ਕਾਂਗਰਸ ਪਾਰਟੀ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਕੀਤੀਆਂ ਤੇਜ਼
ਸਰਾਭਾ ਨਗਰ ਵਿਖੇ ਮੀਟਿੰਗ ਦੌਰਾਨ ਭਵਿੱਖ ਦੀਆਂ ਰਣਨੀਤੀਆਂ ਬਾਰੇ ਹੋਈ ਚਰਚਾ
ਪ੍ਰਮੋਦ ਭਾਰਤੀ
ਲੁਧਿਆਣਾ, 15 ਨਵੰਬਰ,2025
ਕਾਂਗਰਸ ਪਾਰਟੀ ਵੱਲੋਂ ਜਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਤੋਂ ਬਾਅਦ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਗਈਆਂ ਹਨ। ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਵੱਲੋਂ ਸਥਾਨਕ ਸਰਾਭਾ ਨਗਰ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ ਅਤੇ ਹੋਰ ਪਾਰਟੀ ਆਗੂਆਂ ਨਾਲ ਮੀਟਿੰਗ ਦੌਰਾਨ ਭਵਿੱਖ ਦੀਆਂ ਰਣਨੀਤੀਆਂ ਬਾਰੇ ਚਰਚਾ ਕੀਤੀ ਗਈ।
ਇਸ ਤੋਂ ਪਹਿਲਾਂ, ਦੀਵਾਨ ਅਤੇ ਪਾਰਟੀ ਵਰਕਰਾਂ ਵੱਲੋਂ ਤਲਵਾੜ ਨੂੰ ਮੁੜ ਤੋਂ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਜਿੰਮੇਵਾਰੀ ਸੌਂਪਣ ਲਈ ਸਨਮਾਨ ਚਿੰਨ੍ਹ ਭੇਂਟ ਕਰਨ ਤੋਂ ਇਲਾਵਾ, ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਲੋਕ ਸਭਾ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਵੀ ਪ੍ਰਗਟਾਇਆ ਗਿਆ। ਪਾਰਟੀ ਆਗੂਆਂ ਨੇ ਕਿਹਾ ਕਿ ਤਲਵਾੜ ਦੀ ਅਗਵਾਈ ਹੇਠ ਕਾਂਗਰਸ ਹੋਰ ਮਜਬੂਤ ਹੋਵੇਗੀ।
ਇਸ ਮੌਕੇ ਸੰਬੋਧਨ ਕਰਦਿਆਂ, ਤਲਵਾੜ ਅਤੇ ਦੀਵਾਨ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਤਿਆਰੀ ਸ਼ੁਰੂ ਕਰਨ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਨਕਾਮੀਆਂ ਤੋਂ ਲੋਕ ਬਹੁਤ ਤੰਗ ਅਤੇ ਪਰੇਸ਼ਾਨ ਹਨ ਤੇ ਕਾਂਗਰਸ ਪਾਰਟੀ ਤੋਂ ਬਦਲਾਅ ਦੀ ਉਮੀਦ ਰੱਖੇ ਬੈਠੇ ਹਨ। ਸਾਨੂੰ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੀਆਂ ਨਕਾਮੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਘਰ-ਘਰ ਤੱਕ ਪਹੁੰਚ ਬਣਾਉਣੀ ਪਵੇਗੀ।
ਪਾਰਟੀ ਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਅੱਤਵਾਦ ਦੇ ਕਾਲੇ ਦੌਰ ਵਿੱਚੋਂ ਪੰਜਾਬ ਨੂੰ ਕੱਢਣ ਲਈ ਕਈ ਬਲੀਦਾਨ ਦਿੱਤੇ ਹਨ। ਪਾਰਟੀ ਵਾਸਤੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਆਪਸੀ ਭਾਈਚਾਰਾ ਪਹਿਲ ਰੱਖਦੇ ਹਨ। ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਮੁੜ ਤੋਂ ਸਰਗਰਮ ਕਰਨ ਦੇ ਨਾਲ-ਨਾਲ ਬਲਾਕ ਅਤੇ ਵਾਰਡ ਪੱਧਰ ਤੱਕ ਸੰਗਠਨ ਨੂੰ ਮਜਬੂਤ ਕਰਨ ਲਈ ਅਹਿਮ ਕਦਮ ਚੁੱਕੇ ਜਾਣਗੇ। ਉਹਨਾਂ ਨੇ ਕਿਹਾ ਕਿ ਸਿਰਫ ਕਾਂਗਰਸ ਸੀ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਜਾ ਸਕਦੀ ਹੈ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਕਪੂਰ, ਪੁਰਸ਼ੋਤਮ ਖਲੀਫਾ, ਪੀਸੀਸੀ ਮੈਂਬਰ ਸੁਸ਼ੀਲ ਮਲਹੋਤਰਾ, ਕਰਨ ਕਾਲੀਆ, ਕੁਲਬੀਰ ਨੀਟਾ, ਦੀਪਕ ਹੰਸ, ਗੌਰਵ ਘਈ ਐਮ.ਸੀ, ਮੋਨੂੰ ਕਿੰਦਾ ਬਲਾਕ ਪ੍ਰਧਾਨ, ਰੋਹਿਤ ਪਾਹਵਾ, ਸੰਨੀ ਖੀਵਾ, ਜਸਵਿੰਦਰ ਸਿੰਘ ਓਸਾਹਨ, ਸ਼ਿਵ ਓਸਾਹਨ, ਹੇਮੰਤ ਮਹਾਜਨ, ਹਰਭਗਤ ਗਰੇਵਾਲ, ਗੁਰਨਾਮ ਸਿੰਘ ਕਲੇਰ, ਅਨਿਲ ਸਚਦੇਵਾ, ਯੋਗੇਸ਼ ਗੁਪਤਾ, ਕੇਵਲ ਪਾਹਵਾ, ਰਾਜੇਸ਼ ਅਗਰਵਾਲ, ਸੰਤੋਸ਼ ਗਰਗ, ਰਮਨ ਸ਼ਰਮਾ ਵੀ ਮੌਜੂਦ ਰਹੇ।