ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਤੇਰਾ ਸਿੰਘ ਚੰਨ ਯਾਦਗਾਰੀ ਸਾਹਿਤਕ ਮੇਲਾ 9 ਨਵੰਬਰ ਨੂੰ
ਗੁਰਪ੍ਰੀਤ ਘੁੱਗੀ ਹੋਣਗੇ ਮੁੱਖ ਮਹਿਮਾਨ, ਨਾਮੀ ਸਾਹਿਤਕਾਰ ਵੀ ਕਰਨਗੇ ਸ਼ਿਰਕਤ
ਚੰਡੀਗੜ੍ਹ, 6 November 2025 : ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ 9 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਸਭਾ ਦੇ ਬਾਨੀ ਤੇਰਾ ਸਿੰਘ ਚੰਨ ਦੀ ਯਾਦ ਨੂੰ ਸਮਰਪਿਤ ਸਾਹਿਤਕ ਮੇਲਾ ਲਗਾਇਆ ਜਾ ਰਿਹਾ ਹੈ। ਇਸ ਮੇਲੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਂਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਦੱਸਿਆ ਕਿ ਪੰਜਾਬ ਚਿੰਤਕ ਅਤੇ ਪ੍ਰਸਿੱਧ ਫ਼ਿਲਮ ਅਦਾਕਾਰ ਗੁਰਪ੍ਰੀਤ ਘੁੱਗੀ ਇਸ ਮੌਕੇ ਮੁੱਖ ਮਹਿਮਾਨ ਹੋਣਗੇ | ਉੱਘੇ ਸਾਹਿਤਕਾਰ ਅਤੇ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਮੁੱਖ ਬੁਲਾਰੇ ਹੋਣਗੇ |
ਵਿਸ਼ੇਸ਼ ਮਹਿਮਾਨ ਪ੍ਰਸਿੱਧ ਗ਼ਜ਼ਲ ਗਾਇਕ ਸੁਰਜੀਤ ਸਿੰਘ ਧੀਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਣਗੇ ਜਿੰਨ੍ਹਾ ਵੱਲੋਂ ਤੇਰਾ ਸਿੰਘ ਚੰਨ ਦੀ ਸਾਹਿਤਕ ਅਤੇ ਜਥੇਬੰਦਕ ਦੇਣ ਬਾਰੇ ਗੱਲ ਕੀਤੀ ਜਾਵੇਗੀ । ਇਸ ਮੌਕੇ ਲੇਖਕ ਸਭਾ ਦੀਆਂ ਸਰਗਰਮੀਆਂ ਨੂੰ ਦਰਸਾਉਂਦਾ ਕਿਤਾਬਚਾ ਵੀ ਲੋਕ ਅਰਪਣ ਕੀਤਾ ਜਾਵੇਗਾ.
ਇਸ ਦੇ ਨਾਲ ਹੀ ਸਾਹਿਤਕ ਮੇਲੇ ਦੌਰਾਨ ਜਿੱਥੇ ਤੇਰਾ ਸਿੰਘ ਚੰਨ ਯਾਦਗਾਰੀ ਸਨਮਾਨ ਭੇਂਟ ਕੀਤਾ ਜਾਵੇਗਾ ਉੱਥੇ ਹੀ ਦੋ ਵਿਸ਼ੇਸ਼ ਸਰੋਤਾ ਸਨਮਾਨ ਵੀ ਦਿੱਤੇ ਜਾਣਗੇ। ਮੇਲੇ ਵਿੱਚ ਪ੍ਰਸਿੱਧ ਲੋਕ ਗਾਇਕਾ ਡੌਲੀ ਸਿੰਘ ਗੀਤਾਂ ਦੀ ਮਹਿਫ਼ਿਲ ਸਜਾਉਣਗੇ। ਇਸ ਮੌਕੇ ਪੰਜਾਬੀ ਸਾਹਿਤ, ਕਲਾ ਅਤੇ ਸੱਭਿਆਚਾਰ ਨਾਲ ਸਬੰਧਤ ਪ੍ਰਦਰਸ਼ਨੀਆਂ ਵੀ ਲਗਾਈਆਂ ਜਾ ਰਹੀਆਂ ਹਨ। ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਮੇਲੇ ਵਿਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।