ਪੰਜਾਬ ਦੇ ਰਾਜਪਾਲ ਵੱਲੋਂ ਰਾਸ਼ਟਰੀ ਏਕਤਾ ਲਈ ਲੋਕਾਂ ਨੂੰ ਮਹਾਰਾਣਾ ਪ੍ਰਤਾਪ ਦੇ ਆਦਰਸ਼ਾਂ 'ਤੇ ਚੱਲਣ ਦਾ ਸੱਦਾ
ਬਲਾਚੌਰ ਵਿਖੇ ਮਹਾਰਾਣਾ ਪ੍ਰਤਾਪ ਜਯੰਤੀ ਸਮਾਗਮ 'ਚ ਕੀਤੀ ਸ਼ਿਰਕਤ; ਸ਼ੋਭਾ ਯਾਤਰਾ ਨੂੰ ਝੰਡੀ ਦੇ ਕੇ ਕੀਤਾ ਰਵਾਨਾ ਅਤੇ ਰਾਸ਼ਟਰੀ ਨਾਇਕਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਪ੍ਰਮੋਦ ਭਾਰਤੀ
ਨਵਾਂਸ਼ਹਿਰ 09 ਮਈ , 2026
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਲੋਕਾਂ, ਖਾਸ ਕਰ ਨੌਜਵਾਨ ਪੀੜ੍ਹੀ ਨੂੰ ਰਾਸ਼ਟਰੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਮਜ਼ਬੂਤ ਕਰਨ ਲਈ ਮਹਾਰਾਣਾ ਪ੍ਰਤਾਪ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ। ਬਲਾਚੌਰ ਵਿਖੇ ਮਹਾਰਾਣਾ ਪ੍ਰਤਾਪ ਜਯੰਤੀ ਸਮਾਗਮ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਮਹਾਨ ਰਾਜਪੂਤ ਯੋਧੇ ਦਾ ਜੀਵਨ ਅਤੇ ਕੁਰਬਾਨੀ ਦੇਸ਼ ਭਰ ਵਿੱਚ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।
ਮਾਤ ਭੂਮੀ ਦੀ ਰੱਖਿਆ ਵਿੱਚ ਮਹਾਰਾਣਾ ਪ੍ਰਤਾਪ ਦੇ ਯੋਗਦਾਨ ਨੂੰ ਉਜਾਗਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਮਹਾਨ ਯੋਧੇ ਨੇ ਮੁਗਲਾਂ ਖਿਲਾਫ਼ ਬਹਾਦਰੀ ਨਾਲ ਲੜਦੇ ਹੋਏ ਆਪਣਾ ਸਮੁੱਚਾ ਜੀਵਨ ਰਾਸ਼ਟਰ ਦੇ ਸਨਮਾਨ ਅਤੇ ਅਖੰਡਤਾ ਦੀ ਰਾਖੀ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਮਹਾਰਾਣਾ ਪ੍ਰਤਾਪ ਦੀ ਕੁਰਬਾਨੀ ਅਤੇ ਬਹਾਦਰੀ ਨੂੰ ਵਿਸ਼ਵ ਇਤਿਹਾਸ ਵਿੱਚ ਬੇਮਿਸਾਲ ਦੱਸਦਿਆਂ ਕਿਹਾ ਕਿ ਅਜਿਹੇ ਨਾਇਕ ਦੇਸ਼ ਭਗਤੀ ਅਤੇ ਸਵੈ-ਮਾਣ ਦੇ ਸੱਚੇ ਪ੍ਰਤੀਕ ਹਨ।
ਰਾਜਪਾਲ ਨੇ ਪੰਜਾਬ ਦੀ ਕੁਰਬਾਨੀਆਂ ਅਤੇ ਬਹਾਦਰੀ ਦੀ ਸ਼ਾਨਦਾਰ ਵਿਰਾਸਤ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ਦੀ ਧਰਤੀ ਦੇਸ਼ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਵਿੱਚ ਹਮੇਸ਼ਾ ਮੋਹਰੀ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਗੁਰੂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦੇਸ਼ ਅਤੇ ਮਨੁੱਖਤਾ ਲਈ ਦਿੱਤੀ ਗਈ ਸਰਬਉੱਚ ਕੁਰਬਾਨੀ ਸਦੀਵੀ ਪ੍ਰੇਰਨਾ ਬਣੀ ਰਹੇਗੀ।
ਭਾਰਤ ਨੂੰ ਅਣਗਿਣਤ ਨਾਇਕਾਂ ਅਤੇ ਸ਼ਹੀਦਾਂ ਦੀ ਧਰਤੀ ਦੱਸਦਿਆਂ ਸ਼੍ਰੀ ਕਟਾਰੀਆ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਜੀਵਨ ਅਤੇ ਫਲਸਫੇ ਤੋਂ ਜਾਣੂ ਕਰਵਾਉਣਾ ਸਮਾਜ ਦੀ ਨੈਤਿਕ ਜ਼ਿੰਮੇਵਾਰੀ ਹੈ । ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਮਹਾਨ ਇਤਿਹਾਸਕ ਸ਼ਖਸੀਅਤਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਆਦਰਸ਼ ਅਪਣਾਉਣ ਲਈ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਸ ਤੋਂ ਪਹਿਲਾਂ ਰਾਜਪਾਲ ਨੇ ਹੋਰ ਪਤਵੰਤਿਆਂ ਦੇ ਨਾਲ ਸ਼ਮਾ ਰੌਸ਼ਨ ਕਰਕੇ ਸਮਾਗਮ ਦਾ ਉਦਘਾਟਨ ਕੀਤਾ। ਉਨ੍ਹਾਂ ਰਾਜਪੂਤ ਸਭਾ ਬਲਾਚੌਰ ਵੱਲੋਂ ਸ਼ਾਨਦਾਰ ਸ਼ੋਭਾ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਲੰਘੀ।
ਰਾਜਪਾਲ ਦਾ ਸਮਾਗਮ ਵਿੱਚ ਪਹੁੰਚਣ 'ਤੇ ਐਮ.ਪੀ. ਸਤਨਾਮ ਸਿੰਘ ਸੰਧੂ, ਵਿਧਾਇਕ ਸੰਤੋਸ਼ ਕਟਾਰੀਆ, ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਜਸਵੀਰ ਸਿੰਘ ਗੜ੍ਹੀ, ਡੀ.ਆਈ.ਜੀ. ਸਤਿੰਦਰ ਸਿੰਘ, ਐਸ.ਐਸ.ਪੀ. ਤੁਸ਼ਾਰ ਗੁਪਤਾ, ਐਸ.ਡੀ.ਐਮ. ਬਲਾਚੌਰ ਸੁਨੀਲ ਫੋਗਾਟ ਅਤੇ ਰਾਜਪੂਤ ਸਭਾ ਬਲਾਚੌਰ ਦੇ ਪ੍ਰਧਾਨ ਭੁਪਿੰਦਰ ਰਾਣਾ ਅਤੇ ਹੋਰ ਨੁਮਾਇੰਦਿਆਂ ਵੱਲੋਂ ਸਵਾਗਤ ਕੀਤਾ ਗਿਆ। ਸਭਾ ਵੱਲੋਂ ਸਮਾਗਮ ਦੇ ਅਖੀਰ ਵਿੱਚ ਵੀ ਰਾਜਪਾਲ ਨੂੰ ਸਨਮਾਨਿਤ ਕੀਤਾ ਗਿਆ।
- Download Babushahi App
-
-