ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਦੀ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸ਼ੁਰੂਆਤ
ਗੁਰਦਾਸਪੁਰ ਦੇ ਨੌਜਵਾਨਾਂ ਲਈ ਹੁਣ ਜ਼ਿਲ੍ਹਾ ਪੱਧਰ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਖੁੱਲ੍ਹੇ ਰਾਹ- ਡਾ.ਹਰਜਿੰਦਰ ਸਿੰਘ ਬੇਦੀ,
ਵਧੀਕ ਡਿਪਟੀ ਕਮਿਸ਼ਨਰ
ਰੋਹਿਤ ਗੁਪਤਾ
ਗੁਰਦਾਸਪੁਰ, 13 ਅਕਤੂਬਰ
ਸਰਕਾਰੀ ਕਾਲਜ, ਗੁਰਦਾਸਪੁਰ ਵਿੱਚ “ਮਿਸ਼ਨ ਉਮੀਦ” ਤਹਿਤ ਸਮਰਪਣ ਸੁਸਾਇਟੀ ਦੇ ਸਹਿਯੋਗ ਨਾਲ ਸਿਵਿਲ ਸਰਵਿਸਿਜ਼ (UPSC/PCS) ਅਤੇ ਪ੍ਰਬੰਧਕੀ ਅਹੁਦਿਆਂ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਆਨਲਾਈਨ ਕੋਚਿੰਗ ਸੈਂਟਰ ਦਾ ਸ਼ੁਭ ਉਦਘਾਟਨ ਸ਼ਾਨਦਾਰ ਢੰਗ ਨਾਲ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ.ਅਸ਼ਵਨੀ ਕੁਮਾਰ ਭੱਲਾ ਦੀ ਅਗਵਾਈ ਹੇਠ ਹੋਈ ਜਦੋਂ ਕਿ ਮੁੱਖ ਮਹਿਮਾਨ ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ), ਗੁਰਦਾਸਪੁਰ ਨੇ ਰਿਬਨ ਕੱਟ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਪਰਮਿੰਦਰ ਸੈਣੀ, ਜ਼ਿਲ੍ਹਾ ਗਾਈਡੈਂਸ ਕਾਊਸਲਰ -ਕਮ- ਸਕੱਤਰ ਸਮਰਪਣ ਸੁਸਾਇਟੀ ਅਤੇ ਜ਼ਿਲ੍ਹਾ ਨੋਡਲ ਅਫਸਰ ਮਿਸ਼ਨ ਉਮੀਦ ਗੁਰਦਾਸਪੁਰ ਨੇ ਹਾਜ਼ਰ ਸਨ।
ਸ਼ੁਰੂਆਤੀ ਸੈਸ਼ਨ ਦੀ ਸ਼ੋਭਾ ਵਧਾਉਂਦਿਆਂ ਇੰਟਰਨੈਸ਼ਨਲ ਕਥਕ ਡਾਂਸਰ ਨੈਨਿਕਾ ਗਗਨਾਨੀ ਨੇ ਕਲਾਸਿਕ ਕਥਕ ਪ੍ਰਸਤੁਤੀ ਰਾਹੀਂ ਦਰਸ਼ਕਾਂ ਨੂੰ ਮੋਹ ਲਿਆ। ਸਟੇਜ ਦਾ ਸੰਚਾਲਨ ਪ੍ਰੋਫੈਸਰ ਰਾਜ ਕੌਰ, ਮੁਖੀ ਭੌਤਿਕ ਸਿੱਖਿਆ ਵਿਭਾਗ ਵੱਲੋਂ ਸ਼ਾਨਦਾਰ ਢੰਗ ਨਾਲ ਕੀਤਾ ਗਿਆ।
ਡਾ.ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਵਿਲ ਸਰਵਿਸਿਜ਼ ਸਿਰਫ਼ ਇੱਕ ਕੈਰੀਅਰ ਨਹੀਂ, ਸਗੋਂ ਰਾਸ਼ਟਰ ਨਿਰਮਾਣ ਦਾ ਸਾਧਨ ਹੈ।
ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਦੇ ਅੰਦਰ ਅਸੀਮ ਸਮਰਥਾ ਹੈ ਜੋ ਸਹੀ ਦਿਸ਼ਾ ਅਤੇ ਸਮਰਪਣ ਨਾਲ ਪ੍ਰਗਟ ਕੀਤੀ ਜਾ ਸਕਦੀ ਹੈ।
ਉਨ੍ਹਾਂ ਨੇ ਕਿਹਾ “ਜੇ ਤੁਸੀਂ ਆਪਣੇ ਜੀਵਨ ਦੇ ਉਦੇਸ਼ ਨੂੰ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਪੂਰਾ ਕਰਨ ਦਾ ਫੈਸਲਾ ਕਰ ਲਓ, ਤਾਂ ਕਿਸੇ ਵੀ ਕਿਸਮ ਦੀ ਰੁਕਾਵਟ ਤੁਹਾਡਾ ਰਾਹ ਨਹੀਂ ਰੋਕ ਸਕਦੀ। ਸਫਲਤਾ ਕਿਸੇ ਇੱਕ ਦਿਨ ਦੀ ਘਟਨਾ ਨਹੀਂ ਹੁੰਦੀ,ਇਹ ਲਗਾਤਾਰ ਮਿਹਨਤ, ਸਬਰ ਅਤੇ ਸੰਕਲਪ ਦਾ ਨਤੀਜਾ ਹੁੰਦੀ ਹੈ।”
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਅਤੇ ਸਮਾਜਿਕ ਜ਼ਿੰਮੇਵਾਰੀ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹ ਯਤਨ ਸੂਬੇ ਦੇ ਸਿੱਖਿਆ ਖੇਤਰ ਵਿੱਚ ਇੱਕ ਨਵਾਂ ਮਾਪਦੰਡ ਸੈੱਟ ਕਰੇਗਾ।
ਉਨ੍ਹਾਂ ਨੇ ਪ੍ਰਿੰਸੀਪਲ ਡਾ.ਅਸ਼ਵਨੀ ਕੁਮਾਰ ਭੱਲਾ, ਜ਼ਿਲ੍ਹਾ ਗਾਈਡੈਂਸ ਕਾਊਸਲਰ ਪਰਮਿੰਦਰ ਸਿੰਘ ਸੈਣੀ ਸਕੱਤਰ ਸਮਰਪਣ ਸੁਸਾਇਟੀ ਅਤੇ ਮਿਸ਼ਨ ਉਮੀਦ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਪਰਾਲਾ ਗੁਰਦਾਸਪੁਰ ਜ਼ਿਲ੍ਹੇ ਦੇ ਵਿਦਿਆਰਥੀਆਂ ਲਈ ਇੱਕ ਪ੍ਰੇਰਣਾਦਾਇਕ ਸ਼ੁਰੂਆਤ ਹੈ।
ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਨੂੰ ਸਿਵਿਲ ਸਰਵਿਸਿਜ਼ ਦੀ ਤਿਆਰੀ ਲਈ ਪ੍ਰੇਰਿਤ ਕਰੇਗਾ ਤੇ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਦੇਵੇਗਾ।
ਇਸ ਮੌਕੇ ਪਰਮਿੰਦਰ ਸੈਣੀ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਹਰ ਵਿਦਿਆਰਥੀ ਤੱਕ ਸਿੱਖਿਆ ਅਤੇ ਮਾਰਗਦਰਸ਼ਨ ਦੇ ਮੌਕੇ ਪਹੁੰਚਾਉਣਾ ਹੈ ਤਾਂ ਜੋ ਉਹ ਰਾਜ ਤੇ ਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਬਣਾਉਣ।
ਪ੍ਰੋਗਰਾਮ ਦੀ ਸਫਲਤਾ ਸ਼੍ਰੀ ਕਰਨਜੀਤ ਸ਼ਰਮਾ, ਸਹਿੑਸੰਯੋਜਕ ਡਾ.ਸਰਬਜੀਤ ਸਿੰਘ, ਮੈਂਬਰ ਸ਼੍ਰੀ ਦਿਨੇਸ਼ ਕਾਲੀਆ, ਕਲਚਰਲ ਕੋਆਰਡੀਨੇਸ਼ਨ ਕਮੇਟੀ ਦੇ ਪ੍ਰੋ.ਰਾਜ ਕੌਰ ਤੇ ਮਿਊਜ਼ਿਕ ਵਿਭਾਗ, ਹਾਸਪਿਟਾਲਿਟੀ ਅਤੇ ਡਿਸ਼ਪਲਿਨ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ।
ਆਖਰ ਵਿੱਚ ਡਾ. ਸਰਬਜੀਤ ਸਿੰਘ ਨੇ ਕਾਲਜ ਵੱਲੋਂ ਅਤੇ ਪਰਮਿੰਦਰ ਸੈਣੀ ਨੇ ਮਿਸ਼ਨ ਉਮੀਦ ਵੱਲੋਂ ਧੰਨਵਾਦ ਪ੍ਰਗਟ ਕੀਤਾ।