ਤਰਨ ਤਾਰਨ: ਪਿੰਡ ਭੱਗੂਪੁਰ ਵਿੱਚ ਨਿਰਮਾਣ ਅਧੀਨ ਲੈਂਟਰ ਡਿੱਗਿਆ: 3 ਮਜ਼ਦੂਰ ਜ਼ਖਮੀ
ਬਲਜੀਤ ਸਿੰਘ
ਤਰਨ ਤਾਰਨ, 19 ਜਨਵਰੀ 2026 : ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਭੱਗੂਪੁਰ ਵਿੱਚ ਅੱਜ ਇੱਕ ਨਿਰਮਾਣ ਅਧੀਨ ਘਰ ਦੀ ਛੱਤ (ਲੈਂਟਰ) ਡਿੱਗਣ ਕਾਰਨ ਇੱਕ ਮੰਦਭਾਗੀ ਘਟਨਾ ਵਾਪਰੀ। ਇਸ ਹਾਦਸੇ ਵਿੱਚ ਤਿੰਨ ਮਜ਼ਦੂਰ ਮਲਬੇ ਹੇਠਾਂ ਦਬ ਗਏ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਪਿੰਡ ਦੇ ਰਹਿਣ ਵਾਲੇ ਦਿਲਬਾਗ ਸਿੰਘ ਦੇ ਘਰ ਵਿੱਚ ਲੈਂਟਰ ਪਾਉਣ ਦਾ ਕੰਮ ਚੱਲ ਰਿਹਾ ਸੀ। ਲੈਂਟਰ ਪਾਉਂਦੇ ਸਮੇਂ ਅਚਾਨਕ ਥੱਲਿਓਂ ਗਾਡਰ ਖਿਸਕ ਗਿਆ, ਜਿਸ ਕਾਰਨ ਲੈਂਟਰ ਦਾ ਸੰਤੁਲਨ ਵਿਗੜ ਗਿਆ ਅਤੇ ਸਾਰੀ ਛੱਤ ਹੇਠਾਂ ਆ ਡਿੱਗੀ।
ਲੈਂਟਰ ਹੇਠਾਂ ਦਬੇ ਤਿੰਨ ਮਜ਼ਦੂਰਾਂ ਨੂੰ ਪਿੰਡ ਵਾਸੀਆਂ ਨੇ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ। ਖੁਸ਼ਕਿਸਮਤੀ ਨਾਲ ਮਜ਼ਦੂਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਘਰ ਦੇ ਮਾਲਕ ਦਿਲਬਾਗ ਸਿੰਘ, ਜੋ ਕਿ ਸਰੀਰਕ ਤੌਰ 'ਤੇ ਅਪਾਹਜ (ਲੱਤਾਂ ਤੋਂ ਲਾਚਾਰ) ਹਨ, 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਪਹਿਲਾਂ ਵੀ ਹੋਇਆ ਨੁਕਸਾਨ: ਪਿਛਲੀਆਂ ਬਾਰਿਸ਼ਾਂ ਦੌਰਾਨ ਦਿਲਬਾਗ ਸਿੰਘ ਦੇ ਘਰ ਦੀ ਛੱਤ ਡਿੱਗ ਪਈ ਸੀ। ਉਨ੍ਹਾਂ ਨੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਫੜ ਕੇ ਅਤੇ ਲੋਕਾਂ ਦੀ ਮਦਦ ਨਾਲ ਬੜੀ ਮੁਸ਼ਕਿਲ ਨਾਲ ਦੁਬਾਰਾ ਮਕਾਨ ਬਣਾਉਣਾ ਸ਼ੁਰੂ ਕੀਤਾ ਸੀ।
ਅੱਜ ਜਦੋਂ ਛੱਤ ਪੈ ਰਹੀ ਸੀ, ਤਾਂ ਦੁਬਾਰਾ ਹਾਦਸਾ ਹੋਣ ਕਾਰਨ ਉਨ੍ਹਾਂ ਦਾ ਸਾਰਾ ਮਾਲੀ ਨੁਕਸਾਨ ਹੋ ਗਿਆ ਹੈ।
ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਲਈ ਸਿਰ ਢੱਕਣ ਵਾਸਤੇ ਛੱਤ ਬਣਾ ਸਕਣ।