ਡੀ.ਆਈ.ਜੀ. ਦਫ਼ਤਰ 'ਚ ਤੈਨਾਤ ਤੀਰਥ ਸਿੰਘ ਨੇ ਡਿਊਟੀ ਦੌਰਾਨ ਖੁਦ ਨੂੰ ਮਾਰੀ ਗੋਲੀ, ਮੌਕੇ 'ਤੇ ਮੌਤ
ਸੁਖਮਿੰਦਰ ਭੰਗੂ
ਲੁਧਿਆਣਾ 14 ਅਕਤੂਬਰ 2025 :
ਲੁਧਿਆਣਾ ਸਥਿਤ ਡੀ.ਆਈ.ਜੀ. ਰੇਂਜ ਦੇ ਦਫ਼ਤਰ ਵਿੱਚ ਮੰਗਲਵਾਰ ਸਵੇਰੇ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ, ਜਦੋਂ ਇੱਥੇ ਤਾਇਨਾਤ ਇੱਕ ਪੁਲਿਸ ਜਵਾਨ ਨੇ ਡਿਊਟੀ ਦੌਰਾਨ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਜਵਾਨ ਦੀ ਪਛਾਣ ਮੁੱਲਾਂਪੁਰ ਦਾਖਾ (ਲੁਧਿਆਣਾ) ਦੇ ਰਹਿਣ ਵਾਲੇ ਤੀਰਥ ਸਿੰਘ ਵਜੋਂ ਹੋਈ ਹੈ। ਤੀਰਥ ਸਿੰਘ ਪਿਛਲੇ ਕਰੀਬ 4-5 ਸਾਲਾਂ ਤੋਂ ਡੀ.ਆਈ.ਜੀ. ਦਫ਼ਤਰ ਵਿਖੇ ਤਾਇਨਾਤ ਸੀ ਅਤੇ ਉਸ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰੀ।
ਪੁਲਿਸ ਅਧਿਕਾਰੀਆਂ ਅਨੁਸਾਰ, ਮੁਲਾਜ਼ਮ ਤੀਰਥ ਸਿੰਘ ਆਪਣੀ ਡਿਊਟੀ 'ਤੇ ਤਾਇਨਾਤ ਸੀ। ਮੰਗਲਵਾਰ ਤੜਕੇ ਉਸ ਨੇ ਇਹ ਕਦਮ ਚੁੱਕਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ ਫੌਰਨ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਤੀਰਥ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ |
ਸਹਾਇਕ ਕਮਿਸ਼ਨਰ ਪੁਲਿਸ ਸਿਵਲ ਲਾਈਨਜ਼ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਸਿੰਘ ਦੀ ਖੁਦਕੁਸ਼ੀ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਤੀਰਥ ਸਿੰਘ ਦੇ ਇੱਕ ਲੜਕਾ ਅਤੇ ਦੋ ਲੜਕੀਆਂ ਸਮੇਤ ਤਿੰਨ ਬੱਚੇ ਹਨ, ਜੋ ਸਾਰੇ ਇਸ ਸਮੇਂ ਵਿਦੇਸ਼ ਵਿੱਚ ਰਹਿ ਰਹੇ ਹਨ। ਪਰਿਵਾਰ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਤੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਮ੍ਰਿਤਕ ਤੀਰਥ ਸਿੰਘ ਦੇ ਬੱਚੇ ਵਿਦੇਸ਼ ਤੋਂ ਰਵਾਨਾ ਹੋ ਰਹੇ ਹਨ