ਰੋਡਵੇਜ਼ ,ਪਨਬਸ ਸੱਤੇ ਪੀਆਰਟੀਸੀ ਬੱਸਾਂ ਦਾ ਤਿੰਨ ਦਿਨ ਹੋਵੇਗਾ ਚੱਕਾ ਜਾਮ
ਰੋਹਿਤ ਗੁਪਤਾ
ਗੁਰਦਾਸਪੁਰ , 4 ਜਨਵਰੀ 2025 :
ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਮੁਲਾਜ਼ਮ ਤਿੰਨ ਦਿਨ 6,7,8 ਜਨਵਰੀ ਨੂੰ ਆਪਣੀਆਂ ਆਪਣੀਆਂ ਬੱਸਾਂ ਦਾ ਚੱਕਾ ਜਾਮ ਰੱਖਣਗੇ। ਮੁਲਾਜ਼ਮਾਂ ਦੀ ਇਹ ਕਾਰਵਾਈ ਆਪਣੀਆਂ ਲੰਬੇ ਸਮੇਂ ਤੋਂ ਲਟਕ ਵੀ ਆ ਰਹੀਆਂ ਹਨ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ।
ਮੁਲਾਜ਼ਮ ਆਗੂ ਪ੍ਰਦੀਪ ਕੁਮਾਰ ਅਤੇ ਅਰੁਣ ਕੁਮਾਰ ਨੇ ਦੱਸਿਆ ਕਿ ਛੇ ਤਰੀਕ ਨੂੰ ਵੱਖ-ਵੱਖ ਡੀਪੂਆਂ ਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਤੇ ਸੱਤ ਤਰੀਕ ਨੂੰ ਚੰਡੀਗੜ੍ਹ ਵਿਖੇ ਸੀ ਐਮ ਹਾਊਸ ਘੇਰਿਆ ਜਾਵੇਗਾ ਜਦਕਿ 8 ਜਨਵਰੀ ਨੂੰ ਵੀ ਪੂਰਨ ਹੜਤਾਲ ਰਹੇਗੀ ਅਤੇ ਸਾਰੀਆਂ ਬੱਸਾਂ ਦਾ ਚੱਕਾ ਜਾਮ ਰਹੇਗਾ । ਉਹਨਾਂ ਕਿਹਾ ਕਿ ਉਹਨਾਂ ਦੀਆਂ ਮੁੱਖ ਮੰਗਾਂ ਵਿੱਚੋਂ ਲੰਬੇ ਸਮੇਂ ਤੋਂ ਹੀ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ , ਆਊਟ ਸੋਰਸ ਮੁਲਾਜ਼ਮਾਂ ਦੀ ਤਨਖਾਹ ਵਿੱਚ ਇੱਕ ਸਾਰਤਾ, ਨਵੀਆਂ ਬੱਸਾਂ ਪਾਉਣਾ ਅਤੇ ਬਾਹਰੀ ਸੂਬਿਆਂ ਦੇ ਮੁਲਾਜ਼ਮਾਂ ਦੀ ਭਰਤੀ ਨੂੰ ਬੰਦ ਕਰਨਾ ਆਦਿ ਹਨ ਜਿਨਾਂ ਬਾਰੇ ਕਈ ਵਾਰ ਸੂਬਾ ਸਰਕਾਰ ਦੇ ਮੰਤਰੀਆਂ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਸਰਕਾਰ ਵੱਲੋਂ ਬਾਰ ਬਾਰ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਨੂੰ ਲਾਲੀਪਾਪ ਥਮਾ ਦਿੱਤਾ ਗਿਆ ਹੈ।