ਜਨਗਣਨਾ ਪ੍ਰਫਾਰਮੇ 'ਚ ਜਾਤੀਸੂਚਕ ਸ਼ਬਦ ਵਰਤਣ ਖਿਲਾਫ ਸੰਘਰਸ਼ ਦੀ ਚਿਤਾਵਨੀ
ਅਸ਼ੋਕ ਵਰਮਾ
ਬਠਿੰਡਾ ,5 ਮਈ 2026 :ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਤੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਹੋਈ ਸਾਂਝੀ ਮੀਟਿੰਗ ਚ ਮਜ਼ਦੂਰ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਜਨਗਣਨਾ 2026 ਸਬੰਧੀ ਜ਼ਾਰੀ ਕੀਤੇ ਆਨ ਲਾਈਨ ਪ੍ਰੋਫਾਰਮੇ 'ਚ ਜ਼ਾਤੀ ਕਾਲਮ ਭਰਨ ਲਈ ਅਨੁਸੂਚਿਤ ਜਾਤੀਆਂ ਨੂੰ ਅਪਮਾਨਤ ਕਰਨ ਵਾਲੇ ਵਰਜਿਤ ਸ਼ਬਦ( ਚੂਹੜਾ) ਦਰਜ਼ ਕਰਨ ਕਰਕੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਸਖ਼ਤ ਰੋਸ ਜ਼ਾਹਰ ਕਰਦਿਆਂ ਜ਼ਿੰਮੇਵਾਰ ਉੱਚ ਅਧਿਕਾਰੀਆਂ 'ਤੇ ਕੇਸ ਦਰਜ ਕਰਨ ਅਤੇ ਪ੍ਰੋਫਾਰਮੇ ਚ ਤੁਰੰਤ ਲੋੜੀਂਦੀ ਸੋਧ ਕਰਨ ਦੀ ਮੰਗ ਕੀਤੀ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਜੇਕਰ ਇਹ ਸੋਧ ਨਾ ਕੀਤੀ ਤਾਂ ਜਥੇਬੰਦੀਆਂ ਤਿੱਖਾ ਸੰਘਰਸ਼ ਵਿੱਢਣਗੀਆਂ ਜਿਸ ਤੋਂ ਪੈਦਾ ਹੋਣ ਵਾਲੇ ਸਿੱਟਿਆਂ ਪ੍ਰਤੀ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ।
ਮਜ਼ਦੂਰ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਪ੍ਰੋਫਾਰਮੇ ਸਬੰਧੀ ਸਮੱਗਰੀ 'ਚ ਅਜਿਹੇ ਸ਼ਬਦਾਂ ਦੀ ਵਰਤੋਂ ਨੂੰ ਉੱਚ ਜਾਤੀ ਨਾਲ ਸਬੰਧਤ ਅਫ਼ਸਰਸ਼ਾਹੀ ਤੇ ਸਿਆਸਤਦਾਨਾਂ ਦੇ ਦਿਮਾਗ 'ਚ ਅਖੌਤੀ ਨੀਵੀਆਂ ਜਾਤੀਆਂ ਖਿਲਾਫ ਭਰੀ ਜਾਤਪਾਤੀ ਨਫ਼ਰਤ ਦਾ ਜਾਹਰਾ ਸਬੂਤ ਕਰਾਰ ਦਿੱਤਾ। ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ, ਪ੍ਰਕਾਸ਼ ਸਿੰਘ ਨੰਦਗੜ੍ਹ, ਮਿੱਠੂ ਸਿੰਘ ਘੁੱਦਾ ਤੇ ਅਮੀਰ ਲਾਲ ਨੇ ਸਰਕਾਰੀ ਕਾਗਜਾਂ 'ਚ ਅਨੁਸੂਚਿਤ ਜਾਤੀਆਂ ਨੂੰ ਜਨਤਕ ਤੌਰ 'ਤੇ ਅਪਮਾਨਿਤ ਕਰਨ ਵਾਲੇ ਗੈਰ ਕਾਨੂੰਨੀ ਸ਼ਬਦਾਂ ਦੀ ਵਰਤੋਂ ਬਾਰੇ ਸਰਕਾਰ 'ਚ ਬੈਠੇ ਐਸ ਸੀ ਭਾਈਚਾਰੇ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਵੀ ਕੋਈ ਉਜ਼ਰ ਨਾ ਕਰਨ ਬਾਰੇ ਟਿੱਪਣੀ ਕਰਦਿਆਂ ਆਖਿਆ ਕਿ ਇਹ ਲੋਕ ਸਤਾ ਮਿਲ਼ਣ ਤੋਂ ਬਾਅਦ ਆਪਣੀ ਜਮਾਤ ਤੇ ਜ਼ਾਤ ਬਦਲ ਕੇ ਲੁਟੇਰੀਆਂ ਜਮਾਤਾਂ ਦੇ ਹੀ ਨੁੰਮਾਇਦੇ ਬਣ ਬੈਠਦੇ ਹਨ। ਉਹਨਾਂ ਦਲਿਤ ਵਰਗ ਨੂੰ ਅਪਮਾਨਤ ਕਰਨ ਵਾਲੇ ਇਹਨਾਂ ਸ਼ਬਦਾਂ ਦੀ ਵਰਤੋਂ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਬਰਾਬਰ ਦੀਆਂ ਦੋਸ਼ੀ ਕਰਾਰ ਦਿੱਤਾ।ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਇਸ ਆਨਲਾਈਨ ਪ੍ਰੋਫਾਰਮੇ ਨੂੰ ਹਟਾ ਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ।
- Download Babushahi App
-
-