ਅੰਮ੍ਰਿਤਸਰ ’ਚ ਦਿਨ-ਦਿਹਾੜੇ ਅਧਿਆਪਕ ਦਾ ਕਤਲ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ 1 ਜੂਨ 2026:
ਅੰਮ੍ਰਿਤਸਰ ਦੇ ਨਰਾਇਣਗੜ੍ਹ ਇਲਾਕੇ ਵਿੱਚ ਅੱਜ ਦੁਪਹਿਰ ਵੇਲੇ ਕਾਨੂੰਨ ਵਿਵਸਥਾ ਦੇ ਪਰਖੱਚੇ ਉਡਾਉਂਦਿਆਂ ਬੇਖੌਫ਼ ਹਮਲਾਵਰਾਂ ਵੱਲੋਂ ਦਿਨ-ਦਿਹਾੜੇ ਇੱਕ ਅਧਿਆਪਕ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਅਧਿਆਪਕ ਆਪਣੀ ਧੀ ਨੂੰ ਟਿਊਸ਼ਨ ਛੱਡਣ ਤੋਂ ਬਾਅਦ ਜਿਵੇਂ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਵੱਲ ਪਰਤ ਰਿਹਾ ਸੀ, ਤਾਂ ਰਸਤੇ ਵਿੱਚ ਘਾਤ ਲਗਾ ਕੇ ਬੈਠੇ ਹਮਲਾਵਰਾਂ ਦੇ ਇੱਕ ਸਮੂਹ ਨੇ ਉਸ ਨੂੰ ਘੇਰ ਲਿਆ।
ਹਮਲਾਵਰਾਂ ਨੇ ਅਧਿਆਪਕ ’ਤੇ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਹਮਲੇ ਸ਼ੁਰੂ ਕਰ ਦਿੱਤੇ ਅਤੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਉਸ ਦਾ ਗਲਾ ਵੱਢ ਦਿੱਤਾ। ਹਮਲਾ ਇੰਨਾ ਭਿਆਨਕ ਸੀ ਕਿ ਸੜਕ ਦੇ ਵਿਚਕਾਰ ਹੀ ਬਹੁਤ ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਅਧਿਆਪਕ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹਥਿਆਰ ਲਹਿਰਾਉਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਖ਼ੂਨੀ ਘਟਨਾ ਦੁਪਹਿਰ ਤਕਰੀਬਨ 2 ਵਜੇ ਨਰਾਇਣਗੜ੍ਹ ਨਾਲੇ ਦੇ ਨਜ਼ਦੀਕ ਵਾਪਰੀ। ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਤਲਵੰਡੀ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਪੇਸ਼ੇ ਤੋਂ ਅਧਿਆਪਕ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਟੀਮ ਭਾਰੀ ਫੋਰਸ ਸਮੇਤ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ, ਪਰ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸੋਗ ਦਾ ਮਾਹੌਲ ਬਣਿਆ ਹੋਇਆ ਹੈ।
- Download Babushahi App
-
-