ਜਨਤਕ ਜਥੇਬੰਦੀਆਂ ਨੇ ਡੀਸੀ ਕੋਲ ਜਤਾਇਆ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਪ੍ਰਤੀ ਰੋਸ
ਅਸ਼ੋਕ ਵਰਮਾ
ਬਠਿੰਡਾ,6 ਫਰਵਰੀ 2026: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵਰਕਰਾਂ ਨੂੰ ਗ੍ਰਿਫਤਾਰ ਕਰਨ ਅਤੇ ਪੁਲਿਸ ਵੱਲੋਂ ਥਾਂ ਥਾਂ ਨਾਕਾਬੰਦੀ ਕਰਕੇ ਮੁੱਖ ਸੜਕਾਂ 'ਤੇ ਰੋਕਾਂ ਲਾਉਣ ਨੂੰ ਜਮਹੂਰੀ ਹੱਕਾਂ ਦਾ ਘਾਣ ਕ਼ਰਾਰ ਦਿੰਦਿਆਂ ਜ਼ਿਲ੍ਹਾ ਬਠਿੰਡਾ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦਾ ਇੱਕ ਵਫ਼ਦ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਿਆ ਗਿਆ। ਜਥੇਬੰਦੀਆਂ ਨੇ ਪ੍ਰਸ਼ਾਸਨ ਕੋਲ ਰੋਸ ਜਤਾਉਂਦਿਆਂ ਮੰਗ ਕੀਤੀ ਕਿ ਗਿਰਫ਼ਤਾਰ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਟਕਰਾਅ ਦਾ ਰਸਤਾ ਛੱਡ ਕੇ ਕਿਸਾਨ ਆਗੂਆਂ ਨਾਲ਼ ਗੱਲਬਾਤ ਕਰਕੇ ਨੌਂ ਮਹੀਨੇ ਪਹਿਲ਼ਾਂ ਗ੍ਰਿਫਤਾਰ ਕੀਤੇ ਕਿਸਾਨ ਆਗੂ ਬਲਦੇਵ ਸਿੰਘ ਚਾਉਕੇ ਅਤੇ ਸਗਨਦੀਪ ਸਿੰਘ ਜਿਉਂਦ ਨੂੰ ਰਿਹਾਅ ਕੀਤਾ ਜਾਵੇ।
ਵਫ਼ਦ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਰਵਨ ਸਿੰਘ ਪੂਹਲੀ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਜਨਰਲ ਸਕੱਤਰ ਰੇਸ਼ਮ ਸਿੰਘ ਖੇਮੂਆਣਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪ੍ਰਕਾਸ਼ ਸਿੰਘ ਨੰਦਗੜ੍ਹ, ਬੀਕੇਯੂ ਏਕਤਾ ਡਕੌਂਦਾ ਧਨੇਰ ਦੇ ਆਗੂ ਚੰਦ ਸਿੰਘ ਭੁੱਚੋ ਖੁਰਦ, ਨੌਜਵਾਨ ਭਾਰਤ ਸਭਾ ਦੇ ਆਗੂ ਸੰਦੀਪ ਘੁੱਦਾ, ਪੀ ਐਸ ਯੂ ਸ਼ਹੀਦ ਰੰਧਾਵਾ ਦੇ ਆਗੂ ਨਵਜੋਤ ਸਿੰਘ , ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਬਲਦੇਵ ਸਿੰਘ , ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਗੁਰਵਿੰਦਰ ਸਿੰਘ ਪੰਨੂ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਚੰਦਰ ਸ਼ਰਮਾ, ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਰੂਪ ਸਿੰਘ ਗਿੱਲਪੱਤੀ ਬਿਕਰਮ ਜੀਤ ਸਿੰਘ ਤਰਕਸ਼ੀਲ ਸੁਸਾਇਟੀ ਪੰਜਾਬ, ਕੰਮਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਜੋਨੀ ਸਿੰਗਲਾ , ਪੁਰਾਣੀ ਪੈਨਸ਼ਨਰ ਪ੍ਰਾਪਤੀ ਫਰੰਟ ਅੰਮਿਤ੍ਰਪਾਲ ਸਿੰਘ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜਗਪਾਲ ਸਿੰਘ ਬੰਗੀ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਸਨ। ਆਗੂਆਂ ਨੇ ਦੋਸ਼ ਲਾਇਆ ਕਿ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਭਗਵੰਤ ਮਾਨ ਸਰਕਾਰ ਲੋਕਾਂ ਦੀ ਜ਼ੁਬਾਨਬੰਦੀ ਕਰ ਰਹੀ ਹੈ ।