ਗਾਇਕ ਪਰਵਿੰਦਰ ਮੂਧਲ ਦਾ ਗੀਤ "ਸੱਪ ਅਤੇ ਮੋਰ" ਦਾ ਪੋਸਟਰ ਲੰਡਨ 'ਚ ਲੋਕ ਅਰਪਣ
-ਸਵ: ਗੁਰਬਚਨ ਸਿੰਘ ਖੁਰਮੀ ਦੀ ਲਿਖਤ ਹਨ ਉਕਤ ਲੋਕ ਤੱਥ
-ਮੈਲਬੌਰਨ ਵਿਖੇ "ਹਿੰਮਤਪੁਰਾ ਨਾਈਟ" 'ਚ 22 ਜੂਨ ਨੂੰ ਹੋਵੇਗਾ ਗੀਤ ਲੋਕ ਅਰਪਣ
ਲੰਡਨ , 17 ਜੂਨ 2024 : "ਪਿਤਾ ਦਿਵਸ ਦੀ ਅਹਿਮੀਅਤ ਉਦੋਂ ਹੋਰ ਵਧ ਜਾਂਦੀ ਹੈ ਜਦੋਂ ਮਰਹੂਮ ਪਿਤਾ ਦੀ ਲਿਖਤ ਨੂੰ ਗੀਤ ਦੇ ਰੂਪ ਵਿੱਚ ਔਲਾਦ ਵੱਲੋਂ ਸੰਗੀਤ ਜਗਤ ਦੀ ਝੋਲੀ ਪਾਇਆ ਜਾਵੇ।" ਉਕਤ ਵਿਚਾਰਾਂ ਦਾ ਪ੍ਰਗਟਾਵਾ ਈਲਿੰਗ ਸਾਊਥਾਲ ਤੋਂ ਪੰਜ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਸ੍ਰੀ ਵੀਰੇਂਦਰ ਸ਼ਰਮਾ ਨੇ ਕੀਤਾ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਯੂਨੀਵਰਸਲ ਸੇਵਾ ਯੂਕੇ ਅਤੇ ਸਾਹਿਤਕਾਰ ਡਾ: ਤਾਰਾ ਸਿੰਘ ਆਲਮ ਦੀ ਅਗਵਾਈ ਹੇਠ ਮਨਦੀਪ ਖੁਰਮੀ ਹਿੰਮਤਪੁਰਾ ਦੇ ਮਰਹੂਮ ਪਿਤਾ ਗੁਰਬਚਨ ਸਿੰਘ ਖੁਰਮੀ ਦੇ ਲਿਖੇ ਤੇ ਗਾਇਕ ਪਰਵਿੰਦਰ ਮੂਧਲ ਵੱਲੋਂ ਗਾਏ ਗੀਤ ਦਾ ਪੋਸਟਰ ਲੋਕ ਅਰਪਣ ਹਿਤ ਸਮਾਗਮ ਸਾਊਥਾਲ ਵਿਖੇ ਕਰਵਾਇਆ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਵ: ਕੰਡਕਟਰ ਗੁਰਬਚਨ ਸਿੰਘ ਖੁਰਮੀ ਦੇ ਇਸ ਗੀਤ ਨੂੰ ਉਹਨਾਂ ਦੇ ਜਹਾਨੋਂ ਰੁਖ਼ਸਤ ਹੋਣ ਤੋਂ 18 ਸਾਲ ਬਾਅਦ ਆਵਾਜ ਮਿਲੀ ਹੈ। ਇਸ ਸਮੇਂ ਬੋਲਦਿਆਂ ਡਾ: ਤਾਰਾ ਸਿੰਘ ਆਲਮ ਨੇ ਸਮੁੱਚੀ ਟੀਮ ਨੂੰ ਵਧਾਈ ਪੇਸ਼ ਕਰਦਿਆਂ ਆਪਣੇ ਮਾਪਿਆਂ ਦੀ ਯਾਦ ਨੂੰ ਸਦੀਵੀ ਅਮਰ ਕਰਨ ਵਰਗਾ ਕਦਮ ਦੱਸਿਆ। ਲੰਡਨ ਦੀ ਈਲਿੰਗ ਬਾਰੋਅ ਦੀ ਸਾਬਕਾ ਮੇਅਰ ਮਹਿੰਦਰ ਕੌਰ ਮਿੱਢਾ ਨੇ ਕਿਹਾ ਕਿ ਇਹ ਮਾਪਿਆਂ ਦੀ ਸਿੱਖਿਆ ਦਾ ਹੀ ਅਸਰ ਹੈ ਕਿ ਉਹਨਾਂ ਦੀ ਔਲਾਦ ਉਹਨਾਂ ਨੂੰ ਹਰ ਸਾਹ ਨਾਲ ਯਾਦ ਕਰੇ। ਇਸ ਸਮੇਂ ਸ਼ਾਇਰਾ ਮਨਜੀਤ ਕੌਰ ਪੱਡਾ, ਗਾਇਕ ਨਵਇੰਦਰ, ਸਿਮਰ ਆਲਮ, ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਸੇਵਾਦਾਰ ਜਗਰਾਜ ਸਿੰਘ ਸਰਾਂ, ਸ੍ਰੀਮਤੀ ਅਮਰਜੀਤ ਕੌਰ ਆਲਮ, ਚੈਜ ਚਾਹਲ, ਗੁਰਪ੍ਰੀਤ ਆਲਮ ਆਦਿ ਨੇ ਵੀ ਆਪਣੇ ਸੰਬੋਧਨ ਦੌਰਾਨ ਗੀਤ ਨਾਲ ਜੁੜੇ ਹਰ ਸਖਸ਼ ਨੂੰ ਹਾਰਦਿਕ ਵਧਾਈ ਪੇਸ਼ ਕੀਤੀ। ਪੰਜ ਦਰਿਆ ਯੂਕੇ ਦੇ ਮੁੱਖ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਜਿੱਥੇ ਹਾਜ਼ਰੀਨ ਦਾ ਧੰਨਵਾਦ ਕੀਤਾ ਉੱਥੇ ਹੋਰ ਉਸਾਰੂ ਗੀਤਾਂ ਨੂੰ ਵੀ ਲੋਕ ਕਚਿਹਰੀ 'ਚ ਪੇਸ਼ ਕਰਨ ਦਾ ਅਹਿਦ ਦੁਹਰਾਇਆ।