ਕਿਸਾਨਾਂ ਵਲੋਂ ਪਰਾਲੀ ਪ੍ਰਬੰਧਨ ਕਰਨ ਉਪਰੰਤ ਬੀਜੀ ਜਾ ਰਹੀ ਹੈ ਅਗਲੇਰੀ ਫਸਲ
ਜਿਲ੍ਹੇ ਅੰਦਰ ਕਿਸਾਨ ਬਿਨਾਂ ਪਰਾਲੀ ਨੂੰ ਅੱਗ ਲਗਾਏ ਕਰ ਰਹੇ ਹਨ ਕਣਕ ਦੀ ਬਿਜਾਈ-ਪਸ਼ੂਆਂ ਦੇ ਚਾਰੇ ਲਈ ਵੀ ਪਰਾਲੀ ਇਕੱਠੀ ਕੀਤੀ
ਰੋਹਿਤ ਗੁਪਤਾ
ਗੁਰਦਾਸਪੁਰ, 6 ਨਵੰਬਰ : ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਦੀ ਅਗਵਾਈ ਵਿੱਚ ਜਿਲ੍ਹਾ ਪ੍ਰਸ਼ਾਸਨ ਵਲੋਂ ਫਸਲ ਦੀ ਰਹਿੰਦ ਖੂੰਹਦ ਨੂੰ ਨਾ ਸਾੜਨ ਅਤੇ ਇਸਨੂੰ ਪੈਲੀ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰਨ ਦੀ ਮੁਹਿੰਮ ਨੂੰ ਕਿਸਾਨਾਂ ਵਲੋਂ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ ਹੈ ਅਤੇ ਕਿਸਾਨਾਂ ਵਲੋਂ ਪਰਾਲੀ ਪਰਬੰਧਨ ਕਰਨ ਉਪਰੰਤ ਅਗਲੇਰੀ ਫਸਲ ਬੀਜੀ ਜਾ ਰਹੀ ਹੈ।
ਇਸ ਸਬੰਧੀ ਗੱਲ ਕਰਦਿਆਂ ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਰਾਲੀ ਪ੍ਰਬੰਧਨ ਅਤੇ ਪਰਾਲੀ ਨਾ ਸਾੜਨ ਦੀ ਵਿੱਢੀ ਮੁਹਿੰਮ ਨੂੰ ਕਿਸਾਨਾਂ ਵਲੋਂ ਸਹਿਯੋਗ ਦਿੱਤਾ ਗਿਆ ਹੈ
ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਕਿਸਾਨ ਬਿਨਾਂ ਪਰਾਲੀ ਨੂੰ ਅੱਗ ਲਗਾਏ ਕਣਕ ਦੀ ਬਿਜਾਈ ਸ਼ੁਰੂ ਕਰ ਰਹੇ ਹਨ ਅਤੇ ਪਸ਼ੂਆਂ ਦੇ ਚਾਰੇ ਆਦਿ ਲਈ ਵੀ ਕਿਸਾਨਾਂ ਵਲੋਂ ਪਰਾਲੀ ਇਕੱਠੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਰਵੇਲ ਪਿੰਡੀ, ਧੁੱਪਸੜੀ, ਸੋਹਲ ਸਮੇਤ ਵੱਖ ਵੱਖ ਪਿੰਡਾਂ ਵਿੱਚ ਕਿਸਾਨ ਪਰਾਲੀ ਪ੍ਰਬੰਧਨ ਲਈ ਅੱਗੇ ਆਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਫਸਲ ਦੀ ਰਹਿੰਦ- ਖੂੰਹਦ ਨੂੰ ਅੱਗ ਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਮਿੱਤਰ ਕੀੜੇ ਮਰਦੇ ਹਨ। ਧੂੰਏ ਕਾਰਨ ਸੜਕੀ ਹਾਦਸੇ ਵਾਪਰਨ ਨਾਲ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਧੂੰਆ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ ਖਾਸ ਕਰਕੇ ਫੇਫੜਿਆਂ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਇਸ ਲਈ ਬਾਕੀ ਕਿਸਾਨ ਵੀਰ ਵੀ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਪੈਲੀ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਖੇਤੀ ਮਸ਼ੀਨਰੀ ਮੌਜੂਦ ਹੈ। ਜੇਕਰ ਕਿਸੇ ਕਿਸਾਨ ਨੂੰ ਪਰਾਲੀ ਪ੍ਰਬੰਧਨ ਲਈ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ, ਤਾਂ ਉਹ ਜਿਲ੍ਹਾ ਪੱਧਰ ਤੇ ਸਥਾਪਤ ਕੰਟਰੋਲ ਰੂਮ ਨੰਬਰ 01874-266376 ਤੇ ਸੰਪਰਕ ਕਰ ਸਕਦੇ ਹਨ