ਝੋਨੇ ਦੀ ਖ਼ਰੀਦ ਮੰਗਲਵਾਰ ਤੋਂ : ਡਿਪਟੀ ਕਮਿਸ਼ਨਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 15 ਸਤੰਬਰ,2025
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿੱਚ ਝੋਨੇ ਦੀ ਖਰੀਦ ਮੰਗਲਵਾਰ ਤੋਂ ਸ਼ੁਰੂ ਹੋਵੇਗੀ ਜਿਸ ਲਈ ਕੁੱਲ 30 ਮੰਡੀਆਂ ਸਥਾਪਤ ਕੀਤੀਆਂ ਗਈਆਂ ਹਨ ਤਾਂ ਕਿ ਕਿਸਾਨ ਆਪਣੀ ਫਸਲ ਸੁਖਾਲੇ ਢੰਗ ਨਾਲ ਵੇਚ ਸਕਣ ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿੱਚ ਪਨਗਰੇਨ, ਪਨਸਪ, ਮਾਰਕਫੈਡ, ਵੇਅਰਹਾਊਸ ਅਤੇ ਐਫ.ਸੀ.ਆਈ ਵੱਲੋਂ ਕਿਸਾਨਾਂ ਦੀ ਫਸਲ ਖਰੀਦੀ ਜਾਵੇਗੀ ਜਿਸ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਪੱਖੋਂ ਪੁਖਤਾ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ 3.88 ਲੱਖ ਮੀਟਰਿਕ ਟਨ ਝੋਨੇ ਦੀ ਆਮਦ ਹੋਣ ਦੀ ਸੰਭਾਵਨਾ ਹੈ ਅਤੇ ਹਰੇਕ ਮੰਡੀ ਵਿੱਚ ਕਿਸਾਨਾਂ, ਮਜਦੂਰਾਂ ਅਤੇ ਆੜਤੀਆਂ ਦੀ ਲੌੜ ਅਨੁਸਾਰ ਬੰਦੋਬਸਤ ਅਮਲ ਵਿੱਚ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਖਰੀਫ ਸੀਜ਼ਨ 2025-26 ਦੇ ਮੱਦੇਨਜਰ ਖਰੀਦ ਏਜੰਸੀਆਂ ਨੂੰ ਵੀ ਲੋੜੀਂਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਕਿਸਾਨਾਂ ਨੂੰ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣਾ ਯਕੀਨੀ ਬਣਾਉਣ ਤਾਂ ਕਿ ਨਿਰਧਾਰਤ ਸਮੇਂ ਵਿੱਚ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ 30 ਪੱਕੀਆਂ ਅਤੇ 10 ਆਰਜੀ ਮੰਡੀਆਂ ਸਥਾਪਤ ਕੀਤੀਆਂ ਗਈਆਂ ਹਨ ਜਿੱਥੇ ਲੋੜੀਂਦੀ ਗਿਣਤੀ ਵਿੱਚ ਬਾਰਦਾਨਾ ਵੀ ਉਪਲਬੱਧ ਕਰਵਾਇਆ ਜਾ ਚੁੱਕਾ ਹੈ । ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦੇ ਦਰਮਿਆਨ ਹੀ ਕੰਬਾਇਨਾਂ ਚਲਵਾਉਣ ਅਤੇ ਕੰਬਾਇੰਨ ’ਤੇ ਸੁਪਰ ਐਸ.ਐਮ.ਐਸ. ਜਰੂਰ ਲੱਗਾ ਹੋਵੇ । ਉਨ੍ਹਾ ਕਿਹਾ ਕਿ ਮੰਡੀਆਂ ਵਿੱਚ 17 ਨਮੀ ਵਾਲੇ ਝੋਨੇ ਨੂੰ ਹੀ ਲਿਆਉਣ ਨੂੰ ਤਰਜੀਹ ਦਿੱਤੀ ਜਾਵੇ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਫ ਸੀਜ਼ਨ ਦੇ ਮੱਦੇਨਜਰ ਨਵਾਂਸ਼ਹਿਰ, ਰਾਹੋਂ, ਬੰਗਾ, ਬਹਿਰਾਮ, ਕਟਾਰਿਆਂ, ਜਾਡਲਾ, ਸੂੰਢ ਮਕਸੂਦਪੁਰ, ਫਾਂਬੜਾ, ਬਕਾਪੁਰ, ਬਲਾਚੌਰ, ਸਾਹਿਬਾ, ਮਕੰਦਪੁਰ, ਹਕੀਮਪੁਰ, ਪਠਲਾਵਾ, ਗਰਚਾ, ਦੁਪਾਲਪੁਰ, ਨਾਨੋਵਾਲ ਬੇਟ, ਜੱਬੋਵਾਲ, ਬਜੀਦਪੁਰ, ਕਾਠਗੜ੍ਹ, ਟੋਂਸਾ, ਮਹਿਲ ਗਹਿਲਾਂ, ਉੱਚਾ ਲਧਾੜਾਂ, ਮੋਹਰਾਂ, ਬਹਿਲੂਰ ਕਲਾਂ, ਧੈਂਗੜਪੁਰ, ਮਝੂੜ, ਮੀਰਪੁਰ ਜੱਟਾਂ, ਕਰਾਵਰ ਅਤੇ ਸੜੋਆ ਵਿਖੇ ਝੋਨੇ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੰਬਾਇੰਨ ਮਾਲਕਾਂ ਨਾਲ ਮੀਟਿੰਗ ਕਰਕੇ ਪਹਿਲਾਂ ਹੀ ਨਿਰਧਾਰਤ ਸਮੇਂ ਬਾਰੇ ਜਾਣੂ ਕਰਵਾਇਆ ਜਾ ਚੁੱਕਾ ਹੈ ਅਤੇ ਇਸ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।