ਪਿੰਡ ਟਾਹਲੀਵਾਲਾ ਜੱਟਾ ਦਾ ਸਰਕਾਰੀ ਮਿਡਲ ਸਕੂਲ ਹਾਈ ਸਕੂਲ ਵਿਚ ਹੋਇਆ ਅਪਗ੍ਰੇਡ, MLA ਵੱਲੋਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ
- ਪੰਜਾਬ ਸਰਕਾਰ ਵੱਲੋਂ ਸਿਖਿਆ ਦੇ ਖੇਤਰ ਵਿਚ ਅਥਾਹ ਕ੍ਰਾਂਤੀ ਲਿਆਉਣ ਲਈ ਉਪਰਾਲੇ ਜਾਰੀ-ਜਗਦੀਪ ਸਿੰਘ ਗੋਲਡੀ ਕੰਬੋਜ
ਜ਼ਲਾਲਾਬਾਦ, ਫਾਜ਼ਿਲਕਾ 21 ਨਵੰਬਰ 2024 - ਜ਼ਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਸਿੰਘ ਗੋਲਡੀ ਕੰਬੋਜ਼ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿਖਿਆ ਦੇ ਖੇਤਰ ਵਿਚ ਨਵੇਂ—ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਇਕ ਹੋਰ ਪਹਿਲਕਦਮੀਆਂ ਕਰਦਿਆਂ ਸਰਕਾਰੀ ਮਿਡਲ ਸਕੂਲ ਟਾਹਲੀਵਾਲਾ ਜੱਟਾਂ ਨੂੰ ਹਾਈ ਸਕੂਲ ਦੇ ਪੱਧਰ ਤੱਕ ਅਪਗੇ੍ਰਡ ਕੀਤਾ ਗਿਆ ਹੈ। ਉਨ੍ਹਾਂ ਪਿੰਡ ਦੇ ਬਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਹੈ ਤਾਂ ਜ਼ੋ ਬਚਿਆਂ ਨੂੰ ਮਿਡਲ ਤੱਕ ਦੀ ਸਿਖਿਆ ਤੋਂ ਬਾਅਦ ਉਚੇਰੀ ਪੜ੍ਹਾਈ ਲਈ ਦੂਸਰੇ ਸਕੂਲ ਨਹੀਂ ਜਾਣਾ ਪਵੇਗਾ।
ਵਿਧਾਇਕ ਸ੍ਰੀ ਗੋਲਡੀ ਕੰਬੋਜ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਸਿਖਿਆ ਦੇ ਖੇਤਰ ਵਿਚ ਅਥਾਹ ਕ੍ਰਾਂਤੀ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਆਧੁਨਿਕ ਤਕਨੀਕ ਦਾ ਬੁਨਿਆਦੀ ਢਾਂਚਾ ਸਥਾਪਿਤ ਕਰਕੇ ਵੀ ਸਕੂਲਾਂ ਦਾ ਪੱਧਰ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਵਧੇਰੇ ਉਚਾ ਹੋ ਗਿਆ ਹੈ।। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਲਾਲਾਬਾਦ ਹਲਕੇ ਨੂੰ ਦੋ ਸਕੂਲ ਆਫ਼ ਐਮੀਨਾਂਸ ਵੀ ਦਿੱਤੇ ਹਨ ਜੋ ਕਿ ਹਲਕਾ ਨਿਵਾਸੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਬਹੁਤ ਧੰਨਵਾਦ ਕਰਦੇ ਹਨ ਜੋ ਜਲਾਲਾਬਾਦ ਹਲਕੇ ਨੂੰ ਵਿਕਾਸ ਦੀ ਪ੍ਰਗਤੀ ਵੱਲ ਲਿਜਾ ਰਹੇ ਹਨ।
ਵਿਧਾਇਕ ਜ਼ਲਾਲਾਬਾਦ ਨੇ ਕਿਹਾ ਕਿ ਬਚਿਆਂ ਦੀ ਪੜ੍ਹਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਿਥੇ ਅਨੇਕਾਂ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਉਥੇ ਅਧਿਆਪਕਾਂ ਨੂੰ ਤਕਨੀਕ ਯੁਗ ਵਿਚ ਸਿਖਲਾਈ ਲਈ ਵਿਦੇਸ਼ਾਂ ਤੱਕ ਭੇਜਿਆ ਗਿਆ ਹੈ ਤਾਂ ਜ਼ੋ ਨਵੀ ਤਕਨੀਕ ਦੀ ਸਿਖਲਾਈ ਹਾਸਲ ਕਰਕੇ ਅਗੇ ਬਚਿਆਂ ਨੂੰ ਗਿਆਨ ਦੀ ਵੰਡ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਿਖਿਆ ਤੇ ਸਿਹਤ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਸਨ ਜਿਨ੍ਹਾਂ *ਤੇ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਸਹੂਲਤਾਂ ਨਾਲ ਲੈਸ ਸਰਕਾਰੀ ਸਕੂਲਾਂ ਵਿਚ ਦਾਖਲਾ ਕਰਵਾਉਣ ਨੂੰ ਬਚੇ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਕੁਲ ਦੇ ਅਪਗ੍ਰੇਡ ਹੋਣ ਨਾਲ ਬਚਿਆਂ ਦੀ ਖਜਲ-ਖੁਆਰੀ ਘਟੇਗੀ ਤੇ ਬਚੇ ਮਨ ਲਗਾ ਕੇ ਇਕ ਸਾਰ ਇਕੋ ਸਕੂਲ ਵਿਚ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੇ, ਬਚਿਆਂ ਦੇ ਨਾਲ-ਨਾਲ ਮਾਪਿਆਂ ਦਾ ਵੀ ਸਕੁਲ ਬਦਲਣ ਵਾਲਾ ਬੋਝ ਘਟੇਗਾ।