ਅਦਾਰੇ ਦੀਆਂ ਜਾਇਦਾਦਾਂ ਵੇਚਣ ਦੀ ਤਜਵੀਜ਼ ਖਿਲਾਫ਼ ਪਾਵਰਕਾਮ ਇੰਜੀਨੀਅਰ, ਮੁਲਾਜ਼ਮ ਅਤੇ ਪੈਨਸ਼ਨਰ ਹੋਏ ਇਕਜੁੱਟ
16 ਅਕਤੂਬਰ ਤੋਂ 31 ਅਕਤੂਬਰ ਤੱਕ ਸਰਕਲਾਂ ਦੇ ਰੋਸ ਧਰਨੇ ਅਤੇ ਝੰਡਾ ਮਾਰਚ ਅਤੇ 2 ਨਵੰਬਰ ਨੂੰ ਬਿਜਲੀ ਮੰਤਰੀ ਖਿਲਾਫ਼ ਲੁਧਿਆਣੇ ਸੂਬਾ ਪੱਧਰੀ ਰੋਸ ਧਰਨਾ ਦੇਣ ਦਾ ਐਲਾਨ
Ravi jakhu
ਲੁਧਿਆਣਾ 13 ਅਕਤੂਬਰ 2025
ਪਾਵਰਕਾਮ ਅਦਾਰੇ ਦੀਆਂ ਵੱਡੇ ਸ਼ਹਿਰਾਂ ਵਿੱਚ ਮੌਜੂਦ ਸੈਂਕੜੇ ਏਕੜ ਵਿੱਚ ਫੈਲੀਆਂ ਬਹੁਤ ਮਹਿੰਗੀਆਂ ਜਾਇਦਾਦਾਂ ਜੋ ਕਈ ਦਹਾਕੇ ਪਹਿਲਾਂ ਜਿਆਦਾਤਰ ਪੰਚਾਇਤਾਂ ਵੱਲੋਂ ਅਤੇ ਕੁੱਝ ਨਿੱਜੀ ਤੌਰ ਤੇ ਲੋਕਾਂ ਵੱਲੋਂ ਦਫਤਰ ਅਤੇ ਗਰਿੱਡ ਬਣਾਉਣ ਲਈ ਉਸ ਵਕਤ ਬਿਜਲੀ ਬੋਰਡ ਨੂੰ ਦਾਨ ਵਜੋਂ ਦਿੱਤੀਆਂ ਸਨ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੇਚਣ ਦੀ ਤਜਵੀਜ਼ ਦੇ ਖਿਲਾਫ਼ ਅਦਾਰੇ ਦੇ ਇੰਜੀਨੀਅਰ , ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਪੀਐਸਈਬੀ ਇੰਪਲਾਈਜ਼ ਜੁਆਇੰਟ ਫੋਰਮ ,ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ , ਐਸੋਸ਼ੀਏਸਨ ਆਫ ਜੂਨੀਅਰ ਇੰਜੀਨੀਅਰ ,ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ: 24) , ਪਾਵਰਕਾਮ ਐਂਡ ਟ੍ਰਾਂਸ਼ਕੋ ਪੈਨਸ਼ਨਰ ਯੂਨੀਅਨ ਪੰਜਾਬ (ਸਬੰਧਤ ਏਟਕ) ,ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਹਿਲਵਾਨ ਤੋਂ ਇਲਾਵਾ ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ । ਇਸ ਬਹੁਤ ਹੀ ਅਹਿਮ ਮੀਟਿੰਗ ਵਿੱਚ ਪਾਵਰਕਾਮ ਅਦਾਰੇ ਦੀ ਹੋਂਦ ਬਚਾਉਣ ਦੇ ਸਵਾਲ ਤੇ ਇੰਜੀਨੀਅਰ , ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਸਰਕਾਰ ਵੱਲੋਂ ਜਾਇਦਾਦਾਂ ਵੇਚਣ ਦੀ ਤਜਵੀਜ਼ ਖਿਲਾਫ਼ ਸਾਂਝਾ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਕੀਤਾ । ਇਸ ਮੀਟਿੰਗ ਦੀ ਕਾਰਵਾਈ ਰਿਪੋਰਟ ਬਾਰੇ ਸਾਂਝੇ ਥੜੇ ਦੇ ਆਗੂਆਂ ਹਰਪਾਲ ਸਿੰਘ ਅਤੇ ਗੁਰਵੇਲ ਸਿੰਘ ਬੱਲਪੁਰੀਆ ਨੇ ਪ੍ਰੈਸ ਨੂੰ ਦੱਸਿਆ ਕਿ 16 ਅਕਤੂਬਰ ਤੋਂ 31 ਅਕਤੂਬਰ ਤੱਕ ਪਾਵਰਕਾਮ ਦੇ ਸਮੁੱਚੇ ਸਰਕਲਾਂ ਵਿੱਚ ਰੋਸ ਧਰਨੇ ਲਗਾਉਣ ਉਪਰੰਤ ਝੰਡਾ ਮਾਰਚ ਕੀਤੇ ਜਾਣਗੇ ਅਤੇ 2 ਨਵੰਬਰ ਨੂੰ ਬਿਜਲੀ ਮੰਤਰੀ ਖਿਲਾਫ਼ ਲੁਧਿਆਣਾ ਵਿਖੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ । ਜਿਸ ਦੀਆਂ ਤਿਆਰੀਆਂ ਲਈ ਅੱਜ 14 ਅਕਤੂਬਰ ਨੂੰ ਸਮੁੱਚੇ ਪੰਜਾਬ ਵਿੱਚ ਸਰਕਲ ਪੱਧਰ ਤੇ ਸਾਂਝੀਆਂ ਮੀਟਿੰਗਾਂ ਕਰਕੇ ਸੰਘਰਸ਼ ਦੀ ਵੱਡੇ ਪੱਧਰ ਤੇ ਲਾਮਬੰਦੀ ਕੀਤੀ ਜਾਵੇਗੀ । ਇਸ ਮੀਟਿੰਗ ਵਿੱਚ ਹਾਜ਼ਰ ਆਗੂਆਂ ਇੰਜੀ : ਜਗਦੀਪ ਸਿੰਘ ਗਰਚਾ , ਇੰਜੀ : ਪਰਮਿੰਦਰ ਸਿੰਘ , ਗੁਰਭੇਜ ਸਿੰਘ ਢਿੱਲੋਂ, ਸਰਬਜੀਤ ਸਿੰਘ ਭਾਣਾ, ਸਰਿੰਦਰ ਪਾਲ ਲਹੌਰੀਆ, ਬਲਜੀਤ ਸਿੰਘ ਮੋਦਲਾ, ਦਵਿੰਦਰ ਸਿੰਘ ਪਿਸੋਰ , ਰਵੇਲ ਸਿੰਘ ਸਹਾਏਪੁਰ , ਗੁਰਜੀਤ ਸਿੰਘ ਸ਼ੇਰਗਿਲ , ਜਸਬੀਰ ਸਿੰਘ ਆਂਡਲੂ , ਹਰਮਨਦੀਪ , ਰਾਧੇਸ਼ਿਆਮ , ਅਮਰੀਕ ਸਿੰਘ ਮਸੀਤਾਂ , ਪੂਰਨ ਸਿੰਘ ਗੁਮਟੀ ,ਸੁਖਵਿੰਦਰ ਭਗਤ ,ਬਾਬਾ ਅਮਰਜੀਤ ਸਿੰਘ ,ਕੌਰ ਸਿੰਘ ਸੋਹੀ , ਪਵਨਪ੍ਰੀਤ ਸਿੰਘ , ਗੁਰਤੇਜ ਸਿੰਘ ਪੱਖੋ , ਰਘਬੀਰ ਸਿੰਘ , ਰਛਪਾਲ ਸਿੰਘ ਪਾਲੀ , ਕੇਵਲ ਸਿੰਘ ਬਨਵੈਤ , ਗਗਨਦੀਪ ਸਿੰਘ ਵਿਰਦੀ ,ਅਰਸਵੀਰ ਸਿੰਘ , ਗੁਰਪਿਆਰ ਸਿੰਘ, ਸੁਖਵਿੰਦਰ ਸਿੰਘ ਆਦਿ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਅੱਜ 14 ਅਕਤੂਬਰ ਨੂੰ ਹੋ ਰਹੀਆਂ ਸਾਂਝੀਆਂ ਮੀਟਿੰਗਾਂ ਵਿੱਚ ਵੱਡੇ ਪੱਧਰ ਤੇ ਲਾਮਬੰਦੀ ਕਰਕੇ ਹਾਕਮ ਧਿਰ ਦੇ ਸਾਹਮਣੇ ਅਦਾਰੇ ਦੀਆਂ ਜਾਇਦਾਦਾਂ ਵੇਚਣ ਦੀ ਤਜਵੀਜ਼ ਖਿਲਾਫ਼ ਸੰਘਰਸ਼ਾਂ ਦੇ ਬੱਲਬੂਤੇ ਵੱਡੀ ਲਹਿਰ ਖੜੀ ਕੀਤੀ ਜਾਵੇਗੀ।
ਇੰਜੀਨੀਅਰ , ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਝੋਨੇ ਦੀ ਪਰਾਲੀ ਨੂੰ ਸਾੜੇ ਜਾਣ ਤੋਂ ਰੋਕਣ ਲਈ ਧੱਕੇ ਨਾਲ ਲਗਾਈਆਂ ਡਿਊਟੀਆਂ ਤੁਰੰਤ ਕੱਟੀਆਂ ਜਾਣ । ਆਗੂਆਂ ਨੇ ਅਦਾਰੇ ਵਿੱਚ ਖਾਲੀ ਪਈਆਂ ਅਸਾਮੀਆਂ ਤੇ ਰੈਗੂਲਰ ਭਰਤੀ ਕਰਨ ਦੀ ਬਜਾਏ ਪੈਸਕੋ ਕੰਪਨੀ ਰਾਹੀਂ ਭਰਤੀ ਕਰਨ ਦੀ ਘਟੀਆ ਤਜਵੀਜ਼ ਦੀ ਵੀ ਜੋਰਦਾਰ ਨਿੰਦਾ ਕੀਤੀ । ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਨੇ 10 ਅਗਸਤ ਅਤੇ 14 ਅਗਸਤ 2025 ਨੂੰ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਨਾਲ ਮੁਲਾਜ਼ਮ ਅਤੇ ਪੈਨਸ਼ਨਰ ਦੀਆਂ ਮੰਗਾਂ ਸਬੰਧੀ ਜਥੇਬੰਦੀਆਂ ਨਾਲ ਹੋਏ ਸਮਝੋਤਿਆਂ ਸਮੇਂ ਮੰਨੀਆਂ ਸਾਰੀਆਂ ਮੰਗਾਂ ਜਲਦੀ ਲਾਗੂ ਕਰਨ ਦੀ ਮੰਗ
ਕੀਤੀ । ਆਗੂਆਂ ਨੇ ਸੰਘਰਸ਼ਸ਼ੀਲ ਕਿਸਾਨ ਅਤੇ ਭਰਾਤਰੀ ਜਥੇਬੰਦੀਆਂ ਨੂੰ ਅਦਾਰੇ ਦੀਆਂ ਜਾਇਦਾਦਾਂ ਵੇਚਣ ਦੀ ਤਜਵੀਜ਼ ਵਿਰੁੱਧ ਲੜੇ ਜਾ ਰਹੇ ਸੰਘਰਸ਼ ਵਿੱਚ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ ।