ਬ੍ਰਹਮਪੁਰਾ ਅਤੇ ਸ਼ੇਖ ਨੇ ਝੋਨੇ ਦੀ ਲਿਫਟਿੰਗ ਅਤੇ ਡੀਏਪੀ ਦੀ ਕਮੀ ਨੂੰ ਲੈ ਕੇ 'ਆਪ' ਸਰਕਾਰ ਦੀ ਕੀਤੀ ਆਲੋਚਨਾ
- ਪੰਜਾਬ ਦੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਵੇਗਾ ਨਤੀਜਾ-ਬ੍ਰਹਮਪੁਰਾ,ਸ਼ੇਖ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ, 30 ਅਕਤੂਬਰ 2024 - ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਖਡੂਰ ਸਾਹਿਬ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸੀਨੀਅਰ ਅਕਾਲੀ ਆਗੂ ਗੁਰਸੇਵਕ ਸਿੰਘ ਸ਼ੇਖ ਨੇ ਪੰਜਾਬ ਦੇ ਕਿਸਾਨਾਂ ਨੂੰ ਚੁਣੌਤੀਆਂ ਦਰਮਿਆਨ ਝੋਨੇ ਦੀ ਖ਼ਰੀਦ ਵਿੱਚ ਦੇਰੀ ਅਤੇ ਡੀਏਪੀ ਖਾਦ ਦੀ ਘਾਟ ਦੀ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵੱਲੋਂ ਕੀਤੇ ਜਾ ਰਹੇ ਢਿੱਲੇ ਯਤਨਾਂ 'ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ।ਪੰਜਾਬ ਵਿੱਚ ਕਿਸਾਨਾਂ ਦੁਆਰਾ ਚੱਲ ਰਿਹਾ ਅੰਦੋਲਨ ਝੋਨੇ ਦੀ ਲਿਫਟਿੰਗ ਅਤੇ ਡੀਏਪੀ ਦੀ ਕਮੀ ਦੇ ਗੰਭੀਰ ਮੁੱਦਿਆਂ ਨੂੰ ਉਜਾਗਰ ਕਰਦਾ ਹੈ,ਜੋ ਕਿ ਕਿਸਾਨ ਭਾਈਚਾਰੇ ਨੂੰ ਲਗਾਤਾਰ ਪ੍ਰਭਾਵਤ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਖ਼ੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਖ਼ੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਮੇਤ ਸੂਬੇ ਦੇ ਉਚ ਅਧਿਕਾਰੀਆਂ ਦੇ ਭਰੋਸੇ ਦੇ ਬਾਵਜੂਦ,ਕਿਸਾਨ ਇੰਨ੍ਹਾਂ ਗੰਭੀਰ ਮੁਦਿਆਂ ਨੂੰ ਹੱਲ ਕਰਨ ਵਿੱਚ ਹੁਣ ਤੱਕ ਬੇਹੱਦ ਨਿਰਾਸ਼ ਅਤੇ ਅਸੰਤੁਸ਼ਟ ਹਨ।ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਸ਼ੇਖ ਨੇ 'ਆਪ' ਸਰਕਾਰ ਵੱਲੋਂ ਸੰਕਟ ਦੇ ਹੱਲ ਲਈ ਢੁੱਕਵੇਂ ਪ੍ਰਬੰਧ ਨਾ ਦੇਣ ਦੀ ਨਿਖੇਧੀ ਕਰਦਿਆਂ ਕਿਸਾਨਾਂ ਨਾਲ ਡਟ ਕੇ ਹਮਾਇਤ ਪ੍ਰਗਟਾਈ ਹੈ।
ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹਿੱਤਾਂ ਦੀ ਰਾਖ਼ੀ ਲਈ ਠੋਸ ਹੱਲ ਦੀ ਫੌਰੀ ਲੋੜ 'ਤੇ ਜ਼ੋਰ ਦਿੰਦੇ ਹੋਏ ਪੰਜਾਬ ਅਦੇ ਖ਼ੇਤੀਬਾੜੀ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਲਈ ਸੂਬਾ ਸਰਕਾਰ ਨੂੰ ਤੁਰੰਤ ਅਤੇ ਪ੍ਰਭਾਵੀ ਕਦਮ ਚੁੱਕਣ ਦੀ ਪੁਰਜ਼ੋਰ ਅਪੀਲ ਕਰਦਾ ਹੈ।ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਵਕਾਲਤ ਕਰਨ ਲਈ ਬ੍ਰਹਮਪੁਰਾ ਅਤੇ ਸ਼ੇਖ ਦੀ ਵਚਨਬੱਧਤਾ ਇਸ ਚੁਣੌਤੀਪੂਰਨ ਸਮੇਂ ਦੌਰਾਨ ਕਿਸਾਨਾਂ ਭਰਾਵਾਂ ਦਾ ਸਮਰਥਨ ਕਰਨ ਲਈ ਉਨ੍ਹਾਂ ਦੇ ਅਟੁੱਟ ਸਮਰਪਣ ਨੂੰ ਦਰਸਾਉਂਦਾ ਹੈ।ਉਨ੍ਹਾਂ ਕਿਹਾ ਕਿ ਸਾਡੇ ਕਿਸਾਨਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਵਿੱਚ ਅਸਫ਼ਲ ਰਹਿਣ ਦਾ ਨਤੀਜਾ ਪੰਜਾਬ ਦੀਆਂ ਜ਼ਿਮਣੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਵੇਗਾ।ਉਕਤ ਦੋਹਾਂ ਆਗੂਆਂ ਨੇ ਕਿਹਾ ਕਿ ਖ਼ਾਸਤੌਰ 'ਤੇ ਭਗਵੰਤ ਮਾਨ ਦੀ ਕਾਰਗੁਜ਼ਾਰੀ ਬੇਹੱਦ ਨਿੰਦਣਯੋਗ ਹੈ।