ਸ਼ੰਭੂ / ਰਾਜਪੁਰਾ, 23 ਫਰਵਰੀ, 2017 : ਐੱਸ. ਵਾਈ. ਐੱਲ. ਨਹਿਰ ਦੀ ਖੁਦਾਈ ਕਰਨ ਦੇ ਐਲਾਨ ਮਗਰੋਂ ਇਨੈਲੋ ਦੇ ਲਗਭਗ 500 ਵਰਕਰਾਂ ਨੇ ਪਟਿਆਲਾ ਦੀ ਸਰਹੱਦ ਸ਼ੰਭੂ ਬਾਰਡਰ 'ਚ ਦਾਖਲ ਹੋ ਗਏ ਤੇ ਪੰਜਾਬ ਪੁਲਿਸ ਵਲੋਂ ਇਨ੍ਹਾਂ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ 'ਤੇ ਦਫਾ 144 ਦੀ ਉਲੰਘਣਾ ਦੇ ਦੋਸ਼ 'ਚ ਅਭੇ ਚੋਟਾਲਾ ਸਮੇਤ 19 ਵਿਧਾਇਕਾਂ ਦੇ ਨਾਲ ਵੱਡੀ ਗਿਣਤੀ 'ਚ ਮੌਜੂਦ ਵਰਕਰਾਂ ਨੂੰ ਹਿਰਾਸਤ ਵਿੱਚ ਲਈ ਲਿਆ।
ਜ਼ਿਕਰਯੋਗ ਹੈ ਕਿ ਇਨੈਲੋ ਨੇਤਾ ਅਭੈ ਚੌਟਾਲਾ ਨੇ ਐਲਾਨ ਕੀਤਾ ਸੀ ਕਿ ਉਹ ਪੰਜਾਬ ਤੋਂ ਆਪਣਾ ਪਾਣੀ ਲੈ ਕੇ ਰਹਿਣਗੇ ਅਤੇ ਇਸ ਦੇ ਲਈ 23 ਫਰਵਰੀ ਨੂੰ ਆਪਣੇ ਇਕ ਲੱਖ ਸਮਰਥਕਾਂ ਸਮੇਤ ਪਿੰਡ ਕਪੂਰੀ ਪੁੱਜ ਕੇ ਐੱਸ. ਵਾਈ. ਐੱਲ. ਨਹਿਰ ਦੀ ਖੁਦਾਈ ਕਰਨਗੇ ਪਰ ਸ਼ੰਭੂ ਬਾਰਡਰ 'ਤੇ ਹਜ਼ਾਰਾਂ ਦੀ ਗਿਣਤੀ 'ਚ ਤਾਇਨਾਤ ਪੁਲਸ ਮੁਲਾਜ਼ਮਾਂ ਅਤੇ ਪੈਰਾ ਮਿਲਟਰੀ ਫੋਰਸ ਨੇ ਇਨ੍ਹਾਂ ਵਰਕਰਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਅਤੇ ਹੰਗਾਮਾ ਕਰਨ ਵਾਲੇ ਕੁਝ ਇਨੈਲੋ ਨੇਤਾਵਾਂ ਨੂੰ ਗ੍ਰਿਫਤਾਰ ਵੀ ਕਰ ਲਿਆ।