ਵਿਦਿਆਰਥੀਆਂ ਦੀ ਸੁਰੱਖਿਆ ਲਈ ਬਲਾਕ ਪੱਧਰੀ ਓਰੀਐਂਟੇਸ਼ਨ
ਪ੍ਰਾਈਮਰੀ ਸਕੂਲ ਅਧਿਆਪਕਾਂ ਨੇ ਲਈ ਵਿਸ਼ੇਸ਼ ਟ੍ਰੇਨਿੰਗ
ਰੋਹਿਤ ਗੁਪਤਾ
ਗੁਰਦਾਸਪੁਰ, 10 ਮਾਰਚ:
ਸਮੱਗਰ ਸਿੱਖਿਆ ਅਭਿਆਨ ਦੇ ਤਹਿਤ ਐਸ.ਐਮ. ਕਾਲਜ ਗੁਰਦਾਸਪੁਰ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਵਧਾਉਣ ਦੇ ਮਕਸਦ ਨਾਲ ਪ੍ਰਾਈਮਰੀ ਸਕੂਲਾਂ ਦੇ ਅਧਿਆਪਕਾਂ ਲਈ ਬਲਾਕ ਪੱਧਰੀ ਇੱਕ ਰੋਜਾ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਵੱਖ-ਵੱਖ ਬਲਾਕਾਂ ਤੋਂ ਪਹੁੰਚੇ ਪ੍ਰਾਈਮਰੀ ਅਤੇ ਮਿਡਲ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲੈਂਦਿਆਂ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਸੰਬੰਧਿਤ ਮਹੱਤਵਪੂਰਨ ਮਸਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ।
ਇਹ ਪ੍ਰੋਗਰਾਮ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਰਮਜੀਤ ਕੌਰ ਦੀ ਦੇਖ-ਰੇਖ ਅਤੇ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਕਰਵਾਇਆ ਗਿਆ। ਮਾਸਟਰ ਟ੍ਰੇਨਰ ਮੁਕੇਸ਼ ਵਰਮਾ ਅਤੇ ਹਰੀਸ਼ ਬਾਵਾ ਵੱਲੋਂ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ।
ਇਸ ਮੌਕੇ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਵਰਿੰਦਰ ਸਿੰਘ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਹਰ ਅਧਿਆਪਕ ਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਬੱਚਿਆਂ ਪ੍ਰਤੀ ਸੰਵੇਦਨਸ਼ੀਲ ਅਤੇ ਜਾਗਰੂਕ ਦ੍ਰਿਸ਼ਟੀਕੋਣ ਅਪਣਾਉਣ ’ਤੇ ਜ਼ੋਰ ਦਿੱਤਾ।
ਪ੍ਰੋਗਰਾਮ ਦੌਰਾਨ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਸੈਣੀ, ਸਹਾਇਕ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਅਤੇ ਮਾਸਟਰ ਟ੍ਰੇਨਰ ਮੁਕੇਸ਼ ਵਰਮਾ ਅਤੇ ਰਿਸੋਰਸ ਪਰਸਨ ਹਰਿਸ਼ ਕੁਮਾਰ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਜੁੜੇ ਵੱਖ-ਵੱਖ ਕਾਨੂੰਨਾਂ, ਦਿਸ਼ਾ-ਨਿਰਦੇਸ਼ਾਂ ਅਤੇ ਵਿਹਾਰਿਕ ਪੱਖਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਮਾਸਟਰ ਟ੍ਰੇਨਰ ਮੁਕੇਸ਼ ਵਰਮਾ ਨੇ ਟ੍ਰੇਨਿੰਗ ਦੌਰਾਨ ਪਾਕਸੋ ਐਕਟ 2012, ਜੂਵੈਨਾਈਲ ਜਸਟਿਸ ਐਕਟ 2015, ਚਾਇਲਡ ਲੇਬਰ ਐਕਟ 1986, ਸੀਪੀਸੀਆਰ ਐਕਟ 2005, ਆਰਟੀਈ ਐਕਟ 2009, ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼, ਐਨਡੀਐਮਏ ਗਾਈਡਲਾਈਨਜ਼ 2021, ਡਿਜ਼ਾਸਟਰ ਮੈਨੇਜਮੈਂਟ, ਸਾਈਬਰ ਸੁਰੱਖਿਆ ਅਤੇ ਰੋਡ ਸੇਫਟੀ ਵਰਗੇ ਮਹੱਤਵਪੂਰਨ ਵਿਸ਼ਿਆਂ ਬਾਰੇ ਅਧਿਆਪਕਾਂ ਨੂੰ ਜਾਗਰੂਕ ਕੀਤਾ ਅਤੇ ਸਕੂਲਾਂ ਵਿੱਚ ਇਨ੍ਹਾਂ ਨਿਯਮਾਂ ਦੀ ਪ੍ਰਭਾਵਸ਼ਾਲੀ ਪਾਲਣਾ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।
ਜ਼ਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਸੈਣੀ ਨੇ ਕਿਹਾ ਕਿ ਸਕੂਲਾਂ ਵਿੱਚ ਸੁਰੱਖਿਆ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਵਿਦਿਆਰਥੀਆਂ ਦੇ ਸਰਬ ਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ ਵਿੱਚ ਸੁਰੱਖਿਅਤ, ਸਕਾਰਾਤਮਕ ਅਤੇ ਭਰੋਸੇਯੋਗ ਮਾਹੌਲ ਤਿਆਰ ਕਰਨ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣ, ਤਾਂ ਜੋ ਬੱਚੇ ਬਿਨਾ ਡਰ ਦੇ ਸਿੱਖਣ ਅਤੇ ਅੱਗੇ ਵਧਣ ਦੇ ਮੌਕੇ ਪ੍ਰਾਪਤ ਕਰ ਸਕਣ।
ਇਸ ਮੌਕੇ ਰਿਸੋਰਸ ਪਰਸਨ ਹਰਿਸ਼ ਕੁਮਾਰ ਨੇ ਕੈਰੀਅਰ ਐਡਵਾਈਜ਼ਰ ਐਪ ਰਾਹੀਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਅਤੇ ਯੋਗਤਾ ਅਨੁਸਾਰ ਸਹੀ ਮਾਰਗਦਰਸ਼ਨ ਦੇਣ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ।
ਪ੍ਰੋਗਰਾਮ ਦੇ ਸਮਾਪਨ ਮੌਕੇ ਡਾ. ਬਰਿੰਦਰ ਸਿੰਘ ਨੂੰ ਦੁਸ਼ਾਲਾ ਅਤੇ ਪੌਧਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਆਰ.ਕੇ. ਤੁਲੀ, ਪ੍ਰੋ. ਪ੍ਰਮੋਦ ਗਰੋਵਰ, ਸੋਨੂ ਮੰਗੋਤਰਾ, ਸੁਸ਼ਮਾ ਅਤਰੀ ਸਮੇਤ ਵੱਖ-ਵੱਖ ਬਲਾਕਾਂ ਤੋਂ ਪਹੁੰਚੇ ਸਿੱਖਿਆ ਵਿਦ ਵੀ ਹਾਜ਼ਰ ਸਨ।
Click to Follow Babushahi Facebook page →