ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਕਰਵਾਇਆ ਸਾਲਾਨਾ ਬੀ. ਆਰ. ਰਾਓ ਯਾਦਗਰੀ ਭਾਸ਼ਣ
- ਦਮੋਦਰ ਦੀ ਹੀਰ ਦੇ ਹਵਾਲੇ ਨਾਲ਼ ਕੀਤੀ ਗਈ ਮੱਧਕਾਲੀ ਪੰਜਾਬ ਦੀਆਂ ਵੱਖ-ਵੱਖ ਪਰਤਾਂ ਦੀ ਗੱਲ
ਪਟਿਆਲਾ, 21 ਨਵੰਬਰ 2024 - ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ 'ਸਾਲਾਨਾ ਬੀ. ਆਰ. ਰਾਓ ਯਾਦਗਰੀ ਭਾਸ਼ਣ ਲੜੀ' ਤਹਿਤ ਅੱਜ ਪ੍ਰੋ. ਸੁਰਿੰਦਰ ਸਿੰਘ ਦਾ ਭਾਸ਼ਣ ਕਰਵਾਇਆ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਤੋਂ ਪੁੱਜੇ ਪ੍ਰੋ. ਸੁਰਿੰਦਰ ਸਿੰਘ ਨੇ ਦਮੋਦਰ ਦੀ ਹੀਰ ਦੇ ਹਵਾਲੇ ਨਾਲ਼ ਮੱਧਕਾਲ ਦੇ ਪੰਜਾਬ ਬਾਰੇ ਗੱਲ ਕੀਤੀ।
ਉਨ੍ਹਾਂ ਆਪਣੇ ਭਾਸ਼ਣ ਵਿੱਚ ਇਸ ਲਿਖਤ ਦੇ ਹਵਾਲੇ ਨਾਲ਼ ਮੱਧਕਾਲੀ ਪੰਜਾਬ ਦੀ ਜਾਤੀ ਗਤੀਸ਼ੀਲਤਾ, ਲਿੰਗ ਭੂਮਿਕਾਵਾਂ ਅਤੇ ਸਮਾਜਿਕ ਗੱਠਜੋੜ ਦੇ ਵੱਖ-ਵੱਖ ਪੱਖਾਂ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਉਨ੍ਹਾਂ ਆਪਣੇ ਭਾਸ਼ਣ ਵਿੱਚ ਇਸ ਲਿਖਤ ਦੀ ਮਹਾਨਤਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਸਿਰਫ਼ ਪਿਆਰ ਕਥਾ ਹੀ ਨਹੀਂ ਬਲਕਿ ਪੰਜਾਬ ਦੇ ਉਸ ਯੁੱਗ ਦੀਆਂ ਵੱਖ-ਵੱਖ ਪਰਤਾਂ ਨੂੰ ਬਰੀਕੀ ਨਾਲ਼ ਸਮਝਣ ਲਈ ਇੱਕ ਪ੍ਰਮਾਣਿਤ ਦਸਤਾਵੇਜ਼ ਹੈ। ਖੇਤੀਬਾੜੀ ਨਾਲ਼ ਸੰਬੰਧਤ ਸਮਾਜ ਅਤੇ ਵੱਖ-ਵੱਖ ਜਾਤਾਂ ਗੋਤਾਂ ਦੀ ਆਪਸੀ ਸਾਂਝ ਅਤੇ ਟਕਰਾਅ ਨੂੰ ਜਾਣਨ ਲਈ ਇਸ ਲਿਖਤ ਨੂੰ ਵਾਚਿਆ ਜਾ ਸਕਦਾ ਹੈ।
ਵਿਭਾਗ ਮੁਖੀ ਡਾ. ਜੋਤੀ ਪੁਰੀ ਵੱਲੋਂ ਆਪਣੇ ਸਵਾਗਤੀ ਭਾਸ਼ਣ ਦੌਰਾਨ ਬੁਲਾਰੇ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਮੋਨਿਕਾ ਸੱਭਰਵਾਲ ਵੱਲੋਂ ਮੰਚ ਸੰਚਾਲਨ ਕਰਦਿਆਂ ਡਾ. ਬੀ. ਆਰ. ਰਾਓ ਦੀ ਸ਼ਖ਼ਸੀਅਤ ਬਾਰੇ ਗੱਲ ਕੀਤੀ। ਧੰਨਵਾਦੀ ਸ਼ਬਦ ਡਾ. ਧਰਮਜੀਤ ਸਿੰਘ ਵੱਲੋਂ ਬੋਲੇ ਗਏ।