Breaking: ਭਾਸ਼ਾ ਵਿਭਾਗ ਦਾ ਸੁਪਰਡੈਂਟ ਮੁਅੱਤਲ, ਜਾਣੋ ਮਾਮਲਾ?
ਬਾਬੂਸ਼ਾਹੀ ਬਿਊਰੋ
ਪਟਿਆਲਾ, 19 ਸਤੰਬਰ, 2025 : ਭਾਸ਼ਾ ਵਿਭਾਗ ਵਿੱਚ ਨਿਯੁਕਤੀ ਪ੍ਰਕਿਰਿਆ ਵਿੱਚ ਜਾਣਬੁੱਝ ਕੇ ਦੇਰੀ ਕਰਨ ਦੇ ਦੋਸ਼ ਵਿੱਚ ਇੱਕ ਸੁਪਰਡੈਂਟ ਨੂੰ ਮੁਅੱਤਲ (Suspend) ਕਰ ਦਿੱਤਾ ਗਿਆ ਹੈ। ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੇ ਇਹ ਸਖ਼ਤ ਕਾਰਵਾਈ ਕਰਦੇ ਹੋਏ ਸਪੱਸ਼ਟ ਕੀਤਾ ਹੈ ਕਿ ਕੰਮ ਵਿੱਚ ਬੇਲੋੜੀ ਦੇਰੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਕੀ ਹੈ ਪੂਰਾ ਮਾਮਲਾ?
ਇਹ ਮਾਮਲਾ ਭਾਸ਼ਾ ਵਿਭਾਗ ਵਿੱਚ ਖੋਜ ਸਹਾਇਕਾਂ (Research Assistants) ਦੀ ਭਰਤੀ ਨਾਲ ਜੁੜਿਆ ਹੋਇਆ ਹੈ, ਜੋ ਪਿਛਲੇ ਤਿੰਨ ਸਾਲਾਂ ਤੋਂ ਲਟਕ ਰਹੀ ਸੀ ।
1. ਤਿੰਨ ਸਾਲਾਂ ਤੋਂ ਖਾਲੀ ਸਨ ਅਸਾਮੀਆਂ: ਵਿਭਾਗ ਵਿੱਚ ਖੋਜ ਸਹਾਇਕਾਂ ਦੀਆਂ 42 ਅਸਾਮੀਆਂ ਖਾਲੀ ਸਨ, ਜਿਨ੍ਹਾਂ ਨੂੰ ਭਰਨ ਲਈ ਤਿੰਨ ਸਾਲ ਪਹਿਲਾਂ ਸਟਾਫ ਸਿਲੈਕਸ਼ਨ ਬੋਰਡ (SS Board) ਨੂੰ ਪੱਤਰ ਲਿਖਿਆ ਗਿਆ ਸੀ ।
2. ਬੋਰਡ ਨੇ ਭੇਜੀ ਸੂਚੀ: ਵਿਭਾਗ ਦੇ ਡਾਇਰੈਕਟਰ ਵੱਲੋਂ ਮੁੱਖ ਮੰਤਰੀ ਅਤੇ ਉਚੇਰੀ ਸਿੱਖਿਆ ਮੰਤਰੀ ਨੂੰ ਵਾਰ-ਵਾਰ ਬੇਨਤੀ ਕਰਨ ਤੋਂ ਬਾਅਦ, SS ਬੋਰਡ ਨੇ ਆਖਰਕਾਰ 11 ਸਤੰਬਰ, 2025 ਨੂੰ 22 ਯੋਗ ਉਮੀਦਵਾਰਾਂ ਦੀ ਸੂਚੀ ਨਿਯੁਕਤੀ ਪੱਤਰ ਜਾਰੀ ਕਰਨ ਲਈ ਭਾਸ਼ਾ ਵਿਭਾਗ ਨੂੰ ਭੇਜ ਦਿੱਤੀ ।
ਸੁਪਰਡੈਂਟ ਨੇ ਕਿਵੇਂ ਕੀਤੀ ਪ੍ਰਕਿਰਿਆ ਵਿੱਚ ਦੇਰੀ?
ਚੁਣੇ ਗਏ ਉਮੀਦਵਾਰਾਂ ਨੂੰ ਮੈਡੀਕਲ ਸਰਟੀਫਿਕੇਟ, ਪੁਲਿਸ ਵੈਰੀਫਿਕੇਸ਼ਨ ਅਤੇ ਅਸਲ ਪ੍ਰਮਾਣ ਪੱਤਰਾਂ ਨਾਲ ਜੁਆਇਨਿੰਗ ਲਈ ਬੁਲਾਇਆ ਜਾਣਾ ਸੀ। ਪਰ ਸਬੰਧਤ ਸੁਪਰਡੈਂਟ (ਅਮਲਾ) ਭੁਪਿੰਦਰਪਾਲ ਸਿੰਘ ਨੇ ਇਸ ਪ੍ਰਕਿਰਿਆ ਵਿੱਚ ਮਨਮਾਨੇ ਢੰਗ ਨਾਲ ਅੜਿੱਕਾ ਲਗਾਇਆ ।
ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਿਨਾਂ, ਪਹਿਲਾਂ ਉਮੀਦਵਾਰਾਂ ਨੂੰ ਸਿਰਫ਼ ਸਰਟੀਫਿਕੇਟ ਚੈੱਕ ਕਰਵਾਉਣ ਲਈ ਪੱਤਰ ਜਾਰੀ ਕਰ ਦਿੱਤਾ। ਇਸ ਤੋਂ ਬਾਅਦ, ਉਨ੍ਹਾਂ ਨੇ ਫਿਰ ਤੋਂ ਵਿਭਾਗ ਦੀਆਂ ਪ੍ਰਕਾਸ਼ਨਾਵਾਂ (Publications) ਦੀ ਜਾਂਚ ਕਰਵਾਉਣ ਲਈ ਇੱਕ ਹੋਰ ਪੱਤਰ ਜਾਰੀ ਕਰ ਦਿੱਤਾ, ਜਿਸ ਨਾਲ ਨਿਯੁਕਤੀ ਪ੍ਰਕਿਰਿਆ ਵਿੱਚ ਬੇਲੋੜੀ ਦੇਰੀ ਹੋਈ।
ਮਾਮਲੇ ਦਾ ਖੁਲਾਸਾ ਹੋਣ 'ਤੇ ਡਾਇਰੈਕਟਰ ਨੇ ਤੁਰੰਤ ਕਾਰਵਾਈ ਕਰਦਿਆਂ ਸੁਪਰਡੈਂਟ ਭੁਪਿੰਦਰਪਾਲ ਸਿੰਘ ਨੂੰ ਸਸਪੈਂਡ ਕਰ ਦਿੱਤਾ । ਡਾਇਰੈਕਟਰ ਜਸਵੰਤਰ ਸਿੰਘ ਜ਼ਫਰ ਨੇ ਭਰੋਸਾ ਦਿੱਤਾ ਹੈ ਕਿ ਯੋਗ ਉਮੀਦਵਾਰਾਂ ਨੂੰ ਅਗਲੇ ਕੁਝ ਦਿਨਾਂ ਵਿੱਚ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ।