ਭਾਰਤੀ ਕਮਿਊਨਿਸਟ ਪਾਰਟੀ ਨੇ ਮਨਾਇਆ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ
ਅਸ਼ੋਕ ਵਰਮਾ
ਬਠਿੰਡਾ, 28 ਸਤੰਬਰ 2024: ਭਾਰਤੀ ਕਮਿਊਨਿਸਟ ਪਾਰਟੀ ਨੇ ਅੱਜ ਬਠਿੰਡਾ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਜੋਸ਼ ਖਰੋਸ਼ ਤੇ ਇਨਕਲਾਬੀ ਨਾਅਰਿਆਂ ਨਾਲ ਮਨਾਇਆ ਗਿਆ ।
ਇਸ ਮੌਕੇ ਤੇ ਬੋਲਦਿਆਂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਅੱਜ ਦੇਸ਼ ਦੇ ਅੰਦਰ ਪਿਛਲੇ 10 ਸਾਲ ਤੋਂ ਤਾਨਾਸ਼ਾਹੀ ਤੇ ਕਾਰਪੋਰੇਟ ਦਾ ਰਾਜ ਚੱਲ ਰਿਹਾ ਹੈ ਜਿਸ ਵਿੱਚ ਕਿਸਾਨਾਂ,ਮਜ਼ਦੂਰਾਂ,ਮੁਲਾਜ਼ਮਾਂ, ਦਲਿਤਾਂ ਅਤੇ ਔਰਤਾਂ ਉੱਪਰ ਬਹੁਤ ਜ਼ੁਲਮ ਹੋ ਰਹੇ ਹਨ । ਅਜਿਹੇ ਸਮੇਂ ਤੇ ਖੱਬੇ ਪੱਖੀ ਵਿਚਾਰਧਾਰਾ ਜਿਸ ਉੱਪਰ ਚਲਦਿਆਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੇ ਕੁਰਬਾਨੀ ਦੇ ਕੇ ਦੇਸ਼ ਦੇ ਲੋਕਾਂ ਨੂੰ ਅੰਗਰੇਜ਼ੀ ਰਾਜ ਤੋਂ ਮੁਕਤੀ ਦਿਵਾਈ ਉਸ ਵਿਚਾਰਧਾਰਾ ਨੂੰ ਅੱਜ ਮੁੜ ਮਜਬੂਤ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਖੱਬੇ ਪੱਖੀ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਇਕੱਠੇ ਹੋ ਕੇ ਦੇਸ਼ ਅੰਦਰ ਆਰ ਐਸ ਐਸ ਦੀ ਵਿਚਾਰਧਾਰਾ ਤੋਂ ਸੇਧ ਲੈ ਕੇ ਚਲਾਈ ਜਾ ਰਹੀ ਸਰਕਾਰ ਜਿਹੜੀ ਕਿ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਉੱਪਰ ਲਗਾਤਾਰ ਹਮਲੇ ਕਰ ਰਹੀ ਹੈ, ਵਿਰੁੱਧ ਇੱਕ ਮੁੱਠ ਹੋ ਕੇ ਸੰਘਰਸ਼ ਲੜਨ ।
ਇਸ ਸਮੇਂ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਜਿਹੜੀ ਕਿ ਬਦਲਾਅ ਦੇ ਨਾਂ ਤੇ ਸੱਤਾ ਵਿੱਚ ਆਈ ਸੀ ਲੋਕਾਂ ਦਾ ਕੋਈ ਵੀ ਮੁੱਦਾ ਹੱਲ ਕਰਨ ਵਿੱਚ ਫੇਲ੍ਹ ਸਾਬਤ ਹੋਈ ਹੈ। ਹਰ ਪਾਸੇ ਜਵਾਨੀ ਨਸ਼ੇ ਦਾ ਸ਼ਿਕਾਰ ਹੋ ਰਹੀ ਹੈ । ਬੇਰੁਜ਼ਗਾਰ ਨੌਜਵਾਨ ਜਮੀਨ ਅਤੇ ਘਰ ਤੱਕ ਵੇਚ ਕੇ, ਕਰਜ਼ਾ ਚੁੱਕ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਤੇ ਉੱਥੇ ਮਾਨਸਿਕ ਤਨਾਅ ਦੇ ਚਲਦਿਆਂ ਆਪਣੀਆਂ ਜਿੰਦਗੀਆਂ ਗਵਾ ਰਹੇ ਹਨ ਪ੍ਰੰਤੂ ਮੁੱਖ ਮੰਤਰੀ ਕੁਰਸੀ ਦੇ ਨਸ਼ੇ ਵਿੱਚ ਝੂਮ ਕੇ,ਲੋਕਾਂ ਨੂੰ ਚੁਟਕਲੇ ਸੁਣਾ ਕੇ ਖਾਨਾ ਪੂਰਤੀ ਕਰ ਰਿਹਾ ਹੈ । ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸਾਥੀ ਮਿੱਠੂ ਸਿੰਘ ਘੁਦਾ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਅੱਜ ਮਜ਼ਦੂਰ ਜਮਾਤ ਦੀ ਬੰਦ ਖਲਾਸੀ ਲਈ ਪਿੰਡ ਪਿੰਡ ਜਾ ਕੇ ਮਜ਼ਦੂਰਾਂ ਨੂੰ ਚੇਤਨ ਕਰਨ ਦੀ ਲੋੜ ਹੈ । ਉਹਨਾਂ ਕਿਹਾ ਕਿ ਭਾਰਤੀ ਕਮਨਿਸਟ ਪਾਰਟੀ ਸਾਡੀ ਮਾਂ ਪਾਰਟੀ ਹੈ ਜਿਸ ਦੇ ਝੰਡੇ ਥੱਲੇ ਅਸੀਂ ਸਮਾਜ ਦੇ ਦੱਬੇ ਕੁਚਲੇ ਲੋਕਾਂ ਲਈ ਇੱਕ ਮੁੱਠ ਹੋ ਕੇ ਸੰਘਰਸ਼ ਕਰਾਂਗੇ ।
ਇਸ ਮੌਕੇ ਸਾਥੀ ਮਿੱਠੂ ਸਿੰਘ ਘੁੱਦਾ ਅਤੇ ਦਰਸ਼ਨ ਸਿੰਘ ਫੁੱਲੋ ਮਿੱਠੀ ਦੀ ਅਗਵਾਈ ਵਿੱਚ ਇਨਕਲਾਬੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਤੋਂ ਅਸਤੀਫਾ ਦੇ ਕੇ ਲਗਭਗ 200 ਸਾਥੀ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਿਲ ਹੋਏ । ਇਹਨਾਂ ਸਾਥੀਆਂ ਦਾ ਹਰਦੇਵ ਸਿੰਘ ਅਰਸ਼ੀ ਸਾਬਕਾ ਸੂਬਾ ਸਕੱਤਰ ਅਤੇ ਮੈਂਬਰ ਨੈਸ਼ਨਲ ਕੌਂਸਲ ਭਾਰਤੀ ਕਮਿਊਨਿਸਟ ਪਾਰਟੀ,ਜ਼ਿਲ੍ਹਾ ਸਕੱਤਰ ਬਲਕਰਨ ਸਿੰਘ ਬਰਾੜ, ਕਿਸਾਨ ਆਗੂ ਹਰਨੇਕ ਸਿੰਘ ਆਲੀਕੇ, ਐਡਵੋਕੇਟ ਸਰਜੀਤ ਸਿੰਘ ਸੋਹੀ,ਜਸਵੀਰ ਕੌਰ ਸਰਾਂ ਅਤੇ ਨੈਬ ਸਿੰਘ ਔਲਖ ਨੇ ਸਵਾਗਤ ਕੀਤਾ । ਇਸ ਮੌਕੇ ਕੁਲਵੰਤ ਸਿੰਘ ਦਾਨ ਸਿੰਘ ਵਾਲਾ,ਸੁਖਦੇਵ ਸਿੰਘ ਨਥਾਣਾ, ਮੱਖਣ ਸਿੰਘ ਤਲਵੰਡੀ ,ਗੁਲਜਾਰ ਸਿੰਘ ਬਡਿਆਲਾ, ਕੂਕਾ ਸਿੰਘ ਨਥਾਣਾ, ਸੁਖਦੇਵ ਸਿੰਘ ਰਾਜਗੜ੍ਹ ਕੁੱਬੇ, ਮੇਜਰ ਸਿੰਘ ਤੁੰਗਵਾਲੀ, ਰਜਿੰਦਰ ਸਿੰਘ ਸੰਦੋਹਾ, ਦਰਸ਼ਨ ਸਿੰਘ ਕੁੱਤੀਵਾਲ ,ਵੀਰ ਸਿੰਘ ਜੱਸੀ ਬਾਗਵਾਲੀ, ਬਾਗਾ ਸਿੰਘ ਬੰਬੀਹਾ, ਸ਼ੰਕਰ ਸਿੰਘ ਜੱਸੀ ਬਾਗਵਾਲੀ, ਦਰਸ਼ਨ ਸਿੰਘ ਬਾਜਕ , ਜਸਵੀਰ ਸਿੰਘ ਢੱਡੇ ,ਦਰਸ਼ਨ ਸਿੰਘ ਭੂੰਦੜ, ਗੁਰਮੇਲ ਸਿੰਘ ਮਈਸਰਖਾਨਾ, ਕਾਕਾ ਸਿੰਘ ਮੁਹਾਲਾ, ਰਣਜੀਤ ਸਿੰਘ ਮਹਿਰਾਜ, ਪੂਰਨ ਸਿੰਘ ਗੁੰਮਟੀ,ਮੱਘਰ ਸਿੰਘ ਮਹਿਰਾਜ ਵੀ ਹਾਜ਼ਰ ਸਨ ।