ਭੇਸ਼ ਬਦਲ ਕੇ ਟਰੈਫਿਕ ਪੁਲਿਸ ਇੰਚਾਰਜ ਨੇ ਚਾਈਨਾ ਡੋਰ ਵੇਚ ਰਹੇ ਦੁਕਾਨਦਾਰ ਨੂੰ ਕੀਤਾ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ : ਬਟਾਲਾ ਦੇ ਟਰੈਫਿਕ ਪੁਲਿਸ ਦੇ ਇੰਸਪੈਕਟਰ ਸੁਰਿੰਦਰ ਸਿੰਘ ਨੇ ਭੇਸ ਬਦਲ ਕੇ ਸ਼ਰੇਆਮ ਆਪਣੀ ਦੁਕਾਨ ਤੇ ਚਾਈਨਾ ਡੋਰ ਗੱਟੂ ਵੇਚ ਰਹੇ ਦੁਕਾਨਦਾਰ ਨੂੰ ਕਾਬੂ ਕਰ ਲਿਆ।ਜਦੋਂ ਟਰੈਫਿਕ ਪੁਲਿਸ ਦੇ ਇੰਚਾਰਜ ਵੱਲੋਂ ਵਰਦੀ ਦੇ ਉੱਪਰ ਕਾਲੀ ਚਾਦਰ ਲਪੇਟ ਕੇ ਚਾਈਨਾ ਡੋਰ ਸਣੇ ਪਿਓ ਪੁੱਤ ਨੂੰ ਧਰ ਦਬੋਚਿਆ ਤਾਂ ਉਸ ਮਗਰੋਂ ਤੁਰੰਤ ਦੁਕਾਨ ਦੇ ਅੰਦਰ ਚੀਕੋ ਚਿਹਾੜਾ ਪੈ ਗਿਆ। ਟਰੈਫਿਕ ਪੁਲਿਸ ਦੇ ਇੰਚਾਰਜ ਨੇ ਸਭ ਤੋਂ ਪਹਿਲਾਂ ਗੱਟੂ ਕਬਜੇ ਵਿੱਚ ਲਏ ਜਿਸ ਮਗਰੋਂ ਐਸ ਐਚ ਓ ਸਿਟੀ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕੀਤਾ।
ਐਸਐਚਓ ਸਿਟੀ ਨੇ ਗੱਲਬਾਤ ਦੌਰਾਨ ਕਿਹਾ ਕਿ ਬੇਸ਼ੱਕ ਇਹਨਾਂ ਕੋਲੋਂ ਸਿਰਫ ਤਿੰਨ ਗੱਟੂ ਹੀ ਬਰਾਮਦ ਹੋਏ ਹਨ ਪਰ ਸਾਨੂੰ ਉਮੀਦ ਹੈ ਕਿ ਜਿਹੜੇ ਹੋਲਸੇਲਰ ਕੋਲੋਂ ਇਹ ਚਾਈਨਾ ਡੋਰ ਲਿਆ ਕੇ ਵੇਚਦੇ ਨੇ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਤੇ ਬਟਾਲੇ ਵਿੱਚ ਚਾਈਨਾ ਡੋਰ ਦੀ ਵਿਕਰੀ ਨੂੰ ਮੁਕੰਮਲ ਬੰਦ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਲਗਾਤਾਰ ਇਹ ਮੁਹਿੰਮ ਜਾਰੀ ਰੱਖਾਂਗੇ ਤਾਂ ਕਿ ਚਾਈਨਾ ਡੋਰ ਨਾਲ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ।