ਕਾਂਗਰਸ ਦੇ ਸੱਦੇ 'ਤੇ ਪੰਜਾਬ ਸਰਕਾਰ ਤੋਂ ਔਰਤਾਂ ਨੇ ਮੰਗਿਆ ਚਾਰ ਸਾਲ ਦਾ ਬਕਾਇਆ 48 ਹਜਾਰ
ਅਸ਼ੋਕ ਵਰਮਾ
ਬਠਿੰਡਾ, 18ਮਾਰਚ 2026: ਸ਼ਹਿਰੀ ਜ਼ਿਲ੍ਹਾ ਕਾਂਗਰਸ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਅੱਜ ਔਰਤਾਂ ਨੇ ਲੰਘੀਆਂ ਵਿਧਾਨ ਸਭਾ ਵੇਲੇ ਹਰ ਔਰਤ ਨੂੰ 1000 ਰੁਪਏ ਦੇਣ ਦੇ ਵਾਅਦੇ ਤਹਿਤ ਅੱਜ ਪਿਛਲੇ ਚਾਰ ਸਾਲਾਂ ਦਾ 48 ਹਜਾਰ ਬਕਾਇਆ ਦੇਣ ਦੀ ਮੰਗ ਕੀਤੀ ਹੈ।ਅੱਜ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਅੱਗੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਮਹਿਲਾਵਾਂ, ਮਹਿਲਾ ਕਾਂਗਰਸ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ। ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਜਨ ਗਰਗ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਵੇਲੇ ਮਹਿਲਾਵਾਂ ਨੂੰ 1-1 ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਦਿੱਤੀ ਗਈ ਸੀ ਪਰ ਹੁਣ 4 ਸਾਲ ਦਾ ਬਣਦਾ ਬਕਾਇਆ 48 ਹਜ਼ਾਰ ਖਾਤਿਆਂ ਵਿੱਚ ਨਹੀਂ ਪਾਇਆ ਗਿਆ ਜਿਸ ਤੋਂ ਸਰਕਾਰ ਦੀ ਦੋਗਲੀ ਨੀਤੀ ਸਾਹਮਣੇ ਆਉਂਦੀ ਹੈ।
ਉਹਨਾਂ ਕਿਹਾ ਕਿ ਹੁਣ ਇਸ ਸਰਕਾਰ ਨੇ ਆਖਰੀ ਬਜਟ ਵਿੱਚ ਗਰੰਟੀ ਦਾ ਐਲਾਨ ਕਰਕੇ ਚੋਣ ਵਰੇ ਨੂੰ ਦੇਖਦਿਆਂ ਪੰਜਾਬੀਆਂ ਨੂੰ ਗੁਮਰਾਹ ਕਰਨ ਦੀ ਸਿਆਸਤ ਖੇਡੀ ਗਈ ਹੈ ਜਿਸ ਤੋਂ ਪੰਜਾਬ ਦੇ ਲੋਕ ਭਲੀ ਭਾਂਤ ਜਾਣੂ ਹਨ।ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ, ਚੋਣਾਂ ਵੇਲੇ ਦਿੱਤੀ ਕੋਈ ਵੀ ਗਰੰਟੀ ਪੂਰੀ ਨਹੀਂ ਕੀਤੀ, ਸੂਬੇ ਦੇ ਹਾਲਾਤ ਮਾੜੇ ਹਨ, ਗੈਂਗਸਟਰਾਂ ਕਰਕੇ ਗਾਇਕਾਂ, ਵਪਾਰੀਆਂ ਅਤੇ ਸ਼ਹਿਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ, ਲੁੱਟ ਖੋਹ ਦੀਆਂ ਘਟਨਾਵਾਂ ਕਰਕੇ ਮਹਿਲਾਵਾਂ ਡਰਕੇ ਘਰਾਂ ਵਿੱਚ ਬੈਠਣ ਲਈ ਮਜਬੂਰ ਹਨ । ਉਨ੍ਹਾਂ ਕਿਹਾ ਕਿ ਹੈਰਾਨਗੀ ਦੀ ਗੱਲ ਹੈ ਕਿ ਇਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ, ਲੋਕ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਉਹਨਾਂ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਹੱਥ ਮਜਬੂਤ ਕੀਤੇ ਜਾਣ ਤਾਂ ਜੋ ਮੁੜ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਮਜਬੂਤ ਬਣਾ ਕੇ ਲੋਕਾਂ ਨੂੰ ਹਰ ਸਹੂਲਤ ਮੁਹਈਆ ਕਰਵਾਈ ਜਾਵੇ। ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ , ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਰਮੇਸ਼ ਰਾਣੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਰਨਲ ਸਕੱਤਰ ਵਕੀਲ ਅਮਨਦੀਪ ਕੌਰ ਬਾਜਵਾ ਅਤੇ ਅੰਮ੍ਰਿਤਾ ਗਿੱਲ ਸਮੇਤ ਵੱਡੀ ਗਿਣਤੀ ਔਰਤਾਂ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ ।
Click to Follow Babushahi Facebook page →