ਬਠਿੰਡਾ ਜੇਲ੍ਹ ਵਿੱਚ ਬੰਦ ਕਿਸਾਨ ਆਗੂਆਂ ਨੂੰ ਰਿਹਾ ਕਰਵਾਉਣ ਲਈ ਧਰਨਾ ਅਤੇ ਰੋਸ ਮਾਰਚ
ਅਸ਼ੋਕ ਵਰਮਾ
ਬਠਿੰਡਾ, 12 ਜਨਵਰੀ 2026 : ਲੰਘੇ 9 ਮਹੀਨਿਆਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਕਿਸਾਨ ਆਗੂਆਂਬਲਦੇਵ ਸਿੰਘ ਅਤੇ ਸਗਨਦੀਪ ਸਿੰਘ ਨੂੰ ਰਿਹਾਅ ਕਰਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਡੀਸੀ ਦਫਤਰ ਅੱਗੇ ਮੋਰਚਾ ਸ਼ੁਰੂ ਕਰ ਦਿੱਤਾ ਹੈ। ਅੱਜ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣ ਲਈ ਵੱਡੀ ਗਿਣਤੀ ਕਿਸਾਨਾਂ ਨੇ ਸੰਕੇਤਕ ਰੋਸ ਮੁਜ਼ਾਹਰਾ ਵੀ ਕੀਤਾ ਅਤੇ ਕਿਹਾ ਕਿ ਜੇਕਰ ਕਿਸਾਨ ਆਗੂ ਰਿਹਾ ਨਾ ਕੀਤੇ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਮਹਿਲਾ ਕਿਸਾਨ ਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਰੋਕਣ ਦਾ ਨਾਅਰਾ ਲੈ ਕੇ ਰਾਜਗੱੱਦੀ ਤੇ ਆਈ ਭਗਵੰਤ ਮਾਨ ਸਰਕਾਰ ਨੇ ਆਦਰਸ ਸਕੂਲ ਚੌਕੇ ਵਿੱਚ ਕੀਤੀ ਜਾ ਰਹੀ ਚੱਕ ਥਲ ਨੂੰ ਲੈ ਕੇ ਆਵਾਜ਼ ਚੁੱਕਣ ਵਾਲੇ ਕਿਸਾਨ ਆਗੂਆਂ ਨੂੰ ਹੀ ਜੇਲ੍ਹਾਂ ਵਿੱਚ ਡੱਕ ਦਿੱਤਾ ਹੈ। ਉਹਨਾਂ ਆਖਿਆ ਕਿ ਇਹ ਕਿਸਾਨ ਆਗੂ ਇਸ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਦੇ ਸੰਘਰਸ਼ ਦੀ ਹਮਾਇਤ ਕਰ ਰਹੇ ਸਨ ਜੋ ਕਿ ਕਿਸੇ ਦਾ ਵੀ ਜਮਹੂਰੀ ਹੱਕ ਹੈ।
ਉਹਨਾਂ ਕਿਹਾ ਕਿ ਇਹਨਾਂ ਆਗੂਆਂ ਦੀਆਂ ਜਮਾਨਤਾਂ ਹੋਣ ਵਿੱਚ ਲਗਾਤਾਰ ਅੜਿੱਕਾ ਪਾਉਣ ਦੇ ਮਨਸੂਬਿਆਂ ਤਹਿਤ ਇਹ ਮਾਮਲੇ ਅਦਾਲਤ ਵਿੱਚ ਹੀ ਨਹੀਂ ਭੇਜੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਸਗਨਦੀਪ ਸਿੰਘ ਦੀ ਮਾਤਾ ਸਾਮਾਨ ਮਾਸੀ ਦੀ ਮੌਤ ਮੌਕੇ ਉਸ ਨੂੰ ਸਸਕਾਰ ਕਰਨ ਲਈ ਜੇਲ੍ਹ ਚੋਂ ਜਮਾਨਤ ਨਹੀਂ ਦਿੱਤੀ ਗਈ ਤੇ ਹੁਣ ਉਸ ਦੀ ਮਾਤਾ ਦਾ ਦੇਹਾਂਤ ਹੋਣ ਤੇ ਉਸਨੂੰ ਉਸ ਦਾ ਅੰਤਿਮ ਸਸਕਾਰ ਅਤੇ ਕਿਰਿਆ ਕਰਮ ਦੀਆਂ ਰਸਮਾਂ ਪੂਰੀਆਂ ਹੁਣ ਤੱਕ ਦੀ ਜਮਾਨਤ ਜਾਂ ਛੁੱਟੀ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਵੱਡੇ ਅਪਰਾਧੀਆਂ ਨੂੰ ਜਮਾਨਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਸਜਾਵਾਂ ਮੁਆਫ ਕੀਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ 6 ਮਹੀਨੇ ਪਹਿਲਾਂ ਪ੍ਰਸ਼ਾਸਨ (ਜਿਸ ਵਿੱਚ ਡੀਆਈਜੀ ਵੀ ਸ਼ਾਮਿਲ ਸਨ) ਨੇ ਮੀਟਿੰਗ ਦੌਰਾਨ ਹੋਏ ਸਮਝੌਤੇ ਤਹਿਤ ਸਕੂਲ ਦਾ ਮਸਲਾ ਹੱਲ ਕਰਨ ਦੇ ਵਿਸਵਾਸ਼ ਤੋਂ ਬਾਅਦ ਇਹਨਾਂ ਆਗੂਆਂ ਨੂੰ ਜੇਲ੍ਹ ਚੋਂ ਕਢਾਉਣ ਦਾ ਕੀਤਾ ਵਾਅਦਾ ਵੀ ਨਹੀਂ ਨਿਭਾਇਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਲ੍ਹ ਚ ਬੰਦ ਆਗੂਆਂ ਦੀ ਰਿਹਾਈ ਤੱਕ ਮੋਰਚਾ ਜਾਰੀ ਰਹੇਗਾ ਅਤੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਅੱਜ ਦੇ ਧਰਨੇ ਨੂੰ ਮਾਲਣ ਕੌਰ ਕੋਠਾ ਗੁਰੂ, ਕਰਮਜੀਤ ਕੌਰ ਲਹਿਰਾਖਾਨਾ, ਹਰਪ੍ਰੀਤ ਕੌਰ ਜੇਠੂਕੇ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਗੁਲਾਬ ਸਿੰਘ ਜਿਉਂਦ, ਗੁਰਪਾਲ ਸਿੰਘ ਦਿਉਣ, ਡੀਟੀਐਫ ਤੋਂ ਬਲਜਿੰਦਰ ਸਿੰਘ, ਆਦਰਸ਼ ਸਕੂਲ ਚੌਕੇ ਤੋਂ ਅਨੂੰ ਅਗਰਵਾਲ ਅਤੇ ਬਲਵਿੰਦਰ ਸਿੰਘ, ਟੀਐਸਯੂ ਦੇ ਸੂਬਾ ਮੀਤ ਪ੍ਰਧਾਨ ਚੰਦਰ ਸ਼ਰਮਾ, ਡੀਟੀਐਫ ਤੋਂ ਜਗਪਾਲ ਸਿੰਘ ਬੰਗੀ, ਪੰਜਾਬ ਸਟੇਟ ਸੁਬਾਰਡੀਨੇਟ ਫੈਡਰੇਸ਼ਨ (ਵਿਗਿਆਨਕ) ਤੋਂ ਅਮਨ ਕੁਮਾਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਲਗਾਤਾਰ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਅਤੇ ਪ੍ਰਸ਼ਾਸਨ ਨੂੰ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਕਰਨ ਦੀ ਨਸੀਹਤ ਵੀ ਦਿੱਤੀ।