ਕੇਂਦਰ ਸਰਕਾਰ ਅੱਜ ਹੀ ਧੂਰੀ ਪੁੱਲ ਲਈ NOC ਦੇਵੇ! ਪੰਜਾਬ ਸਰਕਾਰ ਤੁਰੰਤ ਟੈਂਡਰ ਜਾਰੀ ਕਰ ਦੇਵੇਗੀ: ਢਿੱਲੋਂ, ਘੁੱਲੀ
*– ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਧੂਰੀ ਵਾਸੀਆਂ ਨੂੰ ਗੁਮਰਾਹ ਕਰ ਰਹੇ ਹਨ: ਚੇਅਰਮੈਨ*
– ਧੂਰੀ ਪੁੱਲ ਦਾ ਨਿਰਮਾਣ ਪੰਜਾਬ ਸਰਕਾਰ ਵੱਲੋਂ ਹੀ ਕੀਤਾ ਜਾਣਾ ਹੈ, ਕੇਂਦਰ ਤੋਂ ਸਿਰਫ਼ ਮਨਜ਼ੂਰੀ ਬਾਕੀ
– ਪੁੱਲ ਨਿਰਮਾਣ ਲਈ ਪੀ.ਆਈ.ਡੀ.ਬੀ. ਕੋਲ 54.76 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਰਿਜ਼ਰਵ
– ਸਾਈਟ ਮੈਪ ’ਤੇ ਰੇਲਵੇ ਦੇ ਸਿਰਫ਼ ਚੀਫ਼ ਇੰਜਨੀਅਰ (ਬ੍ਰਿਜ) ਦੇ ਦਸਤਖ਼ਤ ਬਾਕੀ
– ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਵਿਕਾਸ ਰੋਕਣ ਲਈ ਕੋਝੀਆਂ ਚਾਲਾਂ
– ਪੁਲ ਬਣਨ ਨਾਲ ਬਦਲੇਗੀ ਧੂਰੀ ਦੀ ਤਕਦੀਰ
ਧੂਰੀ, 12 ਜਨਵਰੀ:
ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਧੂਰੀ ਸ਼ਹਿਰ ਦਾ ਪੁੱਲ ਪੰਜਾਬ ਸਰਕਾਰ ਵੱਲੋਂ ਬਣਾਇਆ ਜਾਣਾ ਹੈ ਅਤੇ ਇਸ ਸਬੰਧੀ ਸਾਰੀ ਪ੍ਰਸ਼ਾਸਕੀ, ਤਕਨੀਕੀ ਅਤੇ ਵਿੱਤੀ ਤਿਆਰੀ ਪੂਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਸਪਸ਼ਟ ਤੌਰ ’ਤੇ ਕਿਹਾ ਕਿ ਹੁਣ ਕੇਂਦਰ ਸਰਕਾਰ ਵੱਲੋਂ ਸਿਰਫ਼ ਐਨਓਸੀ (NOC) ਜਾਰੀ ਕਰਨੀ ਬਾਕੀ ਹੈ ਅਤੇ ਜਿਸ ਦਿਨ ਇਹ ਮਨਜ਼ੂਰੀ ਮਿਲਦੀ ਹੈ, ਉਸੇ ਦਿਨ ਪੰਜਾਬ ਸਰਕਾਰ ਵੱਲੋਂ ਟੈਂਡਰ ਜਾਰੀ ਕਰ ਦਿੱਤਾ ਜਾਵੇਗਾ। ਉਹਨਾਂ ਇਹ ਪ੍ਰਗਟਾਵਾ ਸਾਬਕਾ ਵਿਧਾਇਕ ਧੂਰੀ ਦਲਬੀਰ ਸਿੰਘ ਗੋਲਡੀ ਵੱਲੋਂ ਅੱਜ ਧੂਰੀ ਦੇ ਪੁੱਲ ਸਬੰਧੀ ਕੀਤੀ ਪ੍ਰੈਸ ਵਾਰਤਾ ਵਿੱਚ ਦਿੱਤੇ ਗਲਤ ਤੱਥਾਂ ਨੂੰ ਸਪਸ਼ਟ ਕਰਨ ਲਈ ਕੀਤੀ ਪ੍ਰੈਸ ਵਾਰਤਾ ਦੌਰਾਨ ਕੀਤਾ।
ਦਲਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਧੂਰੀ ਪੁਲ ਦੇ ਨਿਰਮਾਣ ਲਈ ਪੰਜਾਬ ਇਨਫ਼ਰਾਸਟਰਕਚਰ ਡਿਵੈਲਪਮੈਂਟ ਬੋਰਡ (PIDB) ਕੋਲ 54.76 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਰਿਜ਼ਰਵ ਪਈ ਹੈ, ਜੋ ਇਸ ਗੱਲ ਦਾ ਸਪਸ਼ਟ ਸਬੂਤ ਹੈ ਕਿ ਪੰਜਾਬ ਸਰਕਾਰ ਇਸ ਪ੍ਰੋਜੈਕਟ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਅਤੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿੱਤੀ ਪੱਖੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਹੋਰਨਾ ਵਿਭਾਗਾਂ ਦੀਆਂ ਮਨਜ਼ੂਰੀਆਂ ਹਨ ਉਹ ਵੀ ਪ੍ਰਾਪਤ ਕੀਤੀਆਂ ਜਾ ਚੁੱਕੀਆਂ ਹਨ, ਜਿਸ ਵਿੱਚ ਜੰਗਲਾਤ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ, ਜਲ ਸਰੋਤ ਵਿਭਾਗ ਦੀਆਂ ਮਨਜ਼ੂਰੀਆਂ ਵੀ ਪ੍ਰਾਪਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਵੱਖ-ਵੱਖ ਵਿਭਾਗਾਂ ਵਿੱਚ ਜਮਾ ਕਰਵਾਈ ਜਾਣ ਵਾਲੀ ਰਾਸ਼ੀ ਅਤੇ ਜਮੀਨ ਦੀ ਤਬਦੀਲੀ ਵੀ ਕੀਤੀ ਜਾ ਚੁੱਕੀ ਹੈ
ਚੇਅਰਮੈਨ ਨੇ ਕਿਹਾ ਕਿ ਪੁੱਲ ਦੇ ਸਾਈਟ ਮੈਪ ਸਬੰਧੀ ਸਾਰੀ ਕਾਰਵਾਈ ਪੂਰੀ ਹੋ ਚੁੱਕੀ ਹੈ ਅਤੇ ਹੁਣ ਸਿਰਫ਼ ਰੇਲਵੇ ਦੇ ਚੀਫ਼ ਇੰਜਨੀਅਰ (ਬ੍ਰਿਜ) ਦੇ ਦਸਤਖ਼ਤ ਬਾਕੀ ਹਨ। ਇਸ ਤੋਂ ਬਾਅਦ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਕੋਈ ਵੀ ਤਕਨੀਕੀ ਜਾਂ ਪ੍ਰਸ਼ਾਸਕੀ ਰੁਕਾਵਟ ਨਹੀਂ ਰਹੇਗੀ।
ਦਲਵੀਰ ਸਿੰਘ ਢਿੱਲੋਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਪੰਜਾਬ ਵਿੱਚ ਵਿਕਾਸ ਕਾਰਜਾਂ ਨੂੰ ਰੋਕਣ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ ਅਤੇ ਧੂਰੀ ਪੁੱਲ ਵਰਗੇ ਅਹਿਮ ਪ੍ਰੋਜੈਕਟ ਨੂੰ ਬਿਨਾਂ ਵਜ੍ਹਾ ਲਟਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੀ ਰਵਨੀਤ ਸਿੰਘ ਬਿੱਟੂ ਪੁੱਲ ਬਣਾਉਣ ਵਿੱਚ ਅੜੀਕਾ ਪਾ ਰਹੇ ਹਨ ਅਤੇ ਪੰਜਾਬੀਆਂ ਪਾਸੋਂ ਆਪਣੀ ਹਾਰ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਧੂਰੀ ਪੁੱਲ ਸਬੰਧੀ ਜੋ ਵੀ ਤੱਥ ਲੋਕਾਂ ਸਾਹਮਣੇ ਰੱਖੇ ਗਏ ਹਨ, ਉਹ ਪੂਰੀ ਤਰ੍ਹਾਂ ਸਹੀ ਹਨ ਅਤੇ ਪੰਜਾਬ ਸਰਕਾਰ ਵੱਲੋਂ ਆਪਣਾ ਸਾਰਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾ ਚੁੱਕਾ ਹੈ।
ਚੇਅਰਮੈਨ ਨੇ ਕਿਹਾ ਕਿ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਧੂਰੀ ਵਾਸੀਆਂ ਨੂੰ ਗਲਤ ਜਾਣਕਾਰੀ ਦੇ ਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਬਰਦਾਸ਼ਤਯੋਗ ਨਹੀਂ। ਉਨ੍ਹਾਂ ਅਪੀਲ ਕੀਤੀ ਕਿ ਲੋਕ ਝੂਠੇ ਬਿਆਨਾਂ ਤੋਂ ਬਚ ਕੇ ਸੱਚਾਈ ਨੂੰ ਸਮਝਣ।
ਦਲਵੀਰ ਸਿੰਘ ਢਿੱਲੋਂ ਤੇ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਧੂਰੀ ਪੁੱਲ ਦਾ ਨਿਰਮਾਣ ਪੂਰਾ ਹੋਣ ਨਾਲ ਸ਼ਹਿਰ ਦੀ ਤਕਦੀਰ ਬਦਲ ਜਾਵੇਗੀ। ਰੇਲਵੇ ਫਾਟਕਾਂ ’ਤੇ ਲੱਗਣ ਵਾਲੇ ਜਾਮ ਤੋਂ ਰਾਹਤ ਮਿਲੇਗੀ ਅਤੇ ਵਪਾਰਕ, ਉਦਯੋਗਿਕ ਤੇ ਸਮਾਜਿਕ ਵਿਕਾਸ ਨੂੰ ਨਵਾਂ ਹੁੰਗਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਧੂਰੀ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਕੀਮਤ ’ਤੇ ਲੋਕਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਅਨਿਲ ਮਿੱਤਲ, ਸ਼ਾਮ ਸਿੰਗਲਾ, ਹਰਜਿੰਦਰ ਸਿੰਘ ਕਾਂਝਲਾ, ਨਰੇਸ਼ ਸਿੰਗਲਾ ਵੀ ਮੌਜੂਦ ਸਨ।