ਰੂਪ ਨਗਰ ਵਿੱਚ ਸਥਿਤ ਬਰਸਾਤੀ ਨਦੀਆਂ ਦੀ ਸਾਫ ਸਫਾਈ ਅਤੇ ਡੀਸਿਲਟਿੰਗ ਦਾ ਕੰਮ ਲਗਾਤਾਰ ਵਿਵਾਦਾਂ ਵਿੱਚ ਘਿਰਿਆ
- ਸਥਾਨਕ ਪਿੰਡਾਂ ਦੇ ਭਾਰੀ ਵਿਰੋਧ ਦੇ ਚਲਦਿਆਂ ਨਹੀਂ ਹੋ ਸਕਿਆ ਕੰਮ ਸ਼ੁਰੂ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ ਨਗਰ 23 ਜੂਨ 2024 : ਪੰਜਾਬ ਸਰਕਾਰ ਦੇ ਡ੍ਰੇਨੇਜ ਵਿਭਾਗ ਵੱਲੋਂ ਰੂਪਨਗਰ ਖੇਤਰ ਵਿੱਚ ਸਥਿਤ ਬਰਸਾਤੀ ਨਦੀਆਂ ਦੀ ਸਾਫ਼ ਸਫ਼ਾਈ ਅਤੇ ਡੀਸਿਲਟਿੰਗ ਲਈ ਸ਼ੁਰੂ ਕੀਤੀ ਮੁਹਿੰਮ ਲਗਾਤਾਰ ਵਿਵਾਦਾਂ ਵਿੱਚ ਘਿਰਦੀ ਜਾ ਰਹੀ ਹੈ ਅਤੇ ਨਦੀਆਂ ਦੇ ਨਾਲ ਲਗਦੇ ਪਿੰਡਾਂ ਦੇ ਲਗਾਤਾਰ ਭਾਰੀ ਵਿਰੋਧ ਕਰਨ ਸਰਕਾਰ ਨੂੰ ਤੇ ਸਬੰਧਤ ਕੰਪਨੀ ਨੂੰ ਪੈਰ ਪਿੱਛੇ ਖਿੱਚਣੇ ਪੈ ਰਹੇ ਹਨ।
ਪੁਰਖਾਲੀ ਖੇਤਰ ਦੇ ਪਿੰਡ ਬਬਾਨੀ ਕਲਾਂ ਅਤੇ ਬਬਾਨੀ ਖੁਰਦ ਵਿਖੇ ਲੰਘਦੀ ਬਰਸਾਤੀ ਨਦੀ ਵਿੱਚ ਡੀਸਿਲਟਿੰਗ ਕਰਨ ਅਤੇ ਨਦੀ ਦੀ ਸਫ਼ਾਈ ਕਰਨ ਲਈ ਸਬੰਧਿਤ ਠੇਕੇਦਾਰ ਦੀ ਮਸ਼ੀਨਰੀ ਪੁੱਜੀ ਤਾਂ ਇਸ ਦੀ ਪਿੰਡ ਵਾਲਿਆਂ ਨੂੰ ਖਬਰ ਲੱਗਣ ਤੇ ਵੱਡੀ ਗਿਣਤੀ ਵਿੱਚ ਪਹੁੰਚੇ ਪਿੰਡ ਵਾਸੀਆਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ l ਇਸ ਸਬੰਧੀ ਪਿੰਡ ਵਾਸੀਆਂ ਸਾਬਕਾ ਸਰਪੰਚ ਜਸਵੀਰ ਸਿੰਘ, ਸਾਬਕਾ ਪੰਚ ਬਲਵਿੰਦਰ ਸਿੰਘ,ਬਾਵਾ ਸਿੰਘ ਸਰਬਜੀਤ ਸਿੰਘ, ਰਣਧੀਰ ਸਿੰਘ, ਸੁਰਿੰਦਰ ਸਿੰਘ,ਬੇਅੰਤ ਸਿੰਘ, ਕੁਲਵਿੰਦਰ ਸਿੰਘ,ਧਰਮਿੰਦਰ ਸਿੰਘ, ਸਿਕੰਦਰ ਖਾਨ ਨੇ ਦੱਸਿਆ ਕਿ ਨਦੀ ਤੇ ਸਫਾਈ ਕਰਵਾਉਣ ਦੇ ਬਹਾਨੇ ਕੁਝ ਲੋਕ ਮਸ਼ੀਨਰੀ ਲੈ ਕੇ ਨਦੀ ਚ ਪੁੱਜ ਗਏ ਤੇ ਨਦੀ ਨੂੰ ਪੁੱਟਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਿਸ ਬਾਰੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਕੋਈ ਵੀ ਸੂਚਨਾ ਨਾ ਦਿੱਤੀ ਗਈ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੂੰ ਇਸ ਗੱਲ ਦੀ ਭਿਣਕ ਪੈਣ ਤੇ ਉਹ ਮੌਕੇ ਤੇ ਪੁੱਜ ਗਏ ਤੇ ਕੰਮ ਸ਼ੁਰੂ ਨਾ ਹੋਣ ਦਿੱਤਾ। ਪਿੰਡ ਵਾਸੀਆਂ ਨੇ ਕਿਹਾ ਕਿ ਉਕਤ ਨਦੀ ਤਾਂ ਸਾਡੇ ਦੋਵੇਂ ਪਿੰਡਾਂ ਅਤੇ ਪਿੰਡਾਂ ਦੀਆਂ ਜਮੀਨਾਂ ਤੋ ਪਹਿਲਾਂ ਹੀ ਬਹੁਤ ਡੂੰਘੀ ਹੈ ਜਿਸ ਦਾ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਨਦੀ ਪਹਿਲਾਂ ਹੀ ਡੂੰਘੀ ਹੋਣ ਕਾਰਨ ਇਸ ਨੂੰ ਹੋਰ ਡੂੰਘਾ ਕਰਨਾ ਲੋਕਾਂ ਦੇ ਹਿੱਤ ਚ ਨਹੀਂ ਹੈ ।ਉਨਾ ਕਿਹਾ ਕੇ ਸਾਡਾ ਇਹ ਪਿੰਡਾਂ ਦੀਆਂ ਜਿਆਦਾਤਰ ਜਮੀਨਾਂ ਉਹ ਤੇ ਨਦੀ ਤੋਂ ਪਾਰ ਹੀ ਪੈਂਦੀਆਂ ਹਨ ਜੇਕਰ ਇਸ ਨਦੀ ਨੂੰ ਹੋਰ ਜਿਆਦਾ ਡੂੰਘਾ ਕਰ ਦਿੱਤਾ ਗਿਆ ਤਾਂ ਸਾਡੇ ਪਿੰਡ ਦੇ ਕਿਸਾਨਾਂ ਨੂੰ ਆਪਣੀਆਂ ਜਮੀਨਾਂ ਚ ਜਾਣਾ ਬੰਦ ਹੋ ਜਾਵੇਗਾ ਅਤੇ ਅਤੇ ਕਿਸਾਨ ਆਪਣੀਆਂ ਫਸਲਾਂ ਦੀ ਦੇਖਭਾਲ ਵੀ ਨਹੀਂ ਕਰ ਸਕਣਗੇ ।
ਇਸ ਮੌਕੇ ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਆਪਣੀ ਪੇਸ਼ ਨਾ ਚੱਲਦੀ ਵੇਖ ਉਹ ਤਾਂ ਲੋਕ ਆਪਣੀ ਮਸ਼ੀਨਰੀ ਲੈ ਕੇ ਉਥੋਂ ਰਫੂ ਚੱਕਰ ਹੋ ਗਏ । ਪਿੰਡ ਵਾਸੀਆਂ ਨੇ ਜਿਲਾ ਪ੍ਰਸ਼ਾਸਨ ਨੂੰ ਫਿਰ ਅਪੀਲ ਕੀਤੀ ਕਿ ਸਾਡੇ ਪਿੰਡਾਂ ਦੀਆਂ ਜਮੀਨਾਂ ਕਾਫੀ ਉੱਚੀਆਂ ਅਤੇ ਸਾਡੀਆਂ ਜਮੀਨਾਂ ਨੂੰ ਇਸ ਨਦੀ ਦਾ ਕੋਈ ਵੀ ਖਤਰਾ ਨਹੀਂ ਇਸ ਲਈ ਉਕਤ ਨਦੀ ਨੂੰ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਕੀਤੀ ਜਾਵੇ l
ਵਰਨਣਯੋਗ ਹੈ ਕਿ ਇਸ ਤੋ ਪਹਿਲਾਂ ਪਿੰਡ ਗੋਸਲਾਂ,ਸੋਤਲ, ਬੰਨ ਮਾਜਰਾ, ਸੀਹੋਮਾਜਰਾ ਆਦਿ ਪਿੰਡਾਂ ਵਿੱਚ ਵੀ ਭਾਰੀ ਵਿਰੋਧ ਦੇ ਚਲਦਿਆਂ ਸਬੰਧਤ ਕੰਪਨੀ ਨੂੰ ਕਥਿਤ ਡੀਸਿਲਟਿੰਗ ਦਾ ਕੰਮ ਬੰਦ ਕਰਨ ਲਈ ਮਜਬੂਰ ਹੋਣਾ ਪਿਆ। ਬੀਤੇ ਕੱਲ੍ਹ ਉਪਰੋਕਤ ਪਿੰਡਾਂ ਵੱਲੋਂ ਉਕਤ ਨਦੀ ਵਾਲੀ ਜ਼ਮੀਨ ਵਿੱਚ ਚਾਰਾ ਬੀਜ ਦਿੱਤਾ ਗਿਆ ਹੈ। ਇਸ ਸਬੰਧੀ ਪਿੰਡਾਂ ਵੱਲੋਂ ਕਿਸਾਨ ਯੂਨੀਅਨਾਂ ਦੇ ਨਾਲ ਸਾਂਝੀ ਕਮੇਟੀ ਬਣਾ ਕੇ ਪ੍ਰਸ਼ਾਸਨ ਨਾਲ ਗੱਲਬਾਤ ਅਰੰਭੀ ਹੋਈ ਹੈ ਜੋ ਕਿ ਹਾਲੇ ਤੱਕ ਕਿਸੇ ਤਣ ਪੱਤਣ ਨਹੀਂ ਲੱਗੀ।