ਸ਼ਿਵ ਕੁਮਾਰ ਬਟਾਲਵੀ ਦੀ 53ਵੀਂ ਬਰਸੀ ਨੂੰ ਸਮਰਪਿਤ ਸਮਾਗਮ
ਸ਼ਿਵ ਬਟਾਲਵੀ ਦੀ ਯਾਦ ਵਿੱਚ ਜਲਦ ਦੋ ਦਿਨਾਂ ਦੇ ਵੱਡੇ ਪੱਥਰ 'ਤੇ ਸਮਾਗਮ ਕਰਵਾਏ ਜਾਣਗੇ- ਵਿਧਾਇਕ ਸ਼ੈਰੀ ਕਲਸੀ
ਕਿਹਾ-ਬਿਰਹਾ ਦੇ ਸੁਲਤਾਨ ਸ਼ਿਵ ਬਟਾਲਵੀ ਨੇ ਆਪਣੀ ਸ਼ਾਇਰੀ ਨਾਲ ਬਟਾਲਾ ਸ਼ਹਿਰ ਦਾ ਨਾਮ ਪੁਰੀ ਦੁਨੀਆਂ ਵਿੱਚ ਰੋਸ਼ਨ ਕੀਤਾ
ਰੋਹਿਤ ਗੁਪਤਾ
ਬਟਾਲਾ, 6 ਮਈ
ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰ ਸੁਸਾਇਟੀ ਵੱਲੋਂ ਪੰਜਾਬੀ ਦੇ ਮਹਾਨ ਸ਼ਾਇਰ, ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਦੀ 53ਵੀਂ ਬਰਸੀ ਦੇ ਮੌਕੇ ਉੱਤੇ ਕਵੀ ਦਰਬਾਰ ਅਤੇ ਸ਼ਿਵ ਦੀ ਸ਼ਾਇਰੀ ਦਾ ਗਾਇਨ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਵਲੋਂ ਵੀ ਸ਼ਿਰਕਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਵਿੱਚ ਸੁਸਾਇਟੀ ਦੇ ਪ੍ਰਧਾਨ ਵਿਜੇ ਸੋਨੀ ਵਲੋਂ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ ਗਿਆ।
ਸਥਾਨਕ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਖੇ ਕਰਵਾਏ ਸਮਾਗਮ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਸ਼ਿਵ ਕੁਮਾਰ ਬਟਾਲਵੀ ਜੀ ਦੀ 53ਵੀਂ ਬਰਸੀ 'ਤੇ ਸ਼ਰਧਾ ਭੇਂਟ ਕਰਦਿਆਂ ਕਿਹਾ ਕਿ ਸ਼ਿਵ ਬਟਾਲਵੀ, ਬਟਾਲਾ ਸ਼ਹਿਰ ਦਾ ਮਾਣ ਹਨ, ਜਿਨਾਂ ਆਪਣੀ ਕਲਾ ਦਾ ਲੋਹਾ ਸਾਰੀ ਦੁਨੀਆਂ ਵਿੱਚ ਮਨਵਾਇਆ। ਉਨਾਂ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਸ਼ਾਇਰੀ ਰਾਹੀਂ ਬਟਾਲਾ ਸ਼ਹਿਰ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਅਤੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਅਜਿਹੀਆਂ ਖੂਬਸੂਰਤ ਰਚਨਾਵਾਂ ਪਾਈਆਂ ਹਨ, ਜੋ ਰਹਿੰਦੀ ਦੁਨੀਆਂ ਤੱਕ ਉਸ ਨੂੰ ਲੋਕ ਮਨਾਂ ਵਿੱਚ ਜ਼ਿੰਦਾ ਰੱਖਣਗੀਆਂ।
ਉਨਾਂ ਅੱਗੇ ਕਿਹਾ ਕਿ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਅੰਦਰ ਅਮੀਰ ਵਿਰਸੇ ਨੂੰ ਸੰਭਾਲਣ ਲਈ ਲਗਾਤਾਰ ਯਤਨਸ਼ੀਲ ਹੈ। ਉਨਾਂ ਅੱਗੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਵਿਰਾਸਤ ਨਾਲ ਜੋੜਿਆ ਜਾਵੇ ਅਤੇ ਬਟਾਲਾ ਸ਼ਹਿਰ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਤੇ ਪ੍ਰਫੁੱਲਿਤ ਕਰਨ ਲਈ ਉਹ ਵਚਨਬੱਧ ਹਨ ਅਤੇ ਇਸ ਸਬੰਧੀ ਯਤਨ ਜਾਰੀ ਹਨ।
ਉਨ੍ਹਾਂ ਅੱਗੇ ਕਿਹਾ ਕਿ ਸ਼ਿਵ ਬਟਾਲਵੀ ਦੀ ਯਾਦ ਵਿੱਚ ਜਲਦ ਦੋ ਦਿਨਾਂ ਦੇ ਵੱਡੇ ਪੱਧਰ 'ਤੇ ਸਮਾਗਮ ਕਰਵਾਏ ਜਾਣਗੇ। ਪਹਿਲੇ ਦਿਨ ਕਵੀ ਦਰਬਾਰ ਕਰਵਾਇਆ ਜਾਵੇਗਾ, ਜਿਸ ਵਿੱਚ ਨਾਮਵਰ ਕਵੀ ਸ਼ਿਰਕਤ ਕਰਨਗੇ ਅਤੇ ਦੂਜੇ ਦਿਨ ਸ਼ਿਵ ਬਟਾਲਵੀ ਦੀ ਸ਼ਾਮ ਪ੍ਰੋਗਰਾਮ ਵਿੱਚ ਨਾਮਵਰ ਪੰਜਾਬੀ ਗਾਇਕ ਆਪਣੀ ਕਲਾ ਦੇ ਜੌਹਰ ਵਿਖਾਉਣਗੇ। ਉਨ੍ਹਾਂ ਦੱਸਿਆ ਕਿ ਸ਼ਿਵ ਕੁਮਾਰ ਦੀ ਯਾਦ ਵਿੱਚ ਐਵਾਰਡ ਵੀ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਪੰਜਾਬੀ ਮਾਂ ਬੋਲੀ ਨੂੰ ਦੇਸ਼ ਵਿਦੇਸ਼ ਦੀ ਧਰਤੀ 'ਤੇ ਪ੍ਰਫੁਲਿਤ ਕਰ ਰਹੇ ਸੁੱਖੀ ਬਾਠ ਵਲੋਂ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਕਰਵਾਏ ਸਮਾਰੋਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਿੱਚ ਸਹਾਈ ਹੁੰਦੇ ਹਨ।
ਇਸ ਤੋਂ ਪਹਿਲਾਂ ਵੱਖ-ਵੱਖ ਸਕੂਲ ਦੇ ਬੱਚਿਆਂ ਵਲੋਂ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ ਗਈਆਂ ਅਤੇ ਕਵੀ/ਕਵਿੱਤਰੀਆਂ ਵਲੋਂ ਸ਼ਿਵ ਬਟਾਲਵੀ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਔਜਲਾ ਬਰਦਰਜ਼ ਵਲੋਂ ਆਪਣੀ ਖੂਬਸੂਰਤ ਆਵਾਜ਼ ਵਿੱਚ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਵਲੋਂ ਉੱਘੇ ਲੇਖਕ ਡਾ. ਅਨੂਪ ਸਿੰਘ ਜੀ ਵਲੋਂ ਲਿਖੀਆਂ ਦੋ ਕਿਤਾਬਾਂ 'ਹੁਣ' ਅਤੇ 'ਭਾਰਤੀ ਵਿਕਾਸ ਦਾ ਕੱਚ ਸੱਚ' ਰਿਲੀਜ਼ ਕੀਤੀਆਂ ਗਈਆਂ।
ਸਮਾਗਮ ਵਿੱਚ ਚੇਅਰਮੈਨ ਯਸ਼ਪਾਲ ਚੌਹਾਨ, ਰਾਜੀਵ ਬਟਾਲਵੀ, ਡਾ. ਸਤਨਾਮ ਸਿੰਘ ਨਿੱਜਰ, ਰਜਿੰਦਰਪਾਲ ਸਿੰਘ ਧਾਲੀਵਾਲ , ਨਵਦੀਪ ਸਿੰਘ, ਮੈਨੇਜਰ ਅਤਰ ਸਿੰਘ, ਪਿ੍ਰੰਸੀਪਲ ਦਵਿੰਦਰ ਸਿੰਘ ਭੱਟੀ, ਬੰਟੀ ਟਰੇਂਡਜ, ਪ੍ਰੋਫੈਸਰ ਬਲਬੀਰ ਸਿੰਘ ਕੌਲਾ, ਦਲਜੀਤ ਸਿੰਘ,ਤਰਲੋਕ ਸਿੰਘ, ਦਲਜੀਤ ਸਿੰਘ ਮਾਂਗਟ, ਅਨੂਪ ਸਿੰਘ ਮਾਂਗਟ, ਹਰਜਿੰਦਰ ਸਿੰਘ ਕਮਲ, ਡਾ. ਹਰਦੀਪ ਸਿੰਘ, ਸਤਿੰਦਰ ਕੌਰ ਕਾਹਲੌ, ਸੁਖਵਿੰਦਰ ਕੌਰ ਬਾਜਵਾ, ਰਣਜੀਤ ਕੌਰ ਬਾਜਵਾ, ਕਮਲਜੀਤ ਕੌਰ, ਡਾ. ਸਤਿੰਦਰਜੀਤ ਕੌਰ ਬੁੱਟਰ, ਪਰਮਜੀਤ ਪਾਇਲ, ਜੋਗਿੰਦਰ ਸਿੰਘ ਅੱਚਲੀ ਗੇਟ, ਬਲਬੀਰ ਸਿੰਘ ਕਲਸੀ ਸਮੇਤ ਵੱਖ ਵੱਖ ਸਖਸ਼ੀਅਤਾਂ ਮੌਜੂਦ ਸਨ।
- Download Babushahi App
-
-