ਬਾਦਲ ਸਰਕਾਰ ਵੱਲੋਂ ਅਧਿਆਪਕਾਂ ਨਾਲ ਕੀਤੇ ਧੱਕੇ ਦਾ ਖਮਿਆਜ਼ਾ ਅਧਿਆਪਕਾਂ ਦੇ ਮਾਪੇ ਅਤੇ ਬੱਚੇ ਭੁਗਤ ਰਹੇ ਨੇ - ਮੰਗਲਾ
- ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਾਦਲ ਸਰਕਾਰ ਦੇ ਨਕਸ਼ੇ ਕਦਮ ਤੇ ਤੁਰ ਰਹੀ ਹੈ,ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮਸਲੇ ਦਾ ਹੱਲ ਕਰਨ - ਮੰਗਲਾ
ਰੋਹਿਤ ਗੁਪਤਾ
ਗੁਰਦਾਸਪੁਰ 28 ਸਤੰਬਰ 2024 - ਫਾਰਗ ਟੀਚਿੰਗ ਫੈਲੋਜ਼ ਯੂਨੀਅਨ ਦੇ ਪ੍ਰਧਾਨ ਮਾਸਟਰ ਰਵੀ ਕੁਮਾਰ ਮੰਗਲਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਆਪਣਾ ਦਰਦ ਦੱਸਦੇ ਹੋਏ ਅਪੀਲ ਕੀਤੀ ਕਿ ਉਹ ਤੇ ਉਸ ਦੇ ਨਾਲ ਐਮ ਏ ਬੀ ਐਡ ਪਾਸ ਹਾਈ ਮੈਰਿਟ ਵਾਲੇ ਅਧਿਆਪਕ ਅੱਜ ਕੱਲ ਜਹਾਲਤ ਭਰੀ ਜ਼ਿੰਦਗੀ ਜੀਣ ਤੇ ਮਜਬੂਰ ਹੋ ਗਏ ਨੇ ।ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਉਹ ਸਾਲ 2007 ਵਿੱਚ ਲੇਟ ਏਜ ਵਿੱਚ ਬਤੌਰ ਟੀਚਿੰਗ ਫੈਲੋ 4550 ਰੁਪਏ ਪ੍ਰਤੀ ਮਹੀਨਾ ਯਕਮੁਸ਼ਤ ਤਨਖਾਹ ਤੇ ਪਹਿਲੀ ਕੌਂਸਲਿੰਗ ਦੇ ਤਹਿਤ ਭਰਤੀ ਹੋਏ ਸੀ।
ਸਿੱਖਿਆ ਵਿਭਾਗ ਐਲੀਮੈਂਟਰੀ ਵਲੋਂ ਲੱਗਭੱਗ ਇੱਕ ਸਾਲ ਨੌਕਰੀ ਕਰਨ ਉਪਰੰਤ ਨਵੀਆਂ ਸ਼ਰਤਾਂ ਲਗਾ ਕੇ ਧੱਕੇ ਨਾਲ ਤਜਰਬਾ ਸਰਟੀਫਿਕੇਟ ਨੂੰ ਬੋਗਸ ਕਹਿ ਕੇ ਅਧਿਆਪਕਾਂ ਦੀ ਵਿੱਦਿਅਕ ਯੋਗਤਾਵਾਂ ਵੀ ਮਿੱਟੀ ਕਰ ਦਿੱਤੀਆਂ ਗਈਆਂ।
ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਇਸ਼ਤਿਹਾਰ ਅਨੁਸਾਰ ਡਿਗਰੀਆਂ ਅਤੇ ਸਰਟੀਫਿਕੇਟਾਂ ਦੀ 100% ਜਾਂਚ ਕੀਤੀ ਜਾਵੇਗੀ ਇਸੇ ਕੜੀ ਤਹਿਤ ਟੀਚਿੰਗ ਫੈਲੋ ਵਲੋਂ ਨੱਥੀ ਕੀਤੇ ਦਸਤਾਵੇਜ਼ਾਂ ਦੀ ਜਾਂਚ ਕਰਨ ਲਈ ਜਿਲ੍ਹਾ ਕਮੇਟੀਆਂ ਬਣਾਈਆਂ ਗਈਆਂ।ਜਿਨ੍ਹਾਂ ਨੇ ਲੱਗਭੱਗ ਦੋ ਸਾਲਾਂ ਵਿੱਚ ਡਿਗਰੀਆਂ ਅਤੇ ਤਜਰਬਾ ਸਰਟੀਫਿਕੇਟਾਂ ਦੀ ਜਾਂਚ ਕਰਕੇ ਉਮੀਦਵਾਰਾਂ ਨੂੰ ਬਣਦੇ ਅੰਕ ਦੇ ਕੇ ਮੈਰਿਟ ਸੂਚੀਆਂ ਤਿਆਰ ਕਰਕੇ ਯੋਗ ਉਮੀਦਵਾਰਾਂ ਨੂੰ ਚੁਣ ਕੇ ਨਿਯੁੱਕਤੀ ਪੱਤਰ ਦਿੱਤੇ।
ਡਿਊਟੀ ਤੇ ਹਾਜ਼ਰ ਹੋਣ ਤੋਂ ਬਾਅਦ ਵਿਭਾਗ ਵੱਲੋਂ ਕਰੀਬ ਇੱਕ ਸਾਲ ਬਾਅਦ ਨਵੀਆਂ 8ਸ਼ਰਤਾਂ ਲਗਾ ਕੇ ਤਜ਼ਰਬੇ ਸੰਬੰਧੀ ਰਿਕਾਰਡ ਉਮੀਦਵਾਰਾਂ ਨੂੰ ਬਿਨਾਂ ਸੂਚਿਤ ਕੀਤੇ ਸਿੱਧੇ ਸਕੂਲਾਂ ਕੋਲੋਂ ਮੰਗਿਆ ਗਿਆ।ਇਸ ਸਮੇਂ ਕਈ ਸਕੂਲਾਂ ਵਿੱਚ ਜਾ ਕੇ ਇਹਨਾਂ ਜਾਂਚ ਅਧਿਕਾਰੀਆਂ ਨੇ ਦਬਕੇ ਮਾਰੇ ਤੇ ਭਾਈ ਭਤੀਜਾ ਵਾਦ ਦੀ ਨੀਤੀ ਅਪਨਾਉਂਦੇ ਹੋਏ ਆਪਣੇ ਰਿਸ਼ਤੇਦਾਰਾਂ ਤੇ ਚਹੇਤਿਆਂ ਦੇ ਤੇ ਜਿਨ੍ਹਾਂ ਉਸ ਸਮੇਂ ਇਨ੍ਹਾਂ ਅਧਿਕਾਰੀਆਂ ਦੀ ਮੁੱਠੀ ਗਰਮ ਕੀਤੀ ਉਨ੍ਹਾਂ ਨੂੰ ਸਹੀ ਤੇ ਜਿਹੜੇ ਸਕੂਲਾਂ ਚ ਪੜ੍ਹਾਉਂਦੇ ਰਹਿ ਗਏ ਉਹ ਬੋਗਸ ਕਹਿ ਕੇ ਵਿਭਾਗ ਨੇ ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ।
ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਵਲੋਂ ਇਸ਼ਤਿਹਾਰ ਦੀਆਂ ਸ਼ਰਤਾਂ ਦੀ ਉਲੰਘਣਾ 8 ਸ਼ਰਤਾਂ ਨਵੀਆਂ ਲਗਾਉਣਾ ਅਤੇ ਜਾਂਚ ਅਧਿਕਾਰੀਆਂ ਵਲੋਂ ਬਿਨਾਂ ਦੱਸੇ ਸਕੂਲਾਂ ਵਿੱਚ ਜਾਣਾ ਅਤੇ ਟੀਚਿੰਗ ਫੈਲੋਜ਼ ਨੂੰ ਰਿਕਾਰਡ ਦੇਣ ਲਈ ਸਮਾਂ ਨਾ ਦੇਣਾ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ ।
ਕੀ ਨਵੀਆਂ ਅੱਠ ਸ਼ਰਤਾਂ ਮੁਤਾਬਿਕ 9998 ਟੀਚਿੰਗ ਫੈਲੋਜ਼ ਵਿੱਚੋਂ ਜਾਂਚ ਅਧਿਕਾਰੀਆਂ ਵਲੋਂ ਸਹੀ ਕੀਤੇ ਗਏ ਟੀਚਿੰਗ ਫੈਲੋਜ਼ ਦਾ ਪੂਰਾ ਰਿਕਾਰਡ ਇਹਨਾਂ ਕੋਲ ਹੈ ।ਕਿਉਂਕਿ ਸਕੂਲਾਂ ਕੋਲ ਰਿਕਾਰਡ ਨਾ ਹੋਣ ਕਰਕੇ ਜਾਂਚ ਅਧਿਕਾਰੀਆਂ ਵਲੋਂ 563 ਟੀਚਿੰਗ ਫੈਲੋਜ਼ ਨੂੰ ਬੋਗਸ ਲਿਖ ਦਿੱਤਾ ਸੀ ਅਤੇ ਇਹਨਾਂ ਵਿੱਚੋਂ ਕਰੀਬ 200 ਟੀਚਿੰਗ ਫੈਲੋਜ਼ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਸੀ।
ਇਸੇ ਸਮੇਂ ਦੌਰਾਨ ਸਿੱਖਿਆ ਵਿਭਾਗ ਵਲੋਂ ਦੂਜੀ ਕੌਸਲਿੰਗ ਦੌਰਾਨ ਜਿਨ੍ਹਾਂ ਉਮੀਦਵਾਰਾਂ ਦੇ ਸਰਟੀਫਿਕੇਟ ਵਿੱਚ ਇਤਰਾਜ਼ ਲੱਗਿਆ ਉਸ ਦੇ ਵਿਵਾਦਤ ਅੰਕ ਕੱਟ ਕੇ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਗਏ।ਇਸ ਸੰਬੰਧੀ ਵਿਭਾਗ ਦੀ ਪੂਰਵ ਡਾਇਰੈਕਟਰ ਸ੍ਰੀਮਤੀ ਦਰਸ਼ਨ ਕੌਰ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚਲਦੇ ਇੱਕ ਕੇਸ ਵਿੱਚ ਹਲਫੀਆ ਬਿਆਨ ਵੀ ਦਿੱਤਾ ਹੋਇਆ ਹੈ ।ਜਿਸਦੀ ਕਾਪੀ ਅਤੇ ਉਸ ਸਮੇਂ ਵਿਵਾਦਤ ਅੰਕ ਕੱਟ ਕੇ ਲਗਾਏ ਉਮੀਦਵਾਰਾਂ ਦੀ ਸੂਚੀ ਨਾਲ ਨੱਥੀ ਕੀਤੀ ਗਈ ਸੀ
ਉਹਨਾਂ ਕਿਹਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸਾਲ 2020 ਵਿੱਚ ਫਾਰਗ ਟੀਚਿੰਗ ਫੈਲੋਜ਼ ਦੇ ਹੱਕ ਵਿੱਚ 23 ਜਨਵਰੀ ਅਤੇ 14 ਫਰਵਰੀ 2020 ਨੂੰ ਇੱਕ ਇਤਿਹਾਸਕ ਫੈਸਲਾ ਦਿੱਤਾ ਜਿਸ ਵਿੱਚ ਰਾਮ ਸਿੰਘ ਤਰਨਤਾਰਨ ,ਬਲਵੀਰ ਕੌਰ ,ਅਤੇ ਰੁਪਿੰਦਰ (ਸਿਵਲ ਰਿਟ ਪਟਿਸ਼ਨ ਨੰ CWP18758 ਆਫ 2014 )ਨੂੰ ਤਜ਼ਰਬੇ ਦੇ ਵਿਵਾਦਤ ਅੰਕ ਕੱਟ ਕੇ ਬਹਾਲ ਕਰ ਦਿੱਤਾ।
ਇਹਨਾਂ ਕੇਸਾਂ ਵਿੱਚ CWP 18758 ਆਫ 2014 ਰੁਪਿੰਦਰ ਕੌਰ ਬਨਾਮ ਪੰਜਾਬ ਸਰਕਾਰ ਵਿੱਚ ਐਡਵੋਕੇਟ ਜਨਰਲ ਪੰਜਾਬ ਵਲੋਂ ਜਾਰੀ ਲੀਗਲ ਓਪੀਨੀਅਨ ਅਤੇ ਫੈਸਲੇ ਦੀ ਕਾਪੀ ਵੀ ਮੁਹੱਇਆ ਕਰਵਾਈ ਜਾਵੇਗੀ ।
ਇਸ ਦੇ ਨਾਲ ਹੀ ਵਿਭਾਗ ਵੱਲੋਂ CWP 10300 ਆਫ 2014 ਰਾਮ ਸਿੰਘ ਬਨਾਮ ਪੰਜਾਬ ਸਰਕਾਰ, ਸਿਵਲ ਰਿਟ ਪਟੀਸ਼ਨ 13016 ਆਫ 2014 ਬਲਵੀਰ ਕੌਰ ਬਨਾਮ ਪੰਜਾਬ ਸਰਕਾਰ ਅਤੇ ਸਿਵਲ ਰਿੱਟ ਪਟੀਸ਼ਨ 7998ਆਫ 2014 ਪਵਿੱਤਰ ਪਾਲ ਸਿੰਘ ਬਨਾਮ ਪੰਜਾਬ ਸਰਕਾਰ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਦਿੱਤੇ ਫੈਸਲੇ ਦੀ ਰੌਸ਼ਨੀ ਵਿੱਚ ਨੌਕਰੀ ਤੇ ਪੂਰੇ ਲਾਭ ਦਿੰਦੇ ਹੋਏ ਬਹਾਲ ਕਰ ਦਿੱਤਾ ਅਤੇ ਛੇ ਮਹੀਨੇ ਬਾਅਦ ਇੱਕ ਪਹਿਲਾਂ ਚਲਦੀ ਐਲ ਪੀ ਏ ਦੇ ਨਾਲ ਇਹਨਾਂ ਨੌਕਰੀ ਕਰਦੇ ਅਧਿਆਪਕਾਂ ਨੂੰ ਕੋਝੀ ਚਾਲ ਤਹਿਤ ਐਲ ਪੀ ਏ 653ਆਫ 2020 ਲਗਾ ਦਿੱਤੀ ਜਿਹੜੀ ਕਿ ਬਿਨਾਂ ਸੁਣਵਾਈ ਦੇ ਪਿਛਲੇ ਤਿੰਨ ਸਾਲਾਂ ਤੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਲੰਬਿਤ ਹੈ ਅਤੇ ਇਸ ਦੇ ਨਾਲ ਹੀ ਫਾਰਗ ਟੀਚਿੰਗ ਫੈਲੋਜ਼ ਨਾਲ ਸੰਬੰਧਿਤ ਜਿੰਨੇ ਵੀ ਕੇਸ ਚਲਦੇ ਨੇ ਸਾਰੇ ਇਸ ਨਾਲ ਜੋੜ ਦਿੱਤੇ ਗਏ ਹਨ।
ਮਾਨਯੋਗ ਅਦਾਲਤ ਵਲੋਂ ਫਾਰਗ ਟੀਚਿੰਗ ਫੈਲੋਜ਼ ਦੇ ਵਿਵਾਦਿਤ ਅੰਕ ਕੱਟਣ ਸੰਬੰਧੀ(ਜਿਸ ਦਾ ਫੈਸਲਾ ਮਾਨਯੋਗ ਅਦਾਲਤ ਪਹਿਲਾਂ ਹੀ ਰੁਪਿੰਦਰ ਕੌਰ ਬਨਾਮ ਪੰਜਾਬ ਸਰਕਾਰ CWP 18758/2014ਅਧੀਨ ਫੈਸਲਾ ਸੁਣਾ ਚੁਕੀ ਹੈ )ਚਲਦੇ ਕੇਸ CWP 25889/2017 ਰਾਜਵਿੰਦਰ ਕੌਰ ਬਨਾਮ ਪੰਜਾਬ ਸਰਕਾਰ ਨੂੰ ਵੀ ਐਲ ਪੀ ਏ 653/2020 ਗੁਰਜਿੰਦਰ ਕੌਰ ਬਨਾਮ ਪੰਜਾਬ ਸਰਕਾਰ ਨਾਲ ਜੋੜ ਦਿੱਤਾ ਹੈ।
ਹੁਣ ਜਦੋਂ ਕਿ ਸਿਵਲ ਰਿੱਟ ਪਟੀਸ਼ਨ ਨੰ 14240/2013 ਨੀਰਜ਼ ਸ਼ਰਮਾ ਬਨਾਮ ਪੰਜਾਬ ਸਰਕਾਰ ਦੇ ਚਲਦੇ ਕੇਸ ਦੇ ਸੰਬੰਧ ਵਿੱਚ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਵਿਜੀਲੈਂਸ ਵਿਭਾਗ ਵੱਲੋਂ ਨਿਰਪੱਖ ਜਾਂਚ ਕਰਕੇ ਰਿਪੋਰਟ ਮੰਗੀ ਹੈ ।ਇਹ ਕੇਸ ਘੱਟ ਵੱਧ ਮੈਰਿਟ ਦਾ ਹੈ ।ਇਸ ਵਿੱਚ ਪਟੀਸ਼ਨ ਕਰਤਾ ਨੀਰਜ਼ ਸ਼ਰਮਾ ਦੀ ਮੈਰਿਟ ਦੇ ਅੰਕ 64.719 ਹਨ ਜਦਕਿ ਵਿਭਾਗ ਵੱਲੋਂ ਉਸਦੇ ਸ੍ਰੇਣੀ ਅਧੀਨ ਸੀਮਾ ਸ਼ਰਮਾ ਮੈਰਿਟ ਅੰਕ 64.63ਅਤੇ ਰਮਨਜੀਤ ਕਟੋਚ ਮੈਰਿਟ ਅੰਕ 60 ਨੂੰ ਸਿੱਖਿਆ ਵਿਭਾਗ ਵਿੱਚ ਬਤੌਰ ਟੀਚਿੰਗ ਫੈਲੋ ਨਿਯੁਕਤ ਕੀਤਾ ਹੋਇਆ ਹੈ।ਇਸ ਤਰ੍ਹਾਂ ਸਿੱਖਿਆ ਵਿਭਾਗ ਐਲੀਮੈਂਟਰੀ ਗੁਰਦਾਸਪੁਰ ਵਲੋਂ ਕਥਿਤ ਤੌਰ ਤੇ ਵੱਡੇ ਪੱਧਰ ਤੇ ਦੂਜੀ ਕੌਸਲਿੰਗ ਵਿੱਚ ਘਪਲਾ ਕੀਤਾ ਹੈ ਅਤੇ ਯੋਗ ਉਮੀਦਵਾਰਾਂ ਦੀ ਥਾਂ ਤੇ ਘੱਟ ਮੈਰਿਟ ਵਾਲੇ ਲਗਾ ਕੇ ਲੋਕਾਂ ਦੇ ਅਧਿਕਾਰਾਂ ਦਾ ਹਨਣ ਕੀਤਾ ਹੈ ।
ਹੁਣ ਸਿੱਖਿਆ ਵਿਭਾਗ ਵਲੋਂ ਵਿਜੀਲੈਂਸ ਵਿਭਾਗ ਪੰਜਾਬ ਵਲੋਂ ਅਦਾਲਤ ਦੇ ਫੈਸਲੇ ਅਨੁਸਾਰ 9998 ਟੀਚਿੰਗ ਫੈਲੋ ਦੀ ਭਰਤੀ ਦੀ ਜਾਂਚ ਕਰਨ ਦੇ ਆਦੇਸ਼ਾਂ ਨੂੰ ਸਿੱਕੇ ਟੰਗ ਕੇ ਪਹਿਲਾਂ ਤੋਂ ਹੀ ਫਾਰਗ ਕੀਤੇ 127 ਟੀਚਿੰਗ ਫੈਲੋਜ਼ ਅਤੇ ਇਸ ਦੀ ਗਿਣਤੀ ਵਧਾਉਣ ਲਈ ਨੌਕਰੀ ਕਰਦੇ ਫਰਜ਼ੀ ਨਾਮ ਪਾ ਕੇ 457 ਅਧਿਆਪਕਾਂ ਨੂੰ ਬਲੀ ਦਾ ਬੱਕਰਾ ਬਣਾ ਕੇ ਮਾਨਵ ਅਧਿਕਾਰਾਂ ਦਾ ਹਨਣ ਕਰ ਰਿਹਾ ਹੈ ।
ਇਹ ਕਿ ਸਾਲ 2009-2010 ਵਿੱਚ ਫਾਰਗ ਕੀਤੇ ਟੀਚਿੰਗ ਫੈਲੋਜ਼ ਦੇ ਹੱਕ ਵਿੱਚ 23ਜਨਵਰੀ ਅਤੇ 14 ਫਰਵਰੀ 2020
ਵਿੱਚ ਉਪਰੋਕਤ ਦੱਸੇ ਫੈਸਲਾ ਆ ਚੁਕਿਆ ਹੈ ਜਿਸ ਨੂੰ ਵਿਭਾਗ ਸਾਰਿਆਂ ਤੇ ਆਪਣੇ ਪੱਧਰ ਤੇ ਲਾਗੂ ਕਰ ਸਕਦਾ ਹੈ ਪਰ ਵਿਭਾਗ ਵਿੱਚ ਕੁੱਝ ਅੜੀਅਲ ਤੇ ਲੁਟੇਰੇ ਅਮਲੇ ਅਤੇ ਅਧਿਕਾਰੀਆਂ ਦੀ ਬਦੌਲਤ ਜਾਣ ਬੁੱਝ ਕੇ ਮਸਲੇ ਨੂੰ ਉਲਝਾਉਣ ਲਈ ਇਹਨਾਂ ਦੇ ਕੇਸ ਐਲ ਪੀ ਏ 653 ਆਫ 2020 ਨਾਲ ਜੋੜ ਦਿੱਤਾ ਹੈ ।
ਸਿੱਖਿਆ ਵਿਭਾਗ ਆਪਣੇ ਵਲੋਂ ਕੀਤੇ ਘਪਲੇ ਦੌਰਾਨ ਨੌਕਰੀ ਤੇ ਲਗਾਏ ਘੱਟ ਮੈਰਿਟ ਵਾਲਿਆਂ ਨੂੰ ਬਚਾਉਣ ਲਈ ਕੀਤੇ ਘਪਲੇ ਤੇ ਪਰਦਾ ਪਾਉਣ ਹਿੱਤ 9998 ਅਧਿਆਪਕ ਭਰਤੀ ਦਾ ਰਿਕਾਰਡ ਖੁਰਦ ਬੁਰਦ ਕਰਕੇ ਫਾਰਗ ਟੀਚਿੰਗ ਫੈਲੋਜ਼ ਦੀਆਂ ਕਈ ਜਿੰਦਗੀਆਂ ਨਾਲ ਖਿਲਵਾੜ ਕਰ ਰਿਹਾ ਹੈ ਅਤੇ ਪਿਛਲੇ ਤੇਰਾ ਚੌਂਦਾ ਸਾਲਾਂ ਤੋ ਮਾਨਯੋਗ ਅਦਾਲਤ ਵਿਜੀਲੈਂਸ ਵਿਭਾਗ ਨੂੰ ਰਿਕਾਰਡ ਨਾ ਦੇ ਕੇ ਗੁੰਮਰਾਹ ਕਰ ਰਿਹਾ ਹੈ ਅਤੇ ਗਾਜ਼ 457ਅਧਿਆਪਕਾਂ ਤੇ ਗਿਰਾ ਰਿਹਾ ਹੈ ਜਿਨ੍ਹਾਂ ਦੇ ਪਹਿਲਾਂ ਤੋਂ ਹੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਚਲ ਰਹੇ ਹਨ।ਇਹਨਾਂ ਦਾ ਸਿਵਲ ਰਿੱਟ ਪਟੀਸ਼ਨ ਨੰ 14240 ਆਫ 2013 ਨਾਲ ਕੋਈ ਸੰਬੰਧ ਨਹੀਂ ਹੈ।ਵਿਭਾਗ ਵੱਲੋਂ ਕਥਿਤ ਤੌਰ ਤੇ ਕੀਤੀ ਘਪਲੇ ਬਾਜ਼ੀ ਦਾ ਅਜੇ ਫਾਰਗ ਟੀਚਿੰਗ ਫੈਲੋਜ਼ ਨੂੰ ਇੰਨਸਾਫ ਨਹੀ ਮਿਲਿਆ।ਇੰਨਸਾਫ ਉਡੀਕਦੇ ਉਡੀਕਦੇ ਅੱਧੇ ਨਾਲੋਂ ਵੱਧ ਟੀਚਿੰਗ ਫੈਲੋਜ਼ ਦੀ ਉਮਰ ਪੂਰੀ ਹੋ ਗਈ ਹੈ ਕੁੱਝ 55-56ਸਾਲ ਦੇ ਹੋ ਚੁਕੇ ਨੇ ।ਸਿੱਖਿਆ ਵਿਭਾਗ ਵਿੱਚ ਕੁੱਝ ਭਰਿਸ਼ਟ ਬਾਬੂਆਂ ਅਤੇ ਅਧਿਕਾਰੀਆਂ ਨੇ ਚੰਦ ਸਿੱਕਿਆਂ ਦੇ ਲਾਲਚ ਕਰਕੇ ਹਜ਼ਾਰਾਂ ਪਰਿਵਾਰਾਂ ਦੇ ਬੱਚਿਆਂ ਦੇ ਮੂੰਹ ਵਿੱਚੋਂ ਨਿਵਾਲਾ ਖੋਹ ਕੇ ਮਾਨਵਤਾ ਦਾ ਘਾਣ ਕੀਤਾ ਹੈ ।ਜਿਸ ਵਿੱਚ ਫਾਰਗ ਟੀਚਿੰਗ ਫੈਲੋਜ਼ ਨੂੰ ਸਮਾਜਿਕ ਪੱਧਰ ਤੇ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਉਪਰੋਕਤ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬਹੁਤ ਜਰੂਰੀ ਹੈ ਕਿ ਸਾਰੇ ਟੀਚਿੰਗ ਫੈਲੋਜ਼ 9998 ਦੀਆਂ ਡਿਗਰੀਆਂ ਤੇ ਹੋਰ ਦਸਤਾਵੇਜਾਂ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ 9998 ਅਧਿਆਪਕਾਂ ਵਲੋਂ ਲਗਾਏ ਗਏ ਤਜ਼ਰਬੇ ਸਰਟੀਫਿਕੇਟ ਇਸ਼ਤਿਹਾਰ ਮੁਤਾਬਿਕ ਸ਼ਰਤਾਂ ਤਹਿਤ ਹੀ ਪਰਖੋ ਜਾਣ ਨਾ ਕਿ ਨਵੀਆਂ 8 ਸ਼ਰਤਾਂ ਤਹਿਤ ।ਜੇਕਰ ਇਹ ਸ਼ਰਤਾਂ ਲਗਾਉਣੀਆ ਸੀ ਤਾਂ ਪਹਿਲਾਂ ਇਸ਼ਤਿਹਾਰ ਵਿੱਚ ਲਿਖਦੇ ਬਾਅਦ ਵਿੱਚ ਜਦੋਂ ਸਾਰਾ ਕੁੱਝ ਹੋ ਗਿਆ ਤੇ ਵਿਭਾਗ ਵੱਲੋਂ ਆਪਣੇ ਚਹੇਤਿਆਂ ਨੂੰ ਤੇ ਪੈਸੇ ਦੇ ਲਾਲਚ ਨੂੰ ਧਿਆਨ ਵਿੱਚ ਰੱਖ ਕੇ ਫਾਰਗ ਟੀਚਿੰਗ ਸਹੀ ਬਣੇ ਤਜ਼ਰਬਾ ਸਰਟੀਫਿਕੇਟ ਨੂੰ ਬੋਗਸ ਕਹਿ ਕੇ ਨੌਕਰੀ ਤੋਂ ਫਾਰਗ ਕਰ ਦਿੱਤਾ ਤੇ ਘੱਟ ਮੈਰਿਟ ਵਾਲਿਆਂ ਨੂੰ ਪੈਸੇ ਲੈ ਕੇ ਨੌਕਰੀ ਦੇ ਦਿੱਤੀ ਜਦ ਕਿ ਉੱਚ ਮੈਰਿਟ ਵਾਲੇ ਕਈ ਟੀਚਿੰਗ ਫੈਲੋਜ਼ ਨੌਕਰੀ ਦੀ ਉਡੀਕ ਵਿੱਚ ਉਮਰ ਕੱਟ ਰਹੇ ਹਨ ।
ਹੁਣ ਵਿਜੀਲੈਂਸ ਵਿਭਾਗ ਵੱਲੋਂ ਜਾਣਬੁੱਝ ਕੇ ਸਾਲ 2013 ਦੇ ਇੱਕ ਫੈਸਲੇ ਦਾ ਹਵਾਲਾ ਦੇ ਕੇ ਫਾਰਗ ਕੀਤੇ ਅਧਿਆਪਕਾਂ ਤੇ ਪਰਚੇ ਕਰਵਾਉਣ ਦਾ ਤੁਗਲਕੀ ਫਰਮਾਨ ਜਾਰੀ ਕਰ ਦਿੱਤਾ ਹੈ ।ਜਿਸ ਨਾਲ ਪੰਦਰਾਂ ਸਾਲ ਤੋਂ ਨੌਕਰੀ ਦੀ ਉਡੀਕ ਵਿੱਚ ਬੁੱਢੇ ਹੋ ਗਏ ਅਧਿਆਪਕਾਂ ਦੀ ਅਚਾਨਕ ਪਰਚਿਆਂ ਦੀ ਖ਼ਬਰ ਸੁਣ ਕੇ ਸਿਹਤ ਤੇ ਬੁਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ ।ਜਿਵੇਂ ਸਾਰੀ ਸਾਰੀ ਰਾਤ ਨੀਂਦ ਨਾ ਆਉਣਾ ,ਬੀ ਪੀ ,ਦਿਲ ਘਟਨਾ ,ਤੇ ਬੇਚੈਨੀ ਆਦਿ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਇਸ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਫਾਰਗ ਟੀਚਿੰਗ ਫੈਲੋਜ਼ ਦੇ ਬੱਚਿਆਂ ਦੇ ਭਵਿੱਖ ਅਤੇ ਪੂਰਵ ਵਿੱਚ ਪੈਸੇ ਅਤੇ ਸਮਾਂ ਬਰਬਾਦ ਕਰਕੇ ਪ੍ਰਾਪਤ ਕੀਤੀਆਂ ਡਿਗਰੀਆਂ ਨੂੰ ਦੇਖ ਕੇ ਬਾਦਲ ਸਰਕਾਰ ਵੱਲੋਂ ਕੀਤੀ ਗਲਤੀ ਨੂੰ ਦਰੁਸਤ ਕਰਕੇ ਇਹਨਾਂ ਅਧਿਆਪਕਾਂ ਨੂੰ ਇਨਸਾਫ਼ ਦਿਲਾਇਆ ਜਾਵੇ ,ਜਿਨ੍ਹਾਂ ਅਧਿਆਪਕਾਂ ਤੇ ਨਜਾਇਜ਼ ਪਰਚੇ ਹੋਏ ਉਹ ਰੱਦ ਕੀਤੇ ਜਾਣ ਅਤੇ ਮਾਨਯੋਗ ਹਾਈ ਕੋਰਟ ਵਲੋਂ ਦਿੱਤੇ ਫੈਸਲਿਆਂ ਦੀ ਰੌਸ਼ਨੀ ਵਿੱਚ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ।