ਬੋਰਡ ਆਫ ਡਾਇਰੈਕਟਰਜ਼ ਦੇ ਨਵ- ਨਿਯੁਕਤ ਚੇਅਰਮੈਨ ਸ਼੍ਰੀ ਸੁਖਜਿੰਦਰ ਸਿੰਘ ਸੋਹੀ ਨੇ ਅਹੁਦਾ ਸੰਭਾਲਿਆ
ਮੋਰਿੰਡਾ, 19 ਸਤੰਬਰ: ਸਹਿਕਾਰੀ ਖੰਡ ਮਿੱਲ ਦੇ ਬੋਰਡ ਆਫ ਡਾਇਰੈਕਟਰਜ਼ ਦੇ ਨਵ- ਨਿਯੁਕਤ ਚੇਅਰਮੈਨ ਸ਼੍ਰੀ ਸੁਖਜਿੰਦਰ ਸਿੰਘ ਸੋਹੀ ਅਤੇ ਸਮੂਹ ਬੋਰਡ ਆਫ ਡਾਇਰੈਕਟਰਜ਼ ਵੱਲੋਂ ਅੱਜ ਅਹੁਦਾ ਸੰਭਾਲਿਆ ਗਿਆ।
ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛਲੀ ਪਾਲਣ ਅਤੇ ਖੁਰਾਕ ਪ੍ਰਸੰਸਕਰਨ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਮੋਰਿੰਡਾ ਸ਼ੂਗਰ ਮਿਲ ਦਾ ਦੌਰਾ ਕਰਕੇ ਨਵੇਂ ਚੁਣੇ ਗਏ ਬੋਰਡ ਆਫ਼ ਡਾਇਰੈਕਟਰਜ਼ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਨਵਾਂ ਬੋਰਡ ਮਿਲ ਦੇ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ਨਿਸ਼ਠਾ ਨਾਲ ਕੰਮ ਕਰੇਗਾ।
ਉਨ੍ਹਾਂ ਕਿਹਾ ਕਿ ਮੋਰਿੰਡਾ ਸ਼ੂਗਰ ਮਿਲ ਦੀ ਉਤਪਾਦਨ ਸਮਰੱਥਾ 1800 ਟਨ ਤੋਂ ਵਧਾ ਕੇ 2700 ਟਨ ਕਰ ਦਿੱਤੀ ਗਈ ਹੈ। ਇਸ ਨਾਲ ਨਾ ਸਿਰਫ਼ ਗੰਨਾ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ ਸਗੋਂ ਖੇਤੀ ਨਾਲ ਜੁੜੇ ਹੋਰ ਖੇਤਰਾਂ ਵਿੱਚ ਵੀ ਆਰਥਿਕ ਤਰੱਕੀ ਆਏਗੀ।
ਐਮ.ਪੀ., ਹਲਕਾ ਸ਼੍ਰੀ ਆਨੰਦਪੁਰ ਸਾਹਿਬ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਮਿਲ ਨੂੰ ਹੋਰ ਵੀ ਅੱਪਗਰੇਡ ਕੀਤਾ ਜਾਵੇਗਾ। ਭਾਰਤ ਵਿੱਚ ਸਭ ਤੋਂ ਵੱਧ ਬੋਨਸ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ, ਜਿਸ ਵਿੱਚ 61 ਰੁਪਏ ਪ੍ਰਤੀ ਕਵਿੰਟਲ ਵਾਧੂ ਰਕਮ ਕਿਸਾਨਾਂ ਨੂੰ ਸਰਕਾਰ ਵੱਲੋਂ ਆਪਣੇ ਕੋਲੋਂ ਦਿੱਤੀ ਜਾਂਦੀ ਹੈ।
ਹਲਕਾ ਸ਼੍ਰੀ ਚਮਕੌਰ ਸਾਹਿਬ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਾਣੀ ਬਚਾਉਣ ਲਈ ਫਸਲਾਂ ਦਾ ਫੇਰਬਦਲ ਜ਼ਰੂਰੀ ਹੈ ਅਤੇ ਇਸ ਵਿੱਚ ਗੰਨਾ ਬਹੁਤ ਮਹੱਤਵਪੂਰਨ ਫਸਲ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਖੁਸ਼ਹਾਲੀ ਅਤੇ ਖੇਤੀ ਆਧਾਰਤ ਉਦਯੋਗਾਂ ਦੀ ਤਰੱਕੀ ਲਈ ਵਚਨਬੱਧ ਹੈ।
ਇਸ ਮੌਕੇ ਮੋਰਿੰਡਾ ਸਹਿਕਾਰੀ ਸ਼ੂਗਰ ਮਿਲ ਦੇ ਨਵੇਂ ਚੁਣੇ ਗਏ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ ਅਤੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਸ਼੍ਰੀ ਸੁਰਿੰਦਰ ਸਿੰਘ ਚੈੜੀਆਂ (ਵਾਈਸ ਚੇਅਰਮੈਨ), ਸ਼੍ਰੀ ਸਤਨਾਮ ਸਿੰਘ, ਸ਼੍ਰੀ ਕੁਲਵਿੰਦਰ ਸਿੰਘ, ਸ਼੍ਰੀ ਗੁਰਿੰਦਰ ਸਿੰਘ, ਸ਼੍ਰੀ ਰਣਧੀਰ ਸਿੰਘ, ਸ਼੍ਰੀਮਤੀ ਸਰਬਜੀਤ ਕੌਰ, ਸ਼੍ਰੀਮਤੀ ਹਰਜੀਤ ਕੌਰ ਵੱਲੋਂ ਸੇਵਾ ਸੰਭਾਲ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮਿਲ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ੁਕਰਾਨਾ ਕਰਨ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ।
ਇਸ ਮੌਕੇ 'ਤੇ ਚੇਅਰਮੈਨ, ਸ਼ੂਗਰਫੈੱਡ ਪੰਜਾਬ ਨਵਦੀਪ ਸਿੰਘ ਜੀਂਦਾ, ਐਮ.ਐਲ.ਏ., ਹਲਕਾ ਬੱਸੀ ਪਠਾਣਾਂ ਰੁਪਿੰਦਰ ਸਿੰਘ ਹੈਪੀ, ਪ੍ਰਧਾਨ ਐਸ.ਸੀ. ਵਿੰਗ ਪੰਜਾਬ ਗੁਰਪ੍ਰੀਤ ਸਿੰਘ ਜੀ.ਪੀ., ਐਮ.ਐਲ.ਏ., ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਲਖਵੀਰ ਸਿੰਘ ਰਾਏ, ਅਪੈਕਸ ਕੌਂਸਲ ਮੈਂਬਰ, ਪੰਜਾਬ ਕ੍ਰਿਕਟ ਐਸੋਸੀਏਸ਼ਨ ਬੀਰਦਵਿੰਦਰ ਸਿੰਘ ਬੱਲਾਂ, ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ ਐਨ.ਪੀ. ਰਾਣਾ, ਚੇਅਰਮੈਨ ਮਾਰਕੀਟ ਕਮੇਟੀ ਚਮਕੌਰ ਸਾਹਿਬ ਸਿਕੰਦਰ ਸਿੰਘ ਸਹੇੜੀ, ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਰੂਪਨਗਰ ਪੁਰਸ਼ੋਤਮ ਸਿੰਘ ਮਾਹਲ, ਵੱਖ-ਵੱਖ ਬਲਾਕ ਪ੍ਰਧਾਨਾਂ ਅਤੇ ਹੋਰ ਸੰਗਠਨਾਂ ਦੇ ਪ੍ਰਧਾਨਾਂ ਨੇ ਵੀ ਸ਼ਮੂਲੀਅਤ ਕੀਤੀ।