ਲੱਖੋਵਾਲ ਯੂਨੀਅਨ ਨੇ ਮੰਤਰੀ ਦੇ ਦੌਰੇ ਨੂੰ ਅੱਖਾਂ 'ਚ ਘੱਟਾ ਪਾਉਣ ਵਾਲਾ ਦੱਸਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 23 ਜੂਨ 2024: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾ ਬੱਸੀ ਦੀ ਇੱਕ ਅਹਿਮ ਮੀਟਿੰਗ ਯੂਨੀਅਨ ਦੇ ਮੁੱਖ ਦਫਤਰ ਨੇੜੇ ਟੋਲ ਪਲਾਜਾ ਦੱਪਰ ਵਿਖੇ ਜਥੇਬੰਦੀ ਦੇ ਐਗਜੈਕਟਿਵ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਦੀ ਅਗਵਾਈ ਹੇਠ ਹੋਈ ।ਮੀਟਿੰਗ ਵਿੱਚ ਬੀਤੇ ਕੱਲ ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਵੱਲੋਂ ਡੇਰਾਬੱਸੀ ਅਤੇ ਲਾਲੜੂ ਵਿਖੇ ਘੱਗਰ ਦਰਿਆ ਦੇ ਲਏ ਗਏ ਜਾਇਜ਼ੇ ਨੂੰ ਖੇਤਰ ਦੇ ਲੋਕਾਂ ਦੀ ਅੱਖਾਂ ਵਿੱਚ ਘੱਟਾ ਪਾਉਣ ਵਾਲਾ ਦੱਸਿਆ ਗਿਆ।ਕਿਸਾਨ ਆਗੂ ਸ੍ਰ. ਅਮਲਾਲਾ ਨੇ ਕਿਹਾ ਕਿ ਮੰਤਰੀ ਨੇ ਇਹ ਦੌਰਾ ਉਸ ਸਮੇਂ ਕੀਤਾ ਜਦੋਂ ਕਿ ਮੌਨਸੂਨ ਦੀ ਬਾਰਿਸ਼ ਸਿਰ ਉੱਪਰ ਖੜੀ ਹੈ। ਐਨੇ ਘੱਟ ਸਮੇਂ ਵਿੱਚ ਘੱਗਰ ਦਰਿਆ ਦੇ ਕਿਨਾਰੇ ਜਾਂ ਹੋਰ ਬੰਨ੍ਹ ਵਗੈਰਾ ਸਮੇਂ ਸਿਰ ਪੱਕੇ ਨਹੀਂ ਹੋ ਸਕਦੇ।ਸ।. ਅਮਲਾਲਾ ਨੇ ਕਿਹਾ ਕਿ ਯੂਨੀਅਨ ਘੱਗਰ ਦੀ ਲੜਾਈ ਪਿਛਲੇ ਇੱਕ ਸਾਲ ਤੋਂ ਹੀ ਲੜ ਰਹੀ ਹੈ। ਇਸ ਤਹਿਤ ਐਸਕੇਐਮ ਵੱਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਦੀ ਕੋਠੀ ਘੇਰਣ ਦੇ ਨਾਲ-ਨਾਲ ਡੀਸੀ ਦਫਤਰ ਧਰਨਾ ਵੀ ਦਿੱਤਾ ਗਿਆ।
ਇਸ ਤੋਂ ਇਲਾਵਾ ਐਸਡੀਐਮ ਡੇਰਾਬੱਸੀ ਦੁਆਰਾ ਮੁੱਖ ਮੰਤਰੀ ਨੂੰ ਤਿੰਨ ਵਾਰ ਮੰਗ ਪੱਤਰ ਵੀ ਦਿੱਤੇ ਗਏ ਹਨ ਪ੍ਰੰਤੂ ਸਥਿਤੀ ਜਿਉਂ ਦੀ ਤਿਉਂ ਹੈ।ਸ੍. ਅਮਲਾਲਾ ਨੇ ਕਿਹਾ ਕਿ ਹਲਕੇ ਵਿੱਚ ਘੱਗਰ ਤੋਂ ਇਲਾਵਾ ਪਿੰਡ ਜੰਡਲੀ ਵਿਖੇ ਕੈਮੀਕਲ ਫੈਕਟਰੀ ਦੁਆਰਾ ਰੋਕਿਆ ਹੋਇਆ ਪਾਣੀ ਦਾ ਵਹਾਅ ਅਤੇ ਪਿੰਡ ਝਰਮੜੀ ਵਿਖੇ ਹਾਊਸਿੰਗ ਪ੍ਰੋਜੈਕਟਾਂ ਦੁਆਰਾ ਰੋਕਿਆ ਗਿਆ ਬਰਸਾਤੀ ਪਾਣੀ ਅਤੇ ਟਾਂਗਰੀ ਨਦੀ ਅਤੇ ਹੋਰ ਬਰਸਾਤੀ ਨਦੀਆਂ ਦੀ ਸਫਾਈ ਅਤੇ ਕਿਨਾਰਿਆਂ ਨੂੰ ਠੀਕ ਕਰਨ ਵਿੱਚ ਸਰਕਾਰ ਹੁਣ ਤੱਕ ਕਾਮਯਾਬ ਨਹੀਂ ਹੋ ਸਕੀ ਅਤੇ ਨਾ ਹੀ ਘੱਗਰ ਦਰਿਆ ਦੁਆਰਾ ਕਿਸਾਨਾਂ ਦੀਆਂ ਜਮੀਨਾਂ ਨੂੰ ਖਰਾਬ ਕਰਨ ਅਤੇ ਫਸਲਾਂ ਦੇ ਉਜਾੜੇ ਦਾ ਕਿਸੇ ਵੀ ਕਿਸਮ ਦਾ ਕੋਈ ਉਚਿਤ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਗਿਆ।ਸ੍ਰ. ਅਮਲਾਲਾ ਨੇ ਕਿਹਾ ਕਿ ਹਲਕੇ ਦੇ ਐਮ ਐਲ ਏ ਨੂੰ ਮੰਤਰੀ ਦਾ ਦੌਰਾ ਕਣਕ ਦੀ ਕਟਾਈ ਪੂਰੀ ਹੋਣ ਸਮੇਂ ਕਰਵਾਉਣਾ ਚਾਹੀਦਾ ਸੀ, ਤਾਂ ਜੋ ਹੁਣ ਤੱਕ ਘੱਗਰ ਦਾ ਕੰਮ ਮੁਕੰਮਲ ਹੋ ਜਾਂਦਾ।ਸ੍ਰ. ਅਮਲਾਲਾ ਨੇ ਕਿਹਾ ਕਿ ਸਾਰੇ ਰੇਲਵੇ ਅੰਡਰ ਪਾਥ ਵਿੱਚ ਬਰਸਾਤ ਸਮੇਂ ਪਾਣੀ ਇਕੱਠਾ ਹੋ ਜਾਂਦਾ ਹੈ,ਜਿਸ ਨਾਲ ਹੁਣ ਤੱਕ ਕਈ ਮੌਤਾਂ ਵੀ ਹੋ ਚੁੱਕੀਆਂ ਹਨ ਤੇ ਇਸ ਦਾ ਸਰਕਾਰ ਕੋਲ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ।
ਅਮਲਾਲਾ ਨੇ ਕਿਹਾ ਕਿ ਮੰਤਰੀ ਵੱਲੋਂ ਘੱਗਰ ਵਾਸਤੇ ਦਿੱਤਾ ਨੌ ਕਰੋੜ ਰੁਪਏ ਦਾ ਬਿਆਨ ਵੀ ਸਿਰਫ ਬਿਆਨ ਹੀ ਰਹੇਗਾ, ਜਿਸ ਦਾ ਜਮੀਨੀ ਪੱਧਰ ਉੱਤੇ ਕੋਈ ਅਸਰ ਨਹੀਂ ਹੋਵੇਗਾ।ਅੰਤ ਵਿੱਚ ਮੀਟਿੰਗ ਵਿੱਚ ਯੂਨੀਅਨ ਵੱਲੋਂ ਮੰਤਰੀਆਂ ਦੇ ਪਹਿਲਾਂ ਕੀਤੇ ਦੌਰਿਆਂ ਵਾਂਗੂ ਮੰਤਰੀ ਦੇ ਦੌਰੇ ਨੂੰ ਸਿਰਫ ਗੇੜੀ ਰੂਟ ਹੀ ਕਰਾਰ ਦਿੱਤਾ ਗਿਆ। ਇਸ ਮੌਕੇ ਮੀਟਿੰਗ ਵਿੱਚ ਕੁਲਦੀਪ ਸਿੰਘ ਸਰਸੀਣੀ, ਜਗਤਾਰ ਸਿੰਘ ਝਰਮੜੀ , ਹਰੀ ਸਿੰਘ ਬਹੋੜਾ, ਹਰੀ ਸਿੰਘ ਚਡਿਆਲਾ ,ਗੁਰਪ੍ਰੀਤ ਸਿੰਘ ਜਸਤਨਾ, ਸਾਹਿਬ ਸਿੰਘ ਦੱਪਰ, ਧਰਮਪਾਲ ਘੋਲੂ ਮਾਜਰਾ, ਰਣਜੀਤ ਸਿੰਘ ਰਾਣਾ ਭਗਵਾਨਪੁਰ, ਭਾਗ ਸਿੰਘ ਅਮਲਾਲਾ, ਕੇਹਰ ਸਿੰਘ ਚਡਿਆਲਾ ,ਕਰਨੈਲ ਸਿੰਘ ਤੋਗਾਂਪੁਰ, ਗੁਰਪਾਲ ਸਿੰਘ ਦੱਪਰ ,ਹਰਪਾਲ ਸਿੰਘ ਚੌਂਦਹੇੜੀ, ਪਰਮਜੀਤ ਸਿੰਘ ਦੱਪਰ,ਬਖਸੀਸ ਸਿੰਘ ਭੱਟੀ ,ਨਿੱਕਾ ਸਿੰਘ ਝਰਮੜੀ ,ਬਲਜਿੰਦਰ ਸਿੰਘ ਰੰਗੀ, ਹਰਮੇਸ਼ ਸਿੰਘ ਅਮਲਾਲਾ, ਮੋਹਨ ਸਿੰਘ ਕਸੌਲੀ, ਦਰਸਨ ਸਿੰਘ ਫਤਿਹਪੁਰ, ਮੋਹਨ ਸਿੰਘ ਕਸੌਲੀ, ਕਰਨੈਲ ਸਿੰਘ ,ਰਾਮ ਸਿੰਘ ਜੰਡਲੀ, ਭਜਨ ਸਿੰਘ ਦਪਰ, ਸੁਰਜੀਤ ਸਿੰਘ ਅੰਬ ਛੱਪਾ, ਰਘਬੀਰ ਸਿੰਘ ਦੱਪਰ, ਛੱਜਾ ਸਿੰਘ ਦੱਪਰ ,ਭਾਗ ਸਿੰਘ ਖੇੜੀ ਜੱਟਾਂ, ਹਰੀ ਰਾਮ ਦੱਪਰ, ਰਵਿੰਦਰ ਸਿੰਘ ਦੱਪਰ ਤੇ ਹਰਜੀਤ ਸਿੰਘ ਭਗਵਾਨਪੁਰ ਸਮੇਤ ਕਿਸਾਨ ਹਾਜ਼ਰ ਸਨ।