ਜਗਰਾਉਂ ਸਿਆਸਤ ਵਿੱਚ ਉਬਾਲ : ਨਵੀਂ ਵਾਰਡਬੰਦੀ ਨੇ ਬਦਲੇ ਸਿਆਸੀ ਸਮੀਕਰਨ
23 ਵਾਰਡਾਂ ਦੀ ਰਾਖਵਾਂਕਰਨ ਸੂਚੀ ਜਾਰੀ, ਕਈ ਪੁਰਾਣੇ ਕੌਂਸਲਰ ਨਵੀਂ ਸਿਆਸੀ ਜ਼ਮੀਨ ਤਲਾਸ਼ਣ ਲਈ ਹੋਣਗੇ ਮਜਬੂਰ
ਜਗਰਾਉਂ (ਦੀਪਕ ਜੈਨ): ਸ਼ਹਿਰ ਅੰਦਰ ਆਗਾਮੀ ਨਗਰ ਕੌਂਸਲ ਚੋਣਾਂ ਦੀ ਆਹਟ ਨਾਲ ਸਿਆਸੀ ਪਾਰਾ ਪੂਰੀ ਤਰ੍ਹਾਂ ਚੜ੍ਹ ਚੁੱਕਾ ਹੈ। ਪੰਜਾਬ ਸਰਕਾਰ ਵੱਲੋਂ ਸ਼ਹਿਰ ਦੀ ਨਵੀਂ ਵਾਰਡਬੰਦੀ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਬਾਅਦ ਜਗਰਾਉਂ ਦੇ ਸਿਆਸੀ ਹਲਕਿਆਂ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਨਵੇਂ ਜਾਰੀ ਕੀਤੇ ਗਏ ਨਕਸ਼ੇ ਨੇ ਜਿੱਥੇ ਕਈ ਪੁਰਾਣੇ ਅਤੇ ਦਿੱਗਜ ਕੌਂਸਲਰਾਂ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ, ਉੱਥੇ ਹੀ ਆਉਣ ਵਾਲੀਆਂ ਚੋਣਾਂ ਦਾ ਗਣਿਤ ਵੀ ਪੂਰੀ ਤਰ੍ਹਾਂ ਉਲਝਾ ਕੇ ਰੱਖ ਦਿੱਤਾ ਹੈ।
ਇਤਰਾਜ਼ਾਂ ਨੂੰ ਦਰਕਿਨਾਰ ਕਰ ਨਵਾਂ ਨਕਸ਼ਾ ਹੋਇਆ ਪੱਕਾ
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਸਰਕਾਰ ਵੱਲੋਂ ਪਿਛਲੇ ਸਾਲ 18 ਦਸੰਬਰ 2025 ਨੂੰ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ 19 ਦਸੰਬਰ ਨੂੰ ਡਰਾਫਟ ਸੂਚੀ ਜਨਤਕ ਕਰਕੇ ਇਤਰਾਜ਼ ਮੰਗੇ ਗਏ ਸਨ। ਕਈ ਮੌਜੂਦਾ ਅਤੇ ਸਾਬਕਾ ਕੌਂਸਲਰਾਂ ਵੱਲੋਂ ਆਪੋ-ਆਪਣੇ ਵਾਰਡਾਂ ਦੀਆਂ ਹੱਦਾਂ ਨੂੰ ਲੈ ਕੇ ਇਤਰਾਜ਼ ਵੀ ਦਰਜ ਕਰਵਾਏ ਗਏ ਸਨ। ਪਰੰਤੂ ਪ੍ਰਸ਼ਾਸਨ ਅਤੇ ਸਰਕਾਰ ਨੇ ਜ਼ਿਆਦਾਤਰ ਇਤਰਾਜ਼ਾਂ ਨੂੰ ਰੱਦ ਕਰਦਿਆਂ ਨਵੀਂ ਵਾਰਡਬੰਦੀ ਦੀ ਅੰਤਿਮ ਸੂਚੀ 'ਤੇ ਮੋਹਰ ਲਗਾ ਦਿੱਤੀ ਹੈ। ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਆਗਾਮੀ ਚੋਣਾਂ ਇਸੇ ਨਵੀਂ ਰੂਪ-ਰੇਖਾ ਦੇ ਆਧਾਰ 'ਤੇ ਹੀ ਲੜੀਆਂ ਜਾਣਗੀਆਂ।

ਰਵਾਇਤੀ ਪਾਰਟੀਆਂ ਨੂੰ ਲੱਗ ਸਕਦੈ ਵੱਡਾ ਝਟਕਾ
ਨਵੀਂ ਵਾਰਡਬੰਦੀ ਲਾਗੂ ਹੋਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੁੰਦੇ ਨਜ਼ਰ ਆ ਰਹੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪਿਛਲੀਆਂ ਸਰਕਾਰਾਂ ਵੇਲੇ ਆਗੂਆਂ ਨੇ ਆਪਣੇ ਵੋਟ ਬੈਂਕ ਮੁਤਾਬਕ ਵਾਰਡਾਂ ਦੀ ਤਰਾਸ਼-ਖਰਾਸ਼ ਕੀਤੀ ਸੀ, ਪਰ ਹੁਣ ਮੌਜੂਦਾ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਨਵੀਂ ਵਾਰਡਬੰਦੀ ਕਰਕੇ ਸਾਰੀ ਖੇਡ ਹੀ ਪਲਟ ਦਿੱਤੀ ਹੈ।
ਸਿਆਸੀ ਗਲਿਆਰਿਆਂ ਵਿੱਚ ਇਹ ਵੀ ਚਰਚਾ ਜ਼ੋਰਾਂ 'ਤੇ ਹੈ ਕਿ ਜਿਨ੍ਹਾਂ ਕੌਂਸਲਰਾਂ ਨੇ ਆਪਣੀ ਮੂਲ ਪਾਰਟੀ ਜਾਂ ਕੌਂਸਲ ਪ੍ਰਧਾਨ ਨਾਲੋਂ ਤੋੜ-ਵਿਛੋੜਾ ਕਰਕੇ ਸੱਤਾਧਾਰੀ ਧਿਰ ਨਾਲ ਨਜ਼ਦੀਕੀਆਂ ਵਧਾਉਣ ਦੀ ਕੋਸ਼ਿਸ਼ ਕੀਤੀ ਸੀ, ਨਵੀਂ ਵਾਰਡਬੰਦੀ ਵਿੱਚ ਉਨ੍ਹਾਂ ਨੂੰ ਵੀ ਕਥਿਤ ਤੌਰ 'ਤੇ ਨੁਕਸਾਨ ਪਹੁੰਚਾਉਣ ਦੀ ਰਣਨੀਤੀ ਅਪਣਾਈ ਗਈ ਹੈ। ਹੁਣ ਕਈ ਆਗੂ ਇਸ ਅਸਮੰਜਸ ਵਿੱਚ ਹਨ ਕਿ ਉਹ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਕਿਹੜੇ ਵਾਰਡ ਵੱਲ ਰੁਖ ਕਰਨ।
28 ਅਪ੍ਰੈਲ ਨੂੰ ਭੰਗ ਹੋਵੇਗੀ ਕੌਂਸਲ, ਐੱਸ.ਡੀ.ਐੱਮ. ਬਣਨਗੇ ਪ੍ਰਸ਼ਾਸਕ
ਇਕ ਪਾਸੇ ਵਾਰਡਬੰਦੀ ਨੇ ਸਿਆਸੀ ਭੂਚਾਲ ਲਿਆਂਦਾ ਹੋਇਆ ਹੈ, ਦੂਜੇ ਪਾਸੇ ਪ੍ਰਸ਼ਾਸਨਿਕ ਪੱਧਰ 'ਤੇ ਵੀ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਜਗਰਾਉਂ ਨਗਰ ਕੌਂਸਲ ਦੀ ਮੌਜੂਦਾ ਮਿਆਦ ਇਸੇ ਮਹੀਨੇ 28 ਅਪ੍ਰੈਲ ਨੂੰ ਪੂਰੀ ਹੋ ਰਹੀ ਹੈ। ਮਿਆਦ ਪੁੱਗਣ ਉਪਰੰਤ ਕੌਂਸਲ ਭੰਗ ਹੋ ਜਾਵੇਗੀ ਅਤੇ ਇਸ ਦਾ ਸਾਰਾ ਕੰਟਰੋਲ ਬਤੌਰ ਪ੍ਰਸ਼ਾਸਕ ਐੱਸ.ਡੀ.ਐੱਮ. (SDM) ਸਾਹਿਬ ਦੇ ਹੱਥਾਂ ਵਿੱਚ ਆ ਜਾਵੇਗਾ।
ਕਾਰਜਕਾਰੀ ਪ੍ਰਧਾਨ ਕਵਰਪਾਲ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਮੌਜੂਦਾ ਕਾਰਜਕਾਲ ਵਿੱਚ ਹੁਣ ਮਹਿਜ਼ ਕੁਝ ਹੀ ਦਿਨ ਬਾਕੀ ਹਨ। ਕੌਂਸਲ ਦੇ ਭੰਗ ਹੋਣ ਮਗਰੋਂ ਕਿਸੇ ਵੀ ਚੁਣੇ ਹੋਏ ਨੁਮਾਇੰਦੇ, ਕੌਂਸਲਰ ਜਾਂ ਪ੍ਰਧਾਨ ਦਾ ਦਫ਼ਤਰੀ ਕੰਮਕਾਜ ਵਿੱਚ ਕੋਈ ਦਖਲ ਨਹੀਂ ਰਹੇਗਾ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਹੋਰ ਫੈਸਲਿਆਂ ਦੀ ਜ਼ਿੰਮੇਵਾਰੀ ਸਿੱਧੇ ਤੌਰ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ।
ਇੱਕ ਨਜ਼ਰ: ਨਵੇਂ ਵਾਰਡਾਂ ਦੀ ਰਾਖਵਾਂਕਰਨ ਸੂਚੀ 'ਤੇ
ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਨਵੀਂ ਸੂਚੀ ਅਨੁਸਾਰ ਸ਼ਹਿਰ ਦੇ 23 ਵਾਰਡਾਂ ਦੀ ਸਥਿਤੀ (ਰਾਖਵਾਂਕਰਨ) ਇਸ ਪ੍ਰਕਾਰ ਰਹੇਗੀ: ਵਾਰਡ ਨੰਬਰ ਰਾਖਵਾਂਕਰਨ ਸਥਿਤੀ ਵਾਰਡ ਨੰਬਰ ਰਾਖਵਾਂਕਰਨ ਸਥਿਤੀ
ਵਾਰਡ ਨੰ. 1 ਮਹਿਲਾ ਵਾਰਡ ਨੰ. 13 ਮਹਿਲਾ
ਵਾਰਡ ਨੰ. 2 ਜਨਰਲ ਵਾਰਡ ਨੰ. 14 ਜਨਰਲ
ਵਾਰਡ ਨੰ. 3 ਮਹਿਲਾ ਵਾਰਡ ਨੰ. 15 ਮਹਿਲਾ
ਵਾਰਡ ਨੰ. 4 ਜਨਰਲ ਵਾਰਡ ਨੰ. 16 ਜਨਰਲ
ਵਾਰਡ ਨੰ. 5 ਮਹਿਲਾ ਵਾਰਡ ਨੰ. 17 ਮਹਿਲਾ
ਵਾਰਡ ਨੰ. 6 ਅਨੁਸੂਚਿਤ ਜਾਤੀ (SC) ਵਾਰਡ ਨੰ. 18 ਅਨੁਸੂਚਿਤ ਜਾਤੀ (SC)
ਵਾਰਡ ਨੰ. 7 ਅਨੁਸੂਚਿਤ ਜਾਤੀ (ਮਹਿਲਾ) ਵਾਰਡ ਨੰ. 19 ਅਨੁਸੂਚਿਤ ਜਾਤੀ (ਮਹਿਲਾ)
ਵਾਰਡ ਨੰ. 8 ਅਨੁਸੂਚਿਤ ਜਾਤੀ (SC) ਵਾਰਡ ਨੰ. 20 ਜਨਰਲ
ਵਾਰਡ ਨੰ. 9 ਅਨੁਸੂਚਿਤ ਜਾਤੀ (ਮਹਿਲਾ) ਵਾਰਡ ਨੰ. 21 ਮਹਿਲਾ
ਵਾਰਡ ਨੰ. 10 ਜਨਰਲ ਵਾਰਡ ਨੰ. 22 ਜਨਰਲ
ਵਾਰਡ ਨੰ. 11 ਪੱਛੜੀਆਂ ਸ਼੍ਰੇਣੀਆਂ (BC) ਵਾਰਡ ਨੰ. 23 ਮਹਿਲਾ
ਵਾਰਡ ਨੰ. 12 ਜਨਰਲ
Click to Follow Babushahi Facebook page →