CM ਮਾਨ ਤੁਰੰਤ ਅਹੁਦਾ ਛੱਡਣ, ਪੰਜਾਬ ਨੂੰ ਅਨਾੜੀ ਸਰਕਾਰ ਦੇ ਭਰੋਸੇ ਨਹੀਂ ਛੱਡਿਆ ਜਾ ਸਕਦਾ: ਸੁਨੀਲ ਜਾਖੜ
-ਬੰਬ ਧਮਾਕਿਆਂ ਸਬੰਧੀ ਮੁੱਖ ਮੰਤਰੀ ਦੇ ਗੈਰਸੰਜੀਦਾ ਬਿਆਨ ਦੀ ਕੀਤੀ ਸਖ਼ਤ ਨਿਖੇਧੀ
-ਯਾਦ ਕਰਵਾਇਆ, 2017 ਦੀਆਂ ਚੋਣਾਂ ਸਮੇਂ ਆਪ ਸੁਪਰੀਮੋ ਕਿੰਨਾਂ ਲੋਕਾਂ ਦੇ ਘਰ ਠਹਿਰਦੇ ਸਨ
ਚੰਡੀਗੜ੍ਹ, 6 ਮਈ 2026- ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਸੂਬੇ ਦੀ ਅਮਨ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਪੂਰੀ ਤਰਾਂ ਨਾਕਾਮ ਦੱਸਦਿਆਂ ਮੁੱਖ ਮੰਤਰੀ ਵੱਲੋਂ ਬੰਬ ਧਮਾਕਿਆਂ ਸਬੰਧੀ ਦਿੱਤੇ ਗੈਰ ਜਿੰਮੇਵਾਰਾਨਾ ਬਿਆਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਤੁਰੰਤ ਆਪਣੀ ਨਾਕਾਮੀ ਸਵਿਕਾਰ ਕਰਦਿਆਂ ਅਹੁਦਾ ਛੱਡਣ ਨੂੱ ਕਿਹਾ ਹੈ।
ਉਨ੍ਹਾਂ ਨੇ ਇਸ ਸਬੰਧੀ ਸੋ਼ਸਲ ਮੀਡੀਆ ਤੇ ਜਾਰੀ ਕੀਤੇ ਸੁਨੇਹੇ ਵਿਚ ਲਿਖਿਆ ਹੈ, “ਬੀਤੀ ਰਾਤ ਜਲੰਧਰ ਤੇ ਅੰਮ੍ਰਿਤਸਰ ਵਿਚ ਹੋਏ ਬੰਬ ਧਮਾਕੇ ਬੇਹੱਦ ਚਿੰਤਾ ਦਾ ਵਿਸ਼ਾ ਹਨ ਪਰ ਉਸਤੋਂ ਵੀ ਵੱਧ ਚਿੰਤਾਜਨਕ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ। ਪੰਜਾਬ ਦੇ ਡੀਜੀਪੀ ਇਸ ਪਿੱਛੇ ਪਾਕਿਸਤਾਨ ਦੀ ਆਈਐਸਆਈ ਦਾ ਹੱਥ ਹੋਣ ਦੀ ਗੱਲ ਆਖ ਰਹੇ ਹਨ ਪਰ ਮੁੱਖ ਮੰਤਰੀ ਸਿਆਸਤ ਤੋਂ ਪ੍ਰੇਰਿਤ ਹੋ ਗੈਰ ਜਿੰਮੇਵਾਰਨਾ ਬਿਆਨ ਦੇ ਰਹੇ ਹਨ। ਇਸ ਪਿੱਛੇ ਮੁੱਖ ਮੰਤਰੀ ਦੀ ਬੌਖਲਾਹਟ ਤੇ ਕੁਰਸੀ ਜਾਣ ਦਾ ਡਰ ਬੋਲ ਰਿਹਾ ਹੈ। ਬਿਹਤਰ ਹੋਵੇਗਾ ਕਿ ਉਹ ਆਪਣੀ ਕੁਰਸੀ ਦਾ ਫਿਕਰ ਛੱਡ ਕੇ ਪੁਲਿਸ ਨੂੰ ਵਿਧਾਇਕਾਂ ਦੇ ਪਿੱਛੇ ਲਗਾਉਣ ਦੀ ਬਜਾਏ ਆਪਣਾ ਕੰਮ ਕਰਨ ਦੇਣ ਅਤੇ ਜੇਕਰ ਵਿਧਾਇਕਾਂ ਨੇ ਜਾਣਾ ਹੋਇਆ ਤਾਂ ਉਨ੍ਹਾਂ ਨੂੰ ਪੁਲਿਸ ਰੋਕ ਨਹੀਂ ਸਕੇਗੀ।”
ਭਾਜਪਾ ਪ੍ਰਧਾਨ ਨੇ ਕਿਹਾ ਕਿ ਜਦੋਂ ਤੋਂ ਆਪ ਸਰਕਾਰ ਹੋਂਦ ਵਿਚ ਆਈ ਹੈ ਲਗਾਤਾਰ ਪੰਜਾਬ ਵਿਚ ਇਸ ਤਰਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਪਰ ਹੁਣ ਬੀਐਸਐਫ ਅਤੇ ਆਰਮੀ ਦੇ ਟਿਕਾਣਿਆਂ ਦੇ ਨੇੜੇ ਇਸ ਤਰਾਂ ਦੇ ਧਮਾਕੇ ਹੋਣ ਬੇਹੱਤ ਗੰਭੀਰ ਹਨ ਅਤੇ ਇਹ ਸਰਕਾਰ ਦੀ ਨਾਕਾਮੀ ਨੂੰ ਉਜਾਗਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਸੂਬੇ ਦੇ ਡੀਜੀਪੀ ਆਖ ਰਹੇ ਹਨ ਕਿ ਇੰਨ੍ਹਾਂ ਧਮਾਕਿਆਂ ਪਿੱਛੇ ਪਾਕਿਸਤਾਨ ਦੀ ਆਈਐਸਆਈ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਹੋਰ ਹੀ ਭਾਸ਼ਾ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਇਸ ਤਰਾਂ ਦੇ ਬਿਆਨ ਦੇਣ ਤੋਂ ਪਹਿਲਾਂ ਇਕ ਵਾਰ ਇਹ ਜਰੂਰ ਯਾਦ ਕਰਨ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਪਾਰਟੀ ਦੇ ਸੁਪਰੀਮੋ ਪੰਜਾਬ ਦੌਰੇ ਦੌਰਾਨ ਕਿੰਨਾਂ ਵੱਖਵਾਦੀ ਲੋਕਾਂ ਦੇ ਘਰ ਰੁੱਕਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਟੇਟ ਦੀਆਂ ਏਂਜਸੀਆਂ ਤੋਂ ਉਨ੍ਹਾਂ ਦੇ ਅਸਲ ਕੰਮ ਲੈਣ ਦੀ ਬਜਾਏ ਉਨ੍ਹਾਂ ਨੂੰ ਆਪਣੀ ਕੁਰਸੀ ਬਚਾਉਣ ਵਿਚ ਲਗਾਇਆ ਜਾਵੇਗਾ ਤਾਂ ਸੂਬਾ ਕਿਵੇਂ ਸੁਰੱਖਿਅਤ ਰਹੇਗਾ।
ਸੁਨੀਲ ਜਾਖੜ ਨੇ ਕਿਹਾ ਕਿ ਜਿਸ ਦਿਨ ਮੁੱਖ ਮੰਤਰੀ ਵਿਧਾਨ ਸਭਾ ਵਿਚ ਮਦਹੋਸੀ ਦੀ ਹਾਲਤ ਵਿਚ ਪਹੁੰਚੇ ਸਨ ਉਸ ਦਿਨ ਤੋਂ ਹੀ ਉਹ ਮੰਨ ਰਹੇ ਹਨ ਕਿ ਭਗਵੰਤ ਮਾਨ ਇਸ ਅਹੁਦੇ ਦੇ ਯੋਗ ਨਹੀਂ ਹਨ ਪਰ ਅੱਜ ਦੇ ਬਿਆਨ ਨੇ ਉਨ੍ਹਾਂ ਦੇ ਇਸ ਵਿਸਵਾਸ ਨੂੰ ਹੋਰ ਪੱਕਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਭਰੇ ਮਨ ਨਾਲ ਅਰਵਿੰਦ ਕੇਜਰੀਵਾਲ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਮੁੱਖ ਮੰਤਰੀ ਨੂੰ ਬਦਲਣ ਤੇ ਕਿਸੇ ਯੋਗ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣ ਕਿਉਂਕਿ ਪੰਜਾਬ ਵਰਗੇ ਸੰਵੇਦਨਸ਼ੀਲ ਸੂਬੇ ਵਿਚ ਮਾਨ ਵਰਗੇ ਗੈਰ ਸੰਜੀਦਾ ਵਿਅਕਤੀ ਦਾ ਮੁੱਖ ਮੰਤਰੀ ਹੋਣਾ ਦੇਸ਼ ਹਿੱਤ ਵਿਚ ਨਹੀਂ ਹੈ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਅੱਜ ਬੇਸੱਕ ਕਾਂਗਰਸ ਨੇ ਆਪ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਹਨ ਪਰ ਭਾਜਪਾ ਆਪਣੇ ਪੰਜਾਬ ਪ੍ਰਤੀ ਆਪਣੇ ਫਰਜਾਂ ਤੋਂ ਪਿੱਛੇ ਨਹੀਂ ਹਟੇਗੀ ਅਤੇ ਸਰਕਾਰ ਨੂੰ ਆਪਣੀ ਜਿੰਮੇਵਾਰੀ ਤੋਂ ਭੱਜਣ ਨਹੀਂ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਪਾਰਟੀ ਉਹ ਸਾਰੀਆਂ ਕਾਨੂੰਨੀ ਚਾਰਾਜੋਈਆਂ ਕਰੇਗੀ ਜਿਸ ਨਾਲ ਭਗਵੰਤ ਮਾਨ ਜਿਹੇ ਗੈਰ ਜਿੰਮੇਵਾਰ ਵਿਅਕਤੀ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹਿਆ ਜਾ ਸਕੇ। ਉਨ੍ਹਾਂ ਨੇ ਮੁੜ ਦੁਹਰਾਇਆ ਕਿ ਪੰਜਾਬ ਦੇ ਲੋਕ ਇਸ ਨੌਸਿਖੀਆ ਸਰਕਾਰ ਦੇ ਕਾਰਜਕਾਲ ਤੋਂ ਅੱਕ ਚੁੱਕੇ ਹਨ ਜਿਸ ਦੇ ਰਾਜ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ।
- Download Babushahi App
-
-