ਵਪਾਰਕ, ਧਾਰਮਿਕ, ਸਮਾਜਿਕ ਅਤੇ ਜਨਤਕ ਸੰਸਥਾਵਾਂ ਵੱਲੋਂ 'ਮਾਨਸਾ ਬੰਦ' ਦੇ ਸੱਦੇ ਨੂੰ ਹਮਾਇਤ ਦਾ ਐਲਾਨ
ਅਸ਼ੋਕ ਵਰਮਾ
ਮਾਨਸਾ, 18 ਜੂਨ 2026 :ਸਿਆਸੀ ਸ਼ਹਿ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਕਥਿਤ ਧੱਕੇਸ਼ਾਹੀ ਅਤੇ ਸ਼ਹਿਰ ਦੇ ਵਿਗੜ ਰਹੇ ਹਾਲਾਤਾਂ ਖ਼ਿਲਾਫ਼ 21 ਮੈਂਬਰੀ ਕਮੇਟੀ ਦੀ ਦੇਖਰੇਖ ਹੇਠ 20 ਜੂਨ ( ਦਿਨ ਸ਼ਨੀਵਾਰ ) ਨੂੰ ਦਿੱਤੇ ਗਏ 'ਮਾਨਸਾ ਬੰਦ' ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਨਗਰ ਕੌਂਸਲ ਵਾਰਡ ਨੰਬਰ 18 ਦੇ ਜਿੱਤੇ ਹੋਏ ਆਜ਼ਾਦ ਉਮੀਦਵਾਰ ਅਤੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ (ਜੀਜਾ) ਖ਼ਿਲਾਫ਼ ਸਿਆਸੀ ਸ਼ਹਿ 'ਤੇ ਦਰਜ ਕੀਤੇ ਗਏ ਨਜਾਇਜ਼ ਅਤੇ ਬੇਬੁਨਿਆਦ ਪਰਚੇ ਨੂੰ ਰੱਦ ਕਰਵਾਉਣ ਲਈ ਸ਼ਹਿਰ ਦੀਆਂ ਸਮੂਹ ਸੰਸਥਾਵਾਂ ਨੇ ਆਰ-ਪਾਰ ਦੀ ਲੜਾਈ ਦਾ ਬਿਗਲ ਵਜਾ ਦਿੱਤਾ ਹੈ।ਅੱਜ ਇੱਥੇ ਹੋਈ ਇੱਕ ਵਿਸ਼ੇਸ਼ ਅਤੇ ਹੰਗਾਮੀ ਮੀਟਿੰਗ ਵਿੱਚ ਸ਼ਹਿਰ ਦੀਆਂ ਵੱਖ-ਵੱਖ ਵਪਾਰਕ, ਧਾਰਮਿਕ, ਸਮਾਜਿਕ, ਰਾਜਨੀਤਕ, ਕਿਸਾਨ, ਮਜ਼ਦੂਰ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੀਟਿੰਗ ਦੌਰਾਨ 20 ਜੂਨ ਦੇ ਬੰਦ ਨੂੰ ਇਤਿਹਾਸਕ ਅਤੇ ਮੁਕੰਮਲ ਬਣਾਉਣ ਲਈ ਏਰੀਆ ਵਾਈਜ਼ ਟੀਮਾਂ ਗਠਿਤ ਕਰਕੇ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਬੰਦ ਦੌਰਾਨ ਸ਼ਹਿਰ ਦੇ ਗੁਰੂਦੁਆਰਾ ਚੌਂਕ ਵਿਖੇ ਇੱਕ ਵਿਸ਼ਾਲ ਇਕੱਠ ਕੀਤਾ ਜਾਵੇਗਾ, ਜਿੱਥੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਹੋਵੇਗਾ।
ਕਮੇਟੀ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭਾਈਚਾਰਕ ਸਾਂਝ ਨੂੰ ਤੋੜਨ ਲਈ ਗੁਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਨਿੰਦਣਯੋਗ ਹੈ। ਉਹਨਾਂ ਸਪੱਸ਼ਟ ਕੀਤਾ ਕਿ ਇਸ ਰੋਸ਼ ਪ੍ਰਦਰਸ਼ਨ ਦਾ ਨਗਰ ਕੌਂਸਲ ਦੀ ਪ੍ਰਧਾਨਗੀ ਚੋਣ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਇਹ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਹੈ। ਇਹ ਸੰਘਰਸ਼ ਸਿਰਫ਼ ਪੁਲਿਸ ਦੀ ਧੱਕੇਸ਼ਾਹੀ ਅਤੇ ਸਿਆਸੀ ਬਦਲਾਖੋਰੀ ਖ਼ਿਲਾਫ਼ ਇਨਸਾਫ਼ ਦੀ ਆਵਾਜ਼ ਹੈ।
ਇਸ ਮੌਕੇ ਗਾਰਮੈਂਟਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਨੋਜ਼ ਗੋਇਲ, ਦੀ ਇਲੈਕਟ੍ਰੋਨਿਕਸ ਟਰੇਡਰਜ ਐਸੋਸੀਏਸਨ ਦੇ ਪ੍ਰਧਾਨ ਵਿਕਰਮ ਟੈਕਸਲਾ, ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਸੂਬਾਈ ਆਗੂ ਸੁਰੇਸ਼ ਕੁਮਾਰ, ਹੋਲਸੇਲ ਕਲਾਥ ਐਸੋਸੀਏਸ਼ਨ ਤੋਂ ਬਿੰਦਰਪਾਲ ਘਰ ਤੇ ਜੀਵਨ ਬਾਂਸਲ, ਆੜਤੀਆ ਐਸੋਸੀਏਸ਼ਨ ਦੇ ਰਮੇਸ਼ ਟੋਨੀ, ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਚੰਦਰ ਕਾਂਤ ਕੁਕੀ, ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਬਲਜੀਤ ਕੁਮਾਰ ਸ਼ਰਮਾ, ਸਮਾਲ ਸਕੇਲ ਇੰਡਸਟਰੀ ਅਤੇ ਆਇਰਨ ਮਰਚੈਂਟ ਐਸੋਸ਼ੀਏਸ਼ਨ ਦੇ ਸਤੀਸ਼ ਕੁਮਾਰ ਗੋਇਲ, ਸਵਰਨਕਾਰ ਸੰਘ ਦੇ ਅਮਰਜੀਤ ਕਟੌਦੀਆ ਅਤੇ ਵਪਾਰ ਮੰਡਲ ਦੇ ਸੂਬਾਈ ਆਗੂ ਮੁਨੀਸ਼ ਕੁਮਾਰ ਬੱਬੀ ਸਮੇਤ ਵੱਡੀ ਗਿਣਤੀ ਮੋਹਤਬਰ ਹਾਜ਼ਰ ਸਨ। ਬੰਦ ਦੇ ਸੱਦੇ ਨੂੰ ਸੰਯੁਕਤ ਕਿਸਾਨ ਮੋਰਚਾ, ਖੇਤ ਮਜ਼ਦੂਰ ਸਭਾ, ਬਾਰ ਐਸੋਸੀਏਸ਼ਨ, ਸ਼ੂਜ਼ ਐਸੋਸੀਏਸ਼ਨ, ਆਟੋ ਚਾਲਕ ਯੂਨੀਅਨ, ਸਬਜ਼ੀ ਰੇੜੀ ਯੂਨੀਅਨ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਅਤੇ ਸਿਨੇਮਾ ਰੋਡ ਯੂਨੀਅਨ ਆਦਿ ਸਮੇਤ ਸਮੂਹ ਜਨਤਕ ਜਥੇਬੰਦੀਆਂ ਨੇ ਆਪਣੀ ਪੂਰਨ ਹਮਾਇਤ ਦਿੱਤੀ ਹੈ।
- Download Babushahi App
-
-