ਜੰਨਤੀ ਖਲੀਫਾ ਬਾਬਾ ਮੋਹਨ ਚਿਸ਼ਤੀ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ
ਦੀਪਕ ਗਰਗ
ਕੋਟਕਪੂਰਾ 5 ਜਨਵਰੀ 2025
ਕੋਟਕਪੂਰਾ ਵਿਖੇ ਡੇਰਾ ਬਾਬਾ ਸ਼ੇਖ ਫਰੀਦ ਹਰੀਣੌ ਦੇ ਸੰਸਥਾਪਕ ਜੰਨਤੀ ਖਲੀਫਾ ਬਾਬਾ ਮੋਹਨ ਚਿਸ਼ਤੀ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਸੂਫੀ ਰੂਹਾਨੀ ਰੰਗ ਬਿਖੇਰਿਆ ਗਿਆ। ਸਥਾਨਕ ਮੋਗਾ ਰੋਡ 'ਤੇ ਟਰੱਕ ਯੂਨੀਅਨ ਨੇੜੇ ਹੋਏ ਇਸ ਸਮਾਗਮ 'ਚ ਮਹਿਫਲ-ਏ-ਕਵਾਲੀ, ਸਮਾਪਤੀ ਸ਼ਰੀਫ ਤੇ ਦੁਆ, ਪੀਰ ਦਾ ਦੀਵਾਨ ਸ਼ਾਮਿਲ ਸੀ |
ਮੁਹੰਮਦ ਸ਼ਰੀਫ ਸੀਨਾ ਕੱਵਾਲ (ਮਾਲੇਰਕੋਟਲਾ) ਨੇ
ਕੱਵਾਲੀ ਗਾਇਨ ਦੁਆਰਾ ਅੱਲ੍ਹਾ ਦੀ ਉਸਤਤ ਅਤੇ ਮਹਿਮਾ ਕੀਤੀ ਅਤੇ ਆਪਣੀਆਂ ਕੱਵਾਲੀਆਂ ਨਾਲ ਸੰਗਤਾਂ ਦਾ ਮਨ ਮੋਹ ਲਿਆ। ਉਨ੍ਹਾਂ ਬਾਬਾ ਮੋਹਨ ਚਿਸ਼ਤੀ ਦੀ ਜੀਵਨੀ ਅਤੇ ਸਿੱਖਿਆਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਜੰਨਤੀ ਖਲੀਫਾ ਬਾਬਾ ਮੋਹਨ ਚਿਸ਼ਤੀ ਦੇ ਸਪੁੱਤਰ ਅਤੇ ਡੇਰਾ ਬਾਬਾ ਸ਼ੇਖ ਫਰੀਦ ਹਰੀਣੌ ਦੇ ਮੌਜੂਦਾ ਗੱਦੀ ਨਸ਼ੀਨ ਖਲੀਫਾ ਬਾਬਾ ਰਣਜੀਤ ਚਿਸ਼ਤੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਮਾਤਮਾ ਹੀ ਸਭ ਕੁਝ ਹੈਂ,ਜ਼ਿੰਦਗੀ ਦੌਰਾਨ ਜੋ ਪ੍ਰਮਾਤਮਾ ਅੱਗੇ ਝੁਕਦਾ ਹੈ ਉਸਨੂੰ ਕਿਸੇ ਹੋਰ ਅੱਗੇ ਝੁਕਣਾ ਨਹੀਂ ਪੈਂਦਾ.
ਉਨ੍ਹਾਂ ਅੱਗੇ ਕਿਹਾ, "ਪ੍ਰਮਾਤਮਾ, ਸਾਨੂੰ ਸਾਡੇ ਜੀਵਨ ਵਿੱਚ ਪਿਆਰ, ਹਮਦਰਦੀ ਅਤੇ ਸਹਿਣਸ਼ੀਲਤਾ ਰੱਖਣ ਦੀ ਤਾਕਤ ਦੇਵੇ। ਸਾਨੂੰ ਇੱਕ ਦੂਜੇ ਦੇ ਨਾਲ ਸਦਭਾਵਨਾ ਨਾਲ ਰਹਿਣ ਦੀ ਤਾਕਤ ਅਤੇ ਇੱਕ ਦੂਜੇ ਦੀ ਮਦਦ ਕਰਨ ਦੀ ਇੱਛਾ ਪ੍ਰਦਾਨ ਕਰੇ।"
ਸ਼ਨੀਵਾਰ ਦੀ ਰਾਤ ਨੂੰ ਸਜੇ ਪੀਰਾਂ ਦੇ ਦੀਵਾਨ ਦੌਰਾਨ ਬਿਰਾਜਮਾਨ ਬਾਬਾ ਰਣਜੀਤ ਚਿਸ਼ਤੀ ਨੇ ਸੰਗਤ ਨੂੰ ਜੀਵਨ ਦੀਆਂ ਸਮੱਸਿਆਵਾਂ ਦੇ ਹੱਲ ਵੀ ਪ੍ਰਦਾਨ ਕੀਤੇ। ਉਨ੍ਹਾਂ ਨੇ ਸੰਗਤ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਪ੍ਰਮਾਤਮਾ ਨੂੰ ਯਾਦ ਕਰਨ, ਪਿਆਰ, ਦਇਆ ਅਤੇ ਸਹਿਣਸ਼ੀਲਤਾ ਦੀ ਸ਼ਕਤੀ ਨੂੰ ਗਲੇ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਇਕ ਦੂਜੇ ਨਾਲ ਸਦਭਾਵਨਾ ਨਾਲ ਰਹਿਣ ਦੀ ਗੱਲ ਕਹੀ।
ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਹਰ ਧਰਮ ਨਾਲ ਸਬੰਧਤ ਸ਼ਰਧਾਲੂ ਹਾਜ਼ਰ ਸਨ ਅਤੇ ਸਾਰਿਆਂ ਨੇ ਇਸ ਮੌਕੇ ਨੂੰ ਬਹੁਤ ਹੀ ਭਾਵਪੂਰਤ ਅਤੇ ਯਾਦਗਾਰੀ ਬਣਾ ਦਿੱਤਾ।