ਪੰਜਾਬੀ ਭਾਸ਼ਾ ਦੇ ਰੰਗ-ਬਾਲ ਸਭਾ ਦੇ ਸੰਗ : ਟਾਕਾਨੀਨੀ ਸਕੂਲ ਦੀ ‘ਮਾਰਨਿੰਗ ਅਸੈਂਬਲੀ’ ’ਚ ਅਧਿਆਪਕਾਂ ਨੇ ਪੰਜਾਬੀ ਪਹਿਰਾਵੇ ਤੇ ਸੰਗੀਤ ਨਾਲ ਬੰਨ੍ਹਿਆ ਸਮਾਂ
- ਖੁਸ਼ੀ ਵਿਚ ਖੀਵੇ ਹੋਏ ਬੱਚੇ, ਬੁਲਾਉਂਦੇ ਸਨ ਸਤਿ ਸ੍ਰੀ ਅਕਾਲ
-ਸੁਪਰੀਮ ਸਿੱਖ ਸੁਸਾਇਟੀ ਵੱਲੋਂ ਬੱਚਿਆਂ ਲਈ ਪਹੁੰਚੀ ਆਈਸ ਕ੍ਰੀਮ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 5 ਨਵੰਬਰ 2025-ਪੰਜਾਬ ਵਿੱਚ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਪੰਜਾਬੀ ਮਾਹ ਦੇ ਜਸ਼ਨ ਜਾਰੀ ਹਨ, ਉੱਥੇ ਨਿਊਜ਼ੀਲੈਂਡ ਵਿੱਚ ‘ਛੇਵਾਂ ਪੰਜਾਬੀ ਭਾਸ਼ਾ ਹਫ਼ਤਾ’ 03 ਤੋਂ 09 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਟਾਕਾਨੀਨੀ ਪ੍ਰਾਇਮਰੀ ਸਕੂਲ, ਜਿਸ ਵਿੱਚ ਲਗਪਗ 30% ਭਾਰਤੀ ਬੱਚੇ ਪੜ੍ਹ ਰਹੇ ਹਨ, ਵਿਖੇ ਸਵੇਰ ਦੀ ਬਾਲ ਸਭਾ ਨੂੰ ਪੂਰੀ ਤਰ੍ਹਾਂ ਪੰਜਾਬੀ ਰੰਗ ਚੜ੍ਹਿਆ ਵੇਖਿਆ ਗਿਆ। ਲੀਡਿੰਗ ਅਧਿਆਪਕਾ ਮੈਡਮ ਅਮਨਪ੍ਰੀਤ ਕੌਰ ਦੇ ਯਤਨਾਂ ਸਦਕਾ ਇਸ ਵਾਰ ਫਿਰ ‘ਪੰਜਾਬੀ ਭਾਸ਼ਾ ਹਫ਼ਤਾ’ ਸਫ਼ਲਤਾ ਪੂਰਵਕ ਮਨਾਇਆ ਗਿਆ। ਮੈਡਮ ਪ੍ਰਭਜੋਤ ਕੌਰ ਹੋਰਾਂ ਨੇ ਪੰਜਾਬੀ ਸੰਗੀਤ ਨਾਲ ਹੋਰਨਾਂ ਅਧਿਆਪਕਾਂ ਦੀ ਸਾਂਝ ਪਵਾ ਕੇ ਜਿੱਥੇ ਉਨ੍ਹਾਂ ਕੋਲੋਂ ਸਟੇਜ ਉੱਤੇ ਭੰਗੜਾ ਕਰਵਾ ਲਿਆ, ਉੱਥੇ ਮਾਹੌਲ ਨੂੰ ਖੁਸ਼ਗਵਾਰ ਬਣਾ ਕੇ ਆਉਣ ਵਾਲੇ ਸਾਲਾਂ ਲਈ ਵੀ ਉਤਸ਼ਾਹਿਤ ਕਰ ਲਿਆ। ਕਿਸੇ ਦੂਸਰੀ ਭਾਸ਼ਾ ਵਾਲੇ ਨੂੰ ਆਪਣੀ ਭਾਸ਼ਾ ਨਾਲ ਜੋੜਨ ਵਿੱਚ ਸੰਗੀਤ ਇੱਕ ਪੁਲ ਵਜੋਂ ਕੰਮ ਕਰਦਾ ਹੈ। 500 ਦੇ ਕਰੀਬ ਬੱਚਿਆਂ ਦੇ ਇਕੱਠ ਵਿੱਚ ਮੈਡਮ ਅਮਨਪ੍ਰੀਤ ਕੌਰ ਅਤੇ ਇੱਕ ਸਕੂਲੀ ਬੱਚੀ ਨੇ ‘ਸਤਿ ਸ੍ਰੀ ਅਕਾਲ’, ‘ਕੀ ਹਾਲ ਹੈ?’, ‘ਤੁਹਾਡਾ ਦਿਨ ਚੰਗਾ ਹੋਵੇ’ ਅਤੇ ਹੋਰ ਅਜਿਹੇ ਸੰਖੇਪ ਵਾਕਾਂ ਨੂੰ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਬੱਚਿਆਂ ਨੂੰ ਸਮਝਾਇਆ। ਇਸਦਾ ਤੁਰੰਤ ਪ੍ਰਭਾਵ ਵੇਖਣ ਨੂੰ ਮਿਲਿਆ ਕਿ ਬੱਚੇ ਸਮਾਪਤੀ ਉੱਤੇ ਲੰਘਦੇ ਹੋਏ ਇਨ੍ਹਾਂ ਵਾਕਾਂ ਦੀ ਵਰਤੋਂ ਕਰ ਰਹੇ ਸਨ।
ਸਕੂਲ ਪ੍ਰਿੰਸੀਪਲ ਮੈਡਮ ਮਾਰਗ੍ਰੇਟ ਨੇ ਆਏ ਮਹਿਮਾਨਾਂ, ਜਿਨ੍ਹਾਂ ਵਿੱਚ ਡਾ. ਹਰਨੇਕ ਸਿੰਘ ਢੋਟ (ਰਿਟਾਇਰਡ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ), ਸ. ਹਰਜੋਤ ਸਿੰਘ (ਲੇਖਕ ਅਤੇ ਫਿਲਮ ਅਦਾਕਾਰ), ਸ. ਨਰਿੰਦਰਵੀਰ ਸਿੰਘ (ਰੇਡੀਓ ਪੇਸ਼ਕਾਰ) ਅਤੇ ਸ. ਹਰਜਿੰਦਰ ਸਿੰਘ ਬਸਿਆਲਾ (ਸੰਪਾਦਕ ਪੰਜਾਬੀ ਹੈਰਲਡ) ਸ਼ਾਮਲ ਸਨ, ਨੂੰ ਜੀ ਆਇਆਂ ਆਖਿਆ। ਪਿ੍ਰੰਸੀਪਲ ਸਾਹਿਬਾ ਦੇ ਚਿਹਰੇ ਉੱਤੇ ਅੱਜ ਦੇ ਸਮਾਗਮ ਦੀ ਖੁਸ਼ੀ ਖੂਬ ਚਮਕ ਰਹੀ ਸੀ। ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਇਸ ਗੱਲ ਦੀ ਵੀ ਖੁਸ਼ੀ ਸੀ ਕਿ ਜਿੱਥੇ ਉਨ੍ਹਾਂ ਦੇ ਸਕੂਲ ਦੇ ਛੋਟੇ-ਛੋਟੇ ਬੱਚੇ ਪੰਜਾਬੀ ਪਹਿਰਾਵੇ ਵਿੱਚ ਸਟੇਜ ਉੱਤੇ ਸੱਭਿਆਚਾਰਕ ਆਈਟਮਾਂ ਪੇਸ਼ ਕਰਨ ਵਾਲੇ ਸਨ, ਉੱਥੇ ਉਨ੍ਹਾਂ ਦਾ ਸਟਾਫ਼ ਵੀ ਪੰਜਾਬੀ ਸੂਟਾਂ, ਲਹਿੰਗੇ ਅਤੇ ਕੁਰਤੇ ਪਜਾਮੇ ਪਹਿਨ ਕੇ ਆਇਆ ਸੀ। ਉਨ੍ਹਾਂ ਆਪ ਵੀ ਪੰਜਾਬੀ ਸੂਟ ਪਾਇਆ ਹੋਇਆ ਸੀ। ਸਟੇਜ ਸੰਚਾਲਨ ਵੀ ਇੱਕ ਬੱਚੇ ਅਤੇ ਬੱਚੀ ਨੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਕੀਤਾ। ਜੂਨੀਅਰ ਭੰਗੜਾ ਟੀਮ, ਸੀਨੀਅਰ ਭੰਗੜਾ ਟੀਮ ਅਤੇ ਟੀਚਰਜ਼ ਟੀਮ (ਲੀਜ਼ਲ, ਕੈਰੋਲਿਨ, ਕਰਮਜੀਤ, ਜਸਵੀਰ, ਮਿਲੇਸਾ, ਐਲਿਸਨ, ਜਾਰਜ, ਨਿਕੋਲਸ, ਜੇਡ, ਐਸ਼ਲੀ, ਪ੍ਰਭਜੋਤ, ਵੈਂਡੀ) ਨੇ ਵਾਰੋ-ਵਾਰੀ ਪੰਜਾਬੀ ਸੰਗੀਤ ਉੱਤੇ ਕਮਾਲ ਦਾ ਡਾਂਸ ਕੀਤਾ।
ਉਨ੍ਹਾਂ ਡਿਪਟੀ ਪ੍ਰਿੰਸੀਪਲ ਜੇਨ ਅਤੇ ਜੈਰਡ, ਟੀਮ ਲੀਡਰ ਅਮਨਪ੍ਰੀਤ ਕੌਰ, ਡਾਂਸ ਟੀਚਰ ਅਤੇ ਲਰਨਿੰਗ ਅਸਿਸਟੈਂਟ ਪ੍ਰਭਜੋਤ ਕੌਰ ਹੋਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਹ ਸੁੰਦਰ ਪ੍ਰੋਗਰਾਮ ਉਲੀਕਿਆ। ਬੱਚਿਆਂ ਦੀ ਖੁਸ਼ੀ ਉਦੋਂ ਹੋਰ ਦੁੱਗਣੀ ਹੋ ਗਈ ਅਤੇ ਤਾੜੀਆਂ ਦੀ ਆਵਾਜ਼ ਉੱਚੀ ਹੋ ਗਈ ਜਦੋਂ ਪ੍ਰਿੰਸੀਪਲ ਨੇ ਐਲਾਨ ਕੀਤਾ ਕਿ ਗੁਰਦੁਆਰਾ ਸਾਹਿਬ ਟਾਕਾਨੀਨੀ ਤੋਂ ਸ. ਦਲਜੀਤ ਸਿੰਘ ਦਾ ਫ਼ੋਨ ਆਇਆ ਹੈ ਕਿ ਬੱਚਿਆਂ ਦੇ ਲਈ ਆਈਸ ਕ੍ਰੀਮ ਵਾਲਾ ਟਰੱਕ ਭੇਜਿਆ ਜਾ ਰਿਹਾ ਹੈ। ਸਕੂਲ ਛੁੱਟੀ ਦੌਰਾਨ ਇਹ ਆਈਸ ਕ੍ਰੀਮ ਖਾ ਕੇ ਬੱਚਿਆਂ ਨੇ ਖੂਬ ਅਨੰਦ ਮਾਣਿਆ। ਆਏ ਮਹਿਮਾਨਾਂ ਲਈ ਚਾਹ-ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਕੁਝ ਹੋਰ ਵਿਚਾਰਾਂ ਕਰਨ ਤੋਂ ਬਾਅਦ ਅੰਤ ਵਿੱਚ ਇਹ ਕਹਿ ਸਕਦੇ ਹਾਂ ਕਿ ਬੱਚਿਆਂ ਲਈ ਅੱਜ ਦੀ ਬਾਲ ਸਭਾ ਜਿੱਥੇ ਯਾਦਗਾਰੀ ਹੋਵੇਗੀ, ਉੱਥੇ ਆਉਣ ਵਾਲੇ ਸਮੇਂ ਲਈ ਪੰਜਾਬੀ ਮਾਂ ਬੋਲੀ ਦੇ ਬੀਜ ਪੰਜਾਬੀ ਬੋਲਣ ਵਾਲੇ ਬੱਚਿਆਂ ਦੇ ਰੂਪ ਵਿੱਚ ਵੱਡੇ ਹੋ ਕੇ ਕਮਿਊਨਿਟੀ ਵਿੱਚ ਵਿਚਰਨਗੇ।