਼ਤਾਰ
ਅਸ਼ੋਕ ਵਰਮਾ
ਬਠਿੰਡਾ, 25 ਜਨਵਰੀ 2025: ਥਾਣਾ ਕੋਤਵਾਲੀ ਬਠਿੰਡਾ ਨੇ ਬਠਿੰਡਾ 'ਚ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਰਾਤ ਸਮੇਂ ਰਾਹਗੀਰਾਂ ਅਤੇ ਰੇਲਵੇ ਯਾਤਰੀਆਂ ਨੂੰ ਝੂਠੇ ਪਿਆਰ ਦੇ ਜਾਲ 'ਚ ਫਸਾ ਕੇ ਲੁੱਟਣ ਵਾਲੇ ਗਿਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਗਿਰੋਹ ਵਿਚ ਚਾਰ ਔਰਤਾਂ ਅਤੇ ਤਿੰਨ ਵਿਅਕਤੀ ਸ਼ਾਮਿਲ ਹਨ, ਜਿਨ੍ਹਾਂ ਖਿਲਾਫ ਥਾਣਾ ਕੋਤਵਾਲੀ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. (ਸਿਟੀ-1) ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਪੁਲਿਸ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬਠਿੰਡਾ
ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਅਤੇ ਸੰਤਪੁਰਾ ਰੋਡ ਵਿਖੇ ਰਾਤ ਸਮੇਂ ਕੁਝ ਔਰਤਾਂ ਅਤੇ ਮਰਦਾਂ ਦਾ ਇਕ ਗਰੋਹ ਰਾਹਗੀਰਾਂ ਅਤੇ ਰੇਲਵੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਪਿਆਰ ਦੇ ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਸੁੰਨਸਾਨ ਜਗਾ ਵਿਚ ਲਿਜਾ ਕੇ ਉਨ੍ਹਾਂ ਤੋਂ ਨਗਦੀ ਅਤੇ ਕੀਮਤੀ ਸਮਾਨ ਵਗ਼ੈਰਾ ਦੀ ਲੁੱਟ ਖੋਹ ਕਰਦਾ ਹੈ ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇਕ ਆਟੋ ਵੀ ਹੈ, ਜਿਸ ਰਾਹੀਂ ਉਹ ਨਿੱਤ ਵਾਂਗ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਥਾਣਾ ਕੋਤਵਾਲੀ ਦੇ ਮੁੱਖ ਅਧਿਕਾਰੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਮੁਕਦਮਾ ਦਰਜ ਕਰਨ ਤੋਂ ਬਾਅਦ ਇਸ ਗਿਰੋਹ ਦੀ ਤਲਾਸ਼ ਸ਼ੁਰੂ ਕੀਤੀ ਸੀ ਜਿਸ ਵਿੱਚ ਅੱਜ ਸਫਲਤਾ ਹਾਸਿਲ ਹੋਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਰਣਜੀਤ ਮੋਜੀ, ਵਿਸ਼ਾਲ ਕੁਮਾਰ, ਸਿਵਾ, ਨੀਤੂ, ਕਿਰਨਾ, ਮਨਪ੍ਰੀਤ ਕੌਰ ਤੇ ਸੁਖਦੀਪ ਕੌਰ ਵਾਸੀਆਨ ਬਠਿੰਡਾ ਵਜੋਂ ਹੋਈ ਹੈ, ਜਿਨ੍ਹਾਂ ਤੋਂ ਇਕ ਈ ਰਿਕਸ਼ਾ ਵੀ ਬਰਾਮਦ ਕੀਤਾ ਹੈ। ਥਾਣਾ ਮੁਖੀ ਨੇ ਕਿਹਾ ਕਿ ਹੋਰ ਪੁੱਛ-ਗਿੱਛ ਲਈ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।