ਜਰਖੜ ਖੇਡਾਂ 'ਚ ਗੂੰਜੇਗਾ ਪੰਜਾਬੀਅਤ ਦਾ ਮਾਣ: 7 ਪ੍ਰਮੁੱਖ ਸ਼ਖਸੀਅਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ
ਸੁਖਮਿੰਦਰ ਭੰਗੂ
ਲੁਧਿਆਣਾ 6 ਫ਼ਰਵਰੀ 2026- ਪੰਜਾਬ ਦੇ ਪੇਂਡੂ ਖੇਡ ਮੇਲਿਆਂ ਦਾ ਧੁਰਾ ਮੰਨੀਆਂ ਜਾਣ ਵਾਲੀਆਂ '38 ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ' ਇਸ ਵਾਰ 13, 14 ਅਤੇ 15 ਫ਼ਰਵਰੀ 2026 ਨੂੰ ਮਾਤਾ ਸਾਹਿਬ ਕੌਰ ਸਪੋਰਟਸ ਸਟੇਡੀਅਮ ਵਿਖੇ ਧੂਮ-ਧਾਮ ਨਾਲ ਕਰਵਾਈਆਂ ਜਾ ਰਹੀਆਂ ਹਨ। ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ, ਖੇਡਾਂ ਦੇ ਅੰਤਿਮ ਦਿਨ (15 ਫ਼ਰਵਰੀ) ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ 7 ਅਜ਼ੀਮ ਸ਼ਖਸੀਅਤਾਂ ਨੂੰ ਵੱਕਾਰੀ ਐਵਾਰਡਾਂ ਨਾਲ ਨਿਵਾਜਿਆ ਜਾਵੇਗਾ। ਐਵਾਰਡਾਂ ਦੀ ਸੂਚੀ ਅਤੇ ਸਨਮਾਨਿਤ ਸ਼ਖਸੀਅਤਾਂ: ਸ੍ਰੀ ਚੰਦਰਸ਼ੇਖਰ (ਸਾਬਕਾ ਡੀਜੀਪੀ): ਖੇਡ ਪ੍ਰਮੋਟਰ ਅਮਰਜੀਤ ਗਰੇਵਾਲ ਐਵਾਰਡ,ਪਦਮ ਸ੍ਰੀ ਬਲਦੇਵ ਸਿੰਘ: ਭਗਤ ਪੂਰਨ ਸਿੰਘ ਐਵਾਰਡ, ਪ੍ਰਭਦੀਪ ਸਿੰਘ ਨੱਥੋਵਾਲ (ਡਿਪਟੀ ਡਾਇਰੈਕਟਰ): ਪੰਜਾਬ ਦਾ ਮਾਣ ਐਵਾਰਡ ,ਸਿਮਰਨਜੀਤ ਕੌਰ ਗਿੱਲ (ਪ੍ਰੋ ਵਾਈਸ ਚਾਂਸਲਰ): ਪੰਜਾਬ ਦੀਆਂ ਧੀਆਂ ਦਾ ਮਾਣ ਐਵਾਰਡ, ਦਵਿੰਦਰਪਾਲ ਸਿੰਘ (ਸੀਨੀਅਰ ਪੱਤਰਕਾਰ): ਪੰਜਾਬ ਦੀ ਪੱਤਰਕਾਰੀ ਦਾ ਮਾਣ ਐਵਾਰਡ ,ਹਰਸ਼ਵੀਰ ਸਿੰਘ ਸੇਖੋ (ਸਾਈਕਲਿਸਟ): ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ ,ਕਰਮਜੀਤ ਸਿੰਘ ਗਰੇਵਾਲ (USA): ਓਲੰਪੀਅਨ ਪ੍ਰਿਥੀਪਾਲ ਸਿੰਘ ਐਵਾਰਡ
ਖੇਡ ਮੁਕਾਬਲਿਆਂ ਦੀ ਪੂਰੀ ਰੂਪ-ਰੇਖਾ
ਟਰੱਸਟ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ (ਸਾਬਕਾ AIG) ਅਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਸ ਵਾਰ ਖੇਡਾਂ ਦਾ ਮੁੱਖ ਆਕਰਸ਼ਣ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਹਾਕੀ ਗੋਲਡ ਕੱਪ ਅਤੇ ਨਾਇਬ ਸਿੰਘ ਗਰੇਵਾਲ ਜੋਧਾ ਕਬੱਡੀ ਕੱਪ ਹੋਣਗੇ। ਇਸ ਤੋਂ ਇਲਾਵਾ: ਹਾਕੀ (ਲੜਕੇ/ਲੜਕੀਆਂ ਅਤੇ ਅੰਡਰ-17)
ਕਬੱਡੀ ਓਪਨ ਅਤੇ ਬਜ਼ੁਰਗਾਂ ਦੀ ਕਬੱਡੀ (50 ਸਾਲ ਤੋਂ ਉੱਪਰ)
ਫੁੱਟਬਾਲ (60 ਕਿੱਲੋ ਅਤੇ ਅੰਡਰ-19 ਲੜਕੀਆਂ)
ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਅਤੇ ਰੱਸਾਕਸ਼ੀ ਦੇ ਜ਼ੋਰਦਾਰ ਮੁਕਾਬਲੇ।
ਸੱਭਿਆਚਾਰਕ ਰੰਗ ਤੇ ਨਸ਼ਾ-ਮੁਕਤ ਸਮਾਜ ਦਾ ਸੁਨੇਹਾ
ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਅਤੇ ਮਨਮੋਹਨ ਗਰੇਵਾਲ ਨੇ ਸਪੱਸ਼ਟ ਕੀਤਾ ਕਿ ਇਹਨਾਂ ਖੇਡਾਂ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨਾ ਹੈ। ਉਦਘਾਟਨੀ ਸਮਾਰੋਹ ਵਿੱਚ ਡਰੈਗਨ ਅਕੈਡਮੀ ਦੀ ਕੋਰੀਓਗਰਾਫੀ ਅਤੇ ਜਸਵੰਤ ਸੰਦੀਲਾ ਦੇ ਗੀਤ ਖਿੱਚ ਦਾ ਕੇਂਦਰ ਹੋਣਗੇ, ਜਦਕਿ ਫਾਈਨਲ ਵਾਲੇ ਦਿਨ ਨਾਮੀ ਲੋਕ ਗਾਇਕਾ ਸਤਵਿੰਦਰ ਬਿੱਟੀ ਆਪਣੀ ਗਾਇਕੀ ਨਾਲ ਰੰਗ ਬੰਨ੍ਹਣਗੇ।