ਨਿਊਜ਼ੀਲੈਂਡ ਪੁਲਿਸ-ਇਕ ਸਿੱਖ ਚਿਹਰਾ ਹੋਰ ਜਗਦੀਪ ਸਿੰਘ ਸੰਧੂ ਅੱਜ ਪਾਸਿੰਗ ਪ੍ਰੇਡ ਉਪਰੰਤ ਬਣਿਆ ਪੁਲਿਸ ਅਫ਼ਸਰ
-ਕਾਊਂਟੀਜ਼ ਮੈਨੁਕਾਓ ਵਿਖੇ ਹੋਵੇਗੀ ਪੋਸਟਿੰਗ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 07 ਫਰਵਰੀ 2025:-ਵਲਿੰਗਟਨ ਸਥਿਤ ਨਿਊਜ਼ੀਲੈਂਡ ਪੁਲਿਸ ਦੇ ਟ੍ਰੇਨਿੰਗ ਸੈਂਟਰ ਵਿਖੇ ਟ੍ਰੇਨਿੰਗ ਪ੍ਰਾਪਤ ਕਰਕੇ ਅੱਜ ਨਿਊਜ਼ੀਲੈਂਡ ਪੁਲਿਸ ਦੇ ਵਿਚ ਇਕ ਹੋਰ ਸਿੱਖ ਪੁਲਿਸ ਅਫਸਰ ਸ. ਜਗਦੀਪ ਸਿੰਘ ਸੰਧੂ ਦਾ ਨਾਂਅ ਸ਼ਾਮਿਲ ਹੋ ਗਿਆ। ਇਹ ਨੌਜਵਾਨ ਆਪਣਾ ਦਾਹੜਾ ਪ੍ਰਕਾਸ਼ ਕਰਕੇ ਰੱਖਦਾ ਹੈ। ਭਰਤੀ ਵਿੰਗ ਨੰਬਰ 381 ਦੀ ਅੱਜ ਪਾਸਿੰਗ ਪ੍ਰੇਡ ਹੋਈ ਜਿਸ ਦੇ ਵਿਚ ਪੁਲਿਸ ਦੇ ਆਹਲਾ ਪੁਲਿਸ ਅਫਸਰਾਂ ਨੇ ਸ਼ਿਰਕਤ ਕੀਤੀ। ਇਸ ਵਿੰਗ ਦੇ ਵਿਚ ਸ. ਜਗਦੀਪ ਸਿੰਘ ਸੰਧੂ ਤੋਂ ਇਲਾਵਾ ਇਕ ਹੋਰ ਭਾਰਤੀ ਨੌਜਵਾਨ ਜੈਕਬ ਬ੍ਰਾਊਨ ਚੱਕਰਮੱਕਿਲ ਹੈ। ਸ. ਜਗਦੀਪ ਸਿੰਘ ਸੰਧੂ ਦੀ ਪੋਸਟਿੰਗ ਕਾਊਂਟੀਜ਼ ਮੈਨੁਕਾਓ ਵਿਖੇ ਹੋ ਰਹੀ ਹੈ ਜਦ ਕਿ ਸ੍ਰੀ ਜੈਕਬ ਦੀ ਪੋਸਟਿੰਗ ਜੋ ਕਿ ਮੁੰਬਈ ਤੋਂ ਹਨ ਦੀ ਪੋਸਟਿੰਗ ਤਾਸਮਨ ਜ਼ਿਲ੍ਹੇ ਦੇ ਵਿਚ ਹੋ ਰਹੀ ਹੈ। ਇਸ ਪ੍ਰੇਡ ਦੇ ਵਿਚ ਕੁੱਲ 73 ਪੁਲਿਸ ਅਫਸਰਾਂ ਨੇ ਗ੍ਰੈਜੂਏਸ਼ਨ ਪ੍ਰਣਾਲੀ ਨੂੰ ਪੂਰਾ ਕੀਤਾ। ਇਹ ਅਫਸਰ 17 ਫਰਵਰੀ ਤੋਂ ਆਪਣੀ ਡਿਊਟੀ ਸੰਭਾਲ ਲੈਣਗੇ। ਕਾਊਂਟੀਜ਼ ਮੈਨੁਕਾਓ ਵਿਖੇ 13 ਪੁਲਿਸ ਅਫਸਰ ਸ਼ਾਮਿਲ ਹੋਣਗੇ ਅਤੇ ਬਾਕੀ ਦੇ ਵੱਖ-ਵੱਖ ਥਾਵਾਂ ਉਤੇ ਜਾ ਰਹੇ ਹਨ। ਇਸ ਵੇਲੇ ਨਿਊਜ਼ੀਲੈਂਡ ਪੁਲਿਸ ਦੇ ਵਿਚ 23.3% ਮਹਿਲਾਵਾਂ ਅਤੇ 76.7% ਪੁਰਸ਼ ਹਨ। ਯੂਰਪੀਅਨ ਮੂਲ ਦੇ 58.9%, ਮਾਓਰੀ ਮੂਲ ਦੇ 16.4%, ਪੈਸਿਫਿਕ 8.2%, ਏਸ਼ੀਅਨ 11% ਅਤੇ ਬਾਕੀ ਹੋਰ ਹਨ।
ਅੱਜ ਦੇ ਸਮਾਰੋਹ ਵਿਚ ਸਮਾਰੋਹ ਵਿੱਚ ਕਮਿਸ਼ਨਰ ਰਿਚਰਡ ਚੈਂਬਰਜ਼ ਅਤੇ ਪੁਲਿਸ ਕਾਰਜਕਾਰੀ ਦੇ ਮੈਂਬਰ, ਮਾਨਯੋਗ ਮਾਰਕ ਮਿਸ਼ੇਲ, ਪੁਲਿਸ ਮੰਤਰੀ, ਮਾਨਯੋਗ ਕੇਸੀ ਕੋਸਟੇਲੋ, ਐਸੋਸੀਏਟ ਮੰਤਰੀ ਫਾਰ ਪੁਲਿਸ ਦੇ ਨਾਲ-ਨਾਲ ਵਿੰਗ ਪੈਟਰਨ, ਗਲੇਨ ਡਨਬੀਅਰ ਸ਼ਾਮਲ ਹੋਏ। ਵਰਨਣਯੋਗ ਹੈ ਕਿ ਸ. ਜਗਦੀਪ ਸਿੰਘ ਸੰਧੂ ਪਿੰਡ ਭੰਬੋਈ ਜ਼ਿਲਾ ਗੁਰਦਾਸਪੁਰ ਹੈ। ਪਿਤਾ ਦਾ ਨਾਂਅ ਪਲਵਿੰਦਰ ਸਿੰਘ ਸੰਧੂ ਅਤੇ ਮਾਤਾ ਦਾ ਨਾਂਅ ਰਾਜਵੰਤ ਕੌਰ ਸੰਧੂ ਹੈ।
ਸੋ ਭਾਰਤੀ ਵਾਸੀਆਂ ਨੂੰ ਖੁਸ਼ੀ ਹੋਏਗੀ ਕਿ ਨਿਊਜ਼ੀਲੈਂਡ ਪੁਲਿਸ ਦੇ ਵਿਚ ਦੋ ਹੋਰ ਭਾਰਤੀ ਪੁਲਿਸ ਅਫਸਰਾਂ ਦਾ ਵਾਧਾ ਹੋ ਗਿਆ ਹੈ।