ਜਸਵਿੰਦਰ ਭੱਲਾ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ
- ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸ਼ੋਕ ਸੰਦੇਸ਼ ਪੜ੍ਹ ਕੇ ਸਾਂਝਾ ਕੀਤਾ
- ਸਿਆਸੀ, ਸਮਾਜਿਕ, ਅਕਾਦਮਿਕ, ਸੱਭਿਆਚਾਰਕ ਤੇ ਫਿਲਮ ਜਗਤ ਦੀਆਂ ਸ਼ਖ਼ਸੀਅਤਾਂ ਨੇ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ
ਚੰਡੀਗੜ੍ਹ, 30 ਅਗਸਤ 2025 - ਉੱਘੇ ਕਾਮੇਡੀਅਨ ਅਤੇ ਫ਼ਿਲਮ ਕਲਾਕਾਰ ਜਸਵਿੰਦਰ ਭੱਲਾ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿੱਤ ਭੋਗ ਤੇ ਅੰਤਿਮ ਅਰਦਾਸ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਤੇਗ਼ ਬਹਾਦਰ ਸਾਹਿਬ ਸੈਕਟਰ 34 ਵਿਖੇ ਹੋਈ। ਇਸ ਮੌਕੇ ਸਿਆਸੀ, ਸਮਾਜਿਕ, ਅਕਾਦਮਿਕ, ਸੱਭਿਆਚਾਰਕ ਤੇ ਫਿਲਮ ਜਗਤ ਸਮੇਤ ਵੱਖ-ਵੱਖ ਖੇਤਰਾਂ ਤੋਂ ਪੁੱਜੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਜੋਗਿੰਦਰ ਸਿੰਘ ਰਿਆੜ ਦੇ ਜੱਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।

ਸ਼ਰਧਾਂਜਲੀ ਸਮਾਗਮ ਦੀ ਕਾਰਵਾਈ ਚਲਾਉਂਦਿਆਂ ਬਾਲ ਮੁਕੰਦ ਸ਼ਰਮਾ ਨੇ ਪਿਛਲੇ ਚਾਰ ਦਹਾਕਿਆਂ ਤੋਂ ਜਸਵਿੰਦਰ ਭੱਲਾ ਨਾਲ ਬਿਤਾਏ ਪਲਾਂ ਅਤੇ ਉਹਨਾਂ ਦੇ ਕਲਾ ਜੀਵਨ ਉੱਤੇ ਝਾਤੀ ਮਾਰਦਿਆਂ ਆਪਣੇ ਵਿਛੜੇ ਸਾਥੀ ਨੂੰ ਯਾਦ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੇਜਿਆ ਸੰਦੇਸ਼ ਪੱਤਰ ਪੜ੍ਹਿਆ। ਪੰਜਾਬ ਸਰਕਾਰ ਵੱਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸ਼ੋਕ ਸੰਦੇਸ਼ ਪੜ੍ਹ ਕੇ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਦੇ ਤੁਰ ਜਾਣ ਨਾਲ ਨਾ ਸਿਰਫ ਪੰਜਾਬੀ ਫ਼ਿਲਮਾਂ, ਕਲਾ, ਸਾਹਿਤ ਤੇ ਸੱਭਿਆਚਾਰ ਨੂੰ ਘਾਟਾ ਪਿਆ ਸਗੋਂ ਖੇਤੀਬਾੜੀ ਵਿਗਿਆਨ ਖੇਤਰ ਨੂੰ ਵੀ ਵੱਡਾ ਘਾਟਾ ਪਿਆ।

ਉੱਘੇ ਕਵੀ ਤੇ ਸਾਹਿਤਕਾਰ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਸ਼ਰਧਾਂਜਲੀ ਭੇਂਟ ਕਰਦਿਆਂ 49 ਵਰ੍ਹਿਆਂ ਦੀ ਨਿੱਜੀ ਸਾਂਝ ਦਾ ਜ਼ਿਕਰ ਕੀਤਾ। ਫਿਲਮ ਕਲਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਆਪਣੇ ਖੇਤਰ ਦੇ ਸੀਨੀਅਰ ਕਲਾਕਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਬਿਜਨਿਸ ਸਕੂਲ ਡਾ ਰਮਨਦੀਪ ਸਿੰਘ ਨੇ ਯੂਨੀਵਰਸਿਟੀ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਜਸਵਿੰਦਰ ਭੱਲਾ ਦੇ ਸਾਥੀ ਰਹੇ ਮਨਮੋਹਨ ਗਰੇਵਾਲ ਨੇ ਸਾਲਟ ਲੇਕ ਸਿਟੀ ਦੇ ਗਵਰਨਰ ਦਾ ਭੇਜਿਆ ਸ਼ੋਕ ਸੰਦੇਸ਼ ਪੜ੍ਹਿਆ। ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਸ਼ੋਕ ਸੰਦੇਸ਼ ਪੜ੍ਹਿਆ।

ਪਰਿਵਾਰ ਵੱਲੋਂ ਜਸਵਿੰਦਰ ਭੱਲਾ ਦੇ ਬੇਟੇ ਪੁਖਰਾਜ ਭੱਲਾ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ ਵਿੱਚੋਂ ਸਮੁੱਚੀ ਲੋਕਾਈ ਵੱਲੋਂ ਜੋ ਪਿਆਰ ਤੇ ਸਤਿਕਾਰ ਮਿਲਿਆ, ਉਸ ਲਈ ਪਰਿਵਾਰ ਸਦਾ ਰਿਣੀ ਰਹੇਗਾ। ਜਸਵਿੰਦਰ ਭੱਲਾ ਦੀ ਬੇਟੀ ਅਸ਼ਪ੍ਰੀਤ ਭੱਲਾ ਨੇ ਬੋਲਦਿਆਂ ਭਾਵੁਕ ਹੁੰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਨਸੀਬ ਸਮਝਦੀ ਹੈ ਜੋ ਉਨ੍ਹਾਂ ਦੀ ਬੇਟੀ ਹੈ।
.jpeg)
ਇਸ ਮੌਕੇ ਪਰਿਵਾਰਕ ਮੈਂਬਰਾਂ ਵਿੱਚ ਮਾਤਾ ਸਤਵੰਤ ਕੌਰ, ਪਤਨੀ ਪਰਮਦੀਪ ਕੌਰ, ਦਾਮਾਦ ਵਿਕਰਮ ਸਿੰਘ, ਭੈਣ ਕੁਲਜੀਤ ਕੌਰ ਤੇ ਭਣੋਈਏ ਰਾਜਪਾਲ ਸਿੰਘ ਤੇ ਨੂੰਹ ਦਿਸ਼ਦੀਪ ਸੰਧੂ ਅਤੇ ਕਲਾ ਜਗਤ ਤੋਂ ਸਾਬਕਾ ਲੋਕ ਸਭਾ ਮੈਂਬਰ ਤੇ ਗਾਇਕ ਮੁਹੰਮਦ ਸਦੀਕ, ਬਾਬੂ ਸਿੰਘ ਮਾਨ, ਗੁੱਗੂ ਗਿੱਲ, ਪੰਮੀ ਬਾਈ, ਗਿੱਪੀ ਗਰੇਵਾਲ, ਨੀਲੂ ਸ਼ਰਮਾ, ਬੀਨੂੰ ਢਿੱਲੋਂ, ਬੀ ਐਨ ਸ਼ਰਮਾ, ਸ਼ਮਸ਼ੇਰ ਸੰਧੂ, ਹਰਦੀਪ ਗਿੱਲ, ਡਾ ਨਿਰਮਲ ਜੌੜਾ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਹਰਬੀ ਸੰਘਾ, ਸਰਦਾਰ ਸੋਹੀ, ਦੀਪਕ ਰਾਜਾ, ਪ੍ਰਕਾਸ਼ ਗਾਧੂ, ਦਰਸ਼ਨ ਔਲਖ, ਸੁਰਿੰਦਰ ਫਰਿਸ਼ਤਾ, ਸੰਤਾ-ਬੰਤਾ ਨੇ ਹਾਜ਼ਰੀ ਭਰੀ।
.jpeg)
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਪ੍ਰੋ ਜਸਵੰਤ ਸਿੰਘ ਗੱਜਣਮਾਜਰਾ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਤੇ ਲਖਬੀਰ ਸਿੰਘ ਲੱਖਾ, ਪੰਜਾਬ ਜੈਨਕੋ ਦੇ ਚੇਅਰਮੈਨ ਨਵਜੋਤ ਸਿੰਘ ਜਰਗ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ ਅਮਰਪਾਲ ਸਿੰਘ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਵਿਮਲ ਸੇਤੀਆ, ਆਈ ਏ ਅਧਿਕਾਰੀ ਅਮਿਤ ਤਲਵਾੜ, ਕਮਲ ਗਰਗ, ਡੀਜੀਪੀ ਏ ਐਸ ਰਾਏ, ਗੁਰਪ੍ਰੀਤ ਸਿੰਘ ਤੂਰ, ਯੁਰੇਂਦਰ ਸਿੰਘ, ਜਗਦੀਸ਼ ਸਿੰਘ ਗਰੇਵਾਲ, ਡਾ ਅਜੀਤ ਪਾਲ ਸਿੰਘ ਚਹਿਲ, ਨਵਦੀਪ ਸਿੰਘ ਗਿੱਲ, ਤੇਜ ਪ੍ਰਤਾਪ ਸਿੰਘ ਸੰਧੂ ਹਾਜ਼ਰ ਸਨ।

.jpeg)
.jpeg)