ਜਦੋਂ ਕਾਲਜ ਦੀਆਂ ਸੁਨਹਿਰੀ ਯਾਦਾਂ ਮੁੜ ਸੁਰਜੀਤ ਹੋਈਆਂ
ਡਾ ਗਗਨਦੀਪ ਕੌਰ
ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਸਤੰਬਰ, 2024 ਦੇ ਮਹੀਨੇ ਵਿੱਚ ਕਿਸੇ ਜ਼ਰੂਰੀ ਕੰਮ ਲਈ ਚੰਡੀਗੜ੍ਹ ਕੁੱਝ ਦਿਨ ਰਹਿਣ ਦਾ ਸਬੱਬ ਬਣਿਆ। ਜਦੋਂ ਕੰਮ ਤੋਂ ਕੁੱਝ ਵਿਹਲ ਮਿਲੀ ਤਾਂ ਮੈਂ ਆਪਣੇ ਪਤੀ ਨੂੰ ਸੈਕਟਰ ਗਿਆਰਾਂ ਦੇ ਸਰਕਾਰੀ ਕਾਲਜ ਲੜਕੀਆਂ ਜਾਣ ਦੀ ਇੱਛਾ ਜਾਹਿਰ ਕੀਤੀ, ਕਿਉਂਕਿ ਮੈਂ ਆਪਣੀ ( 1990 ਤੋਂ 1996 ) ਦਸਵੀਂ ਤੋਂ ਬਾਅਦ ਦੀ ਪੜ੍ਹਾਈ ਗਿਆਰਵੀਂ - ਬਾਰਵੀਂ ਤੇ ਗ੍ਰੈਜੂਏਸ਼ਨ ਇਸੇ ਕਾਲਜ ਤੋਂ ਕੀਤੀ ਤੇ ਉਸਤੋਂ ਬਾਅਦ 29 ਸਾਲ ਗੁਜ਼ਰ ਗਏ ਕਦੇ ਮੌਕਾ ਹੀ ਨਹੀਂ ਮਿਲਿਆ ਮੁੜ ਕਾਲਜ ਜਾਣ ਦਾ। ਚਲੋ ਖੈਰ ਮੈਂ ਤੇ ਮੇਰੇ ਪਤੀ ਉੱਥੇ ਪਹੁੰਚੇ ਤਾਂ ਕਾਲਜ ਦੇ ਗੇਟਕੀਪਰ ਨੇ ਵਿਜ਼ਿਟਰ ਰਜਿਸਟਰ ਚ ਐਂਟਰੀ ਕਰਨ ਲਈ ਕਿਹਾ ਤੇ ਕਾਲਜ ਆਉਣ ਦਾ ਮਕਸਦ ਪੁੱਛਣ ਲੱਗਾ। ਜਦ ਮੈਂ ਦੱਸਿਆ ਕਿ ਮੈਂ ਇੱਥੇ ਦੀ ਪੁਰਾਣੀ ਵਿਦਿਆਰਥਣ ਹਾਂ ਤਾਂ ਆਪਣਾ ਕਾਲਜ ਦੇਖਣਾ ਚਾਹੁੰਦੀ ਹਾਂ। ਉਹ ਬਹੁਤ ਖੁਸ਼ ਅਤੇ ਹੈਰਾਨ ਹੋਇਆ। ਫਿਰ ਮੈਂ ਕਮਰਸ ਵਿਭਾਗ ਦੇ ਪ੍ਰੋਫੈਸਰ ਸੰਗਮ ਮੈਂਡਮ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਸੰਗਮ ਮੈਡਮ ਕੁੱਝ ਦੇਰ ਬਦਲੀ ਕਰਾ ਕੇ ਦੂਜੇ ਕਾਲਜ ਚੱਲੇ ਗਏ ਸੀ, ਪਰ ਅੱਜਕਲ੍ਹ ਤਾਂ ਉਹ ਇਸੇ ਕਾਲਜ ਵਿੱਚ ਕਮਰਸ ਵਿਭਾਗ ਹੀ ਪੜ੍ਹਾ ਰਹੇ ਹਨ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।
ਜਦੋਂ ਮੇਰੇ ਪਤੀ ਹਾਲੇ ਗੱਡੀ ਪਾਰਕ ਕਰ ਰਹੇ ਸੀ ਮੈਂ ਕਾਲਜ ਦੀ ਦਹਿਲੀਜ਼ ਦੇ ਅੰਦਰ ਪੈਰ ਰੱਖਦੇ ਹੀ ਸੰਨ 1990 ਵਿੱਚ ਪਹੁੰਚ ਗਈ, ਜਦੋਂ ਪਹਿਲੀ ਵਾਰ ਮੇਰੇ ਪਾਪਾ ਮੇਰਾ ਤੇ ਮੇਰੀ ਵੱਡੀ ਭੈਣ ਦਾ ਦਾਖਲਾ ਕਰਵਾਉਣ ਸਾਨੂੰ ਇੱਥੇ ਲੈ ਕੇ ਆਏ ਸਨ। ਮੇਰੀ ਭੈਣ ਨੇ ਬੀ.ਐਸ.ਸੀ ਮੈਡੀਕਲ ਵਿੱਚ ਦਾਖਲਾ ਲਿਆ ਸੀ, ਪਰ ਬਾਅਦ ਵਿੱਚ ਉਸ ਦਾ ਦਾਖਲਾ ਪਟਨਾ ਸਾਹਿਬ ਬੀ.ਡੀ.ਐਸ ਦੀ ਪੜ੍ਹਾਈ ਲਈ ਮੈਡੀਕਲ ਕਾਲਜ ਚ ਹੋ ਗਿਆ। ਤੇ ਮੈਂ ਚੰਡੀਗੜ੍ਹ ਇਕੱਲੀ ਰਹਿ ਗਈ। ਇੱਕ ਵਾਰ ਤਾਂ ਬਹੁਤ ਔਖਾ ਲੱਗਿਆ ਸਾਰੇ ਅਜਨਬੀ ਲੋਕ ਅਤੇ ਨਵਾਂ ਮਾਹੌਲ। ਪਰ ਹੌਲੀ -ਹੌਲੀ ਸਹੇਲੀਆਂ ਬਣੀਆਂ, ਮਾਹੌਲ ਦੀ ਸਮਝ ਆਈ , ਪੜ੍ਹਾਈ ਵਿੱਚ ਮਨ ਲੱਗਣ ਲੱਗ ਪਿਆ ਤਾਂ ਜੀਅ ਵੀ ਲੱਗ ਗਿਆ। ਪੰਜਾਬੀ ਮਾਧਿਅਮ ਵਾਲੇ ਸਰਕਾਰੀ ਸਕੂਲ ਮਾਨਸਾ ਤੋਂ ਪੜ੍ਹੇ ਹੋਣ ਕਾਰਨ, ਚੰਡੀਗੜ੍ਹ ਵਰਗੇ ਸ਼ਹਿਰ ਅਤੇ ਕਮਰਸ ਜਿਹੇ ਨਵੇਂ ਅਤੇ ਔਖੇ ਵਿਸ਼ੇ ਨੂੰ ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਨਾ ਮੇਰੇ ਲਈ ਇੱਕ ਬਹੁਤ ਵੱਡੀ ਚੁਣੋਤੀ ਸੀ। ਉਦੋਂ ਦਸਵੀਂ ਦੇ ਨੰਬਰਾਂ ਦੀ ਮੈਰਿਟ ਦੇ ਅਧਾਰ ਤੇ ਹੀ ਦਾਖਲਾ ਹੁੰਦਾ ਸੀ ਤੇ ਗਿਆਰਵੀਂ - ਬਾਰਵੀਂ ਦੀ ਪੜ੍ਹਾਈ ਕਾਲਜਾਂ ਵਿੱਚ ਹੀ ਹੁੰਦੀ ਸੀ। ਉਹਨਾਂ ਸਮਿਆਂ ਵਿੱਚ ਲੜਕੀਆਂ ਨੂੰ ਹੋਸਟਲ ਭੇਜਣਾ ਬਹੁਤ ਵੱਡੀ ਗੱਲ ਸੀ, ਪਰ ਮੈਂ ਇਸ ਗੱਲੋਂ ਬਹੁਤ ਖੁਸ਼ਕਿਸਮਤ ਰਹੀ ਹਾਂ ਕਿ ਮੇਰੇ ਮਾਪਿਆਂ ਨੇ ਮੈਨੂੰ ਚੰਡੀਗੜ੍ਹ ਦੇ ਇਸ ਨਾਮਵਰ ਕਾਲਜ ਚ ਪੜ੍ਹਨ ਦਾ ਮੌਕਾ ਹੀ ਨਹੀਂ ਦਿੱਤਾ ਸਗੋਂ ਪੂਰੀ ਖੁੱਲ੍ਹ ਦਿੱਤੀ ਕਿ ਤੁਸੀਂ ਆਪਣੇ ਫੈਸਲੇ ਆਪ ਲੳ ਅਤੇ ਜ਼ਿੰਦਗੀ ਵਿੱਚ ਆਤਮ ਨਿਰਭਰ ਬਣੋ। ਔਖਾ ਤਾਂ ਮਾਪਿਆਂ ਲਈ ਵੀ ਹੁੰਦਾ ਆਪਣੇ ਬੱਚਿਆਂ ਨੂੰ ਘਰੋਂ ਦੂਰ ਛੱਡਣਾ, ਪਰ ਇਹ ਤਾਂ ਉਹਨਾਂ ਦੀ ਦੂਰ - ਅੰਦੇਸ਼ੀ ਸੋਚ ਸੀ ਕਿ ਭਾਵੇਂ ਮੇਰੇ ਪਿਤਾ ਖੁਦ ਬਿਜਨੈਸਮੈਨ ਹਨ, ਪਰ ਉਹਨਾਂ ਨੇ ਆਪਣੇ ਸਾਰਿਆਂ ਬੱਚਿਆਂ ਨੂੰ ਉਚੇਰੀ ਵਿੱਦਿਆ ਦਿਵਾਉਣ ਲਈ ਬਹੁਤ ਹੱਲਾਸ਼ੇਰੀ ਦਿੱਤੀ। ਮੇਰੇ ਮਾਪਿਆਂ ਨੂੰ ਕਿੰਨਾ ਮਾਣ ਮਹਿਸੂਸ ਹੋਵੇਗਾ ਜਦੋਂ ਮੈਂ ਗਿਆਰਵੀਂ ਵਿੱਚ ਹੀ ਚੰਡੀਗੜ੍ਹ ਦੀਆਂ ਕਾਨਵੇਂਟ ਸਕੂਲਾਂ ਦੀਆਂ ਕੁੜੀਆਂ ਨੂੰ ਪਛਾੜ ਕੇ ਸਭ ਤੋਂ ਵੱਧ ਨੰਬਰ ਲੈ ਕੇ ਇੱਕ ਪਛੜੇ ਇਲਾਕੇ ਦੀ ਪਹਿਚਾਣ ਬਣਾਈ। ਇੰਨੇ ਨੂੰ ਮੇਰੇ ਪਤੀ ਨਾਲ ਆ ਗਏ ਤੇ ਅਸੀਂ ਕਾਲਜ ਬਿਲਡਿੰਗ ਦੀ ਤੀਸਰੀ ਮੰਜ਼ਿਲ ਤੇ ਚਲੇ ਗਏ, ਸਾਡੇ ਸਮੇਂ ਦੌਰਾਨ ਕਮਰਸ ਵਿਭਾਗ ਤੀਸਰੀ ਮੰਜ਼ਿਲ ਤੇ ਸੀ, ਜਿਹੜਾ ਕਿ ਹੁਣ ਬਦਲ ਕੇ ਜ਼ਮੀਨੀ ਮੰਜ਼ਿਲ ਤੇ ਤਬਦੀਲ ਕਰ ਦਿੱਤਾ ਗਿਆ। ਉੱਥੇ ਜਾ ਕੇ ਪਤਾ ਲੱਗਿਆ ਕਿ ਹੁਣ ਕਮਰਸ ਵਿਭਾਗ ਦੀ ਥਾਂ ਸੋਸਾਲੋਜੀ ਵਿਭਾਗ ਬਣ ਗਿਆ। ਪਰ ਜਦੋਂ ਮੈਂ ਆਪਣੇ 20 ਸਾਲ ਪੁਰਾਣੇ ਕਲਾਸ ਰੂਮ ਜਿਸਦੇ ਬੈਂਚ ਹੁਣ ਵੀ ਉਹੀ ਹਨ, ਬਸ ਹੁਣ ਬਲੈਕ ਬੋਰਡ ਦੀ ਥਾਂ ਸਮਾਰਟ ਬੋਰਡ ਨੇ ਲੈਣ ਲਈ ਹੈ ਅਤੇ ਬੈਂਚ ਤੇ ਬੈਠ ਕੇ ਉਸ ਸਮੇਂ ਜੋ ਮੈਂ ਮਹਿਸੂਸ ਕੀਤਾ ਉਹਨਾਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸੰਭਵ ਹੈ, ਪਰ ਮੇਰੇ ਪਤੀ ਮੇਰੇ ਹਾਵ-ਭਾਵ ਅਤੇ ਭਾਵਨਾਵਾਂ ਸਮਝ ਰਹੇ ਸੀ, ਸੋ ਉਹਨਾਂ ਨੇ ਮੈਨੂੰ ਬਿਨਾਂ ਦੱਸੇ ਇਹਨਾਂ ਪਲਾਂ ਨੂੰ ਕੈਮਰੇ ਵਿੱਚ ਕੈਦ ਕਰ ਲਿਆ।
ਫਿਰ ਅਸੀਂ ਨਵੇਂ ਬਣੇ ਕਮਰਸ ਵਿਭਾਗ ਚ ਪਹੁੰਚ ਗਏ ਜਿੱਥੇ ਮੈਂ ਆਪਣੇ ਅਧਿਆਪਕ ਸੰਗਮ ਮੈਡਮ ਨੂੰ ਮਿਲੀ ਅਤੇ ਪੁਰਾਣੀਆਂ ਗੱਲਾਂ ਸਾਂਝੀਆਂ ਕੀਤੀਆਂ ਤਾਂ ਉਹ ਵੀ ਆਪਣੇ ਪੁਰਾਣੇ ਦਿਨ ਯਾਦ ਕਰਕੇ ਵਾਰ-ਵਾਰ ਜੱਫੀ ਪਾ ਕੇ ਮਿਲਦੇ ਹੋਏ ਸਾਡੀ ਕਲਾਸ 1994-95 ਬੈਚ ਅਤੇ ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਉਠੇ ਅਤੇ ਕਹਿਣ ਲੱਗੇ ਕਿ ਮੈਨੂੰ ਬਹੁਤ ਮਾਣ ਹੈ ਕਿ ਮੇਰੇ ਪੜ੍ਹਾਏ ਵਿਦਿਆਰਥੀ ਹੁਣ ਖੁਦ ਪ੍ਰੋਫੈਸਰ ਬਣ ਕੇ ਵਿਦਿਆ ਦਾ ਚਾਨਣ ਵੰਡ ਰਹੇ ਹਨ। ਉਹਨਾਂ ਨੂੰ ਮਿਲ ਕੇ ਮੈਂ ਵੀ ਬਹੁਤ ਖੁਸ਼ ਅਤੇ ਅਮੀਰ ਮਹਿਸੂਸ ਕਰ ਰਹੀ ਸੀ, ਜਿਵੇਂ ਛੋਟੇ ਬੱਚੇ ਨੂੰ ਕੋਈ ਗਵਾਚੀ ਚੀਜ਼ ਲੱਭ ਗਈ ਹੋਵੇ। ਮੇਰਾ ਦਿਲ ਕੀਤਾ ਕਿ ਮੈਂ ਮੈਡਮ ਨੂੰ ਕਹਾਂ ਕਿ ਤੁਹਾਡੀ ਕਲਾਸ ਦੇ ਵਿਦਿਆਰਥੀਆਂ ਨਾਲ ਮੈਂ ਗੱਲਬਾਤ ਕਰਾਂ, ਪਰ ਫਿਰ ਮੈਂ ਹਿਚਕਚਾ ਗਈ ਅਤੇ ਅਸੀਂ ਕਾਲਜ ਦੇ ਅੰਦਰ ਹੀ ਬਣੇ ਹੋਸਟਲ ਵੱਲ ਤੁਰ ਪਏ।
ਇਹਨਾਂ ਪੰਜ ਸਾਲਾਂ ਦੌਰਾਨ ਕਾਲਜ ਦੇ ਅੰਦਰ ਹੀ ਬਣੇ ਤਿੰਨਾਂ ਹੋਸਟਲਾਂ ਵਿੱਚ ਰਹਿਣ ਦਾ ਮੌਕਾ ਮਿਲਿਆ ਅਤੇ ਹੋਸਟਲ ਦੀ ਜ਼ਿੰਦਗੀ ਦੇ ਉਹ ਸਾਰੇ ਪਲ ਮੇਰੀਆਂ ਅੱਖਾਂ ਅੱਗੇ ਇੱਕ ਫਿਲਮ ਵਾਂਗ ਘੁੰਮ ਰਹੇ ਸਨ। ਉਦੋਂ ਨਾ ਤਾਂ ਮੌਬਾਇਲ ਫੋਨ ਹੁੰਦੇ ਸੀ, ਨਾ ਇੰਨੇ ਸਾਧਨ ਕਿ ਤੁਹਾਡੇ ਘਰਦੇ ਤਹਾਨੂੰ ਛੇਤੀ ਮਿਲਣ ਆ ਸਕਣ। ਕਈ ਵਾਰ 3-4 ਮਹੀਨੇ ਬਾਅਦ ਘਰ ਜਾਣ ਦਾ ਸਬੱਬ ਬਣਦਾ। ਹਾਂ ਚਿੱਠੀ ਦੀ ਉਡੀਕ ਜ਼ਰੂਰ ਹੁੰਦੀ ਸੀ, ਮੇਰੇ ਪਾਪਾ ਦੀ ਚਿੱਠੀ ਮਹੀਨੇ ਚ ਇੱਕ ਵਾਰ ਜਰੂਰ ਆਉਣੀ, ਜਿਹੜੀ ਕਿ ਹਲੇ ਵੀ ਸਰਟੀਫਿਕੇਟਾਂ ਵਾਲੀ ਫਾਇਲ ਚ ਸਾਂਭੀ ਪਈ ਹੈ। ਹੋਸਟਲ ਦਾ ਗੇਟ ਸ਼ਾਮ ਨੂੰ 6 ਵਜੇ ਬੰਦ ਹੋ ਜਾਣਾ, ਤੇ ਫਿਰ ਹਾਜ਼ਰੀ ਲੱਗਣ ਤੋਂ ਬਾਅਦ ਸਾਡੇ ਵਾਰਡਨ ਮੈਡਮ ਨੇ ਚਿੱਠੀਆਂ ਵੰਡਣੀਆਂ, ਜਿਸਦੀ ਘਰੋਂ ਚਿੱਠੀ ਆ ਜਾਣੀ ਉਹਨੇ ਆਪਣੇ ਆਪ ਨੂੰ ਸ਼ਹਿਨਸ਼ਾਹ ਸਮਝਨਾ, ਪਰ ਚਿੱਠੀ ਪੜ੍ਹ ਕੇ ਰੋਣਾ ਅਤੇ ਘਰਦਿਆਂ ਨੂੰ ਯਾਦ ਕਰਨਾ। ਫਿਰ ਇੱਕ ਦੂਜੇ ਨੂੰ ਚੁੱਪ ਕਰਵਾਉਣਾ , ਹਸਾਉਣਾ, ਕਦੀ ਲੜਨਾ, ਗੁੱਸੇ ਹੋ ਜਾਣਾ। ਸਿਰਫ ਪੰਜਾਬ ਹੀ ਨਹੀਂ ਬਲਕਿ ਵੱਖਰੇ ਵੱਖਰੇ ਰਾਜਾਂ ਤੋਂ ਆਈਆਂ ਕੁੜੀਆਂ ਨਾਲ ਸਾਂਝ ਬਣੀ। ਹੋਸਟਲ ਦੀ ਜ਼ਿੰਦਗੀ ਦੇ ਤਜਰਬਿਆਂ ਤੋਂ ਜ਼ਿੰਦਗੀ ਨੂੰ ਜਿਉਣ ਦੇ ਕਈ ਸਬਕ ਮਿਲੇ। ਇੱਕਲੇ ਬੱਸਾਂ ਵਿੱਚ ਪੰਜ-ਛੇ ਘੰਟੇ ਦਾ ਸਫ਼ਰ ਹਨੇਰੇ -ਸਵੇਰੇ ਤੇ ਉਹ ਕਿਤਾਬਾਂ ਨਾਲ ਭਰੇ ਵੱਡੇ ਵੱਡੇ ਬੈਗ ਚੱਕ ਕੇ ਕੀਤਾ। ਮੈਨੂੰ ਯਾਦ ਹੈ ਜੇ ਘਰ ਤਿੰਨ - ਚਾਰ ਦਿਨ ਦੀ ਛੁੱਟੀਆਂ ਚ ਵੀ ਜਾਣਾ ਤਾਂ ਵੀ ਮੇਰੀ ਆਦਤ ਹੁੰਦੀ ਸੀ ਕਿਤਾਬਾਂ ਸਾਰੀਆਂ ਨਾਲ ਹੋਣ, ਸਾਰਾ ਕੰਮ ਪੂਰਾ ਕਰਕੇ ਲਿਆਵਾਂਗੇ। ਪਰ ਘਰ ਜਾ ਕੇ ਪੜ੍ਹਿਆ ਭਾਵੇਂ ਨਾ ਜਾਣਾ, ਬੱਸ ਭਾਰ ਚੱਕ ਕੇ ਫਿਰ ਵਾਪਸ ਲੈ ਆਣਾ। ਜਦੋਂ ਕਿਸੇ ਦੇ ਘਰਦਿਆਂ ਨੇ ਮਿਲਣ ਆਉਣਾ ਤਾਂ ਘਰੋਂ ਪਿੰਨੀਆਂ, ਬਿਸਕੁਟ ਤੇ ਸਰੋਂ ਦਾ ਸਾਗ ਆਉਣਾ ਤਾਂ ਸਭ ਨੂੰ ਮੋਜਾਂ ਲੱਗ ਜਾਣੀਆਂ। ਰਾਤ ਨੂੰ ਖਾਣੇ ਤੋਂ ਬਾਅਦ ਕਿਸੇ ਇੱਕ ਦੇ ਕਮਰੇ ਵਿੱਚ ਇੱਕਠੇ ਹੋ ਜਾਣਾ ਤੇ ਖ਼ੂਬ ਮਸਤੀ ਕਰਨੀ, ਉਸ ਸਮੇਂ ਸਹੇਲੀਆਂ ਨਾਲ ਮਜ਼ਾਕ ਕਰਕੇ ਖਿੜ -ਖਿੜ ਹੱਸਣਾ, ਉਹ ਬਾਅਦ ਵਿੱਚ ਕਦੋਂ ਪਰਿਵਾਰਕ ਜ਼ਿੰਮੇਵਾਰੀਆਂ ਵਿੱਚ ਬਦਲ ਗਿਆ ਪਤਾ ਹੀ ਨਹੀਂ ਚੱਲਿਆ। ਸਮਾਂ ਆਪਣੀ ਚਾਲ ਚੱਲਦਾ ਗਿਆ ਅਤੇ ਪੰਜ ਸਾਲ ਵੀ ਬੀਤ ਗਏ। ਜਿੱਥੇ ਗ੍ਰੈਜੂਏਸ਼ਨ ਪੂਰੀ ਹੋਣ ਦੀ ਖੁਸ਼ੀ ਸੀ ਉੱਥੇ ਪੰਜ ਸਾਲਾਂ ਦੀ ਸਾਂਝ ਵਾਲੀਆਂ ਭੈਣਾਂ ਵਰਗੀਆਂ ਸਹੇਲੀਆਂ ਦੇ ਵਿਛੜਨ ਦਾ ਦੁੱਖ ਵੀ ਸੀ। ਜਿਵੇਂ ਗਿਆਰਵੀਂ ਚ ਪਹਿਲੇ ਦਿਨ ਸਾਰੇ ਘਰਦਿਆਂ ਨੂੰ ਯਾਦ ਕਰਕੇ ਰੋਏ ਸੀ, ਉਸੇ ਤਰ੍ਹਾਂ ਹੋਸਟਲ ਦੇ ਵਿੱਚ ਜਦ ਆਖਰੀ ਦਿਨ ਸਮਾਨ ਪੈਕ ਕਰ ਰਹੇ ਸੀ ਤਾਂ ਫਿਰ ਸਹੇਲੀਆਂ ਦੇ ਗਲ ਲੱਗ ਕੇ ਰੋਏ ਅਤੇ ਭਵਿੱਖ ਵਿੱਚ ਮਿਲਣ ਦੇ ਵਾਅਦੇ ਵੀ ਕੀਤੇ। ਪਰ ਉਸ ਤੋਂ ਬਾਅਦ ਸਭ ਆਪੋ ਆਪਣੇ ਸਫ਼ਰ ਲਈ ਰਵਾਨਾ ਹੋ ਗਏ। ਮੈਨੂੰ ਇਹਨਾਂ ਸਭ ਯਾਦਾਂ ਚ ਘਿਰੀ ਨੂੰ ਮੇਰੇ ਪਤੀ ਨੇ ਬੁਲਾਇਆ ਤੇ ਕਿਹਾ ਕਿ ਸਮਾਂ ਕਾਫ਼ੀ ਹੋ ਗਿਆ। ਆਪਾਂ ਵਾਪਸ ਜਾਣਾ ਹੈ ਤਾਂ ਮੇਰਾ ਦਿਲ ਕਹਿ ਰਿਹਾ ਸੀ ਕਾਸ਼ ਉਹ ਦਿਨ ਫਿਰ ਵਾਪਸ ਆ ਜਾਣ।
ਪਰ ਮੈਂ ਉਹਨਾਂ ਦੋ ਘੰਟਿਆਂ ਵਿੱਚ ਆਪਣੀਆਂ 29 ਸਾਲ ਦੀਆਂ ਯਾਦਾਂ ਨੂੰ ਦੁਬਾਰਾ ਤੋਂ ਯਾਦ ਕਰਕੇ ਅਤੇ ਸੰਗਮ ਮੈਡਮ ਨਾਲ ਸੰਗਮ ਦੀ ਇੱਕ ਯਾਦਗਾਰੀ ਫੋਟੋ ਲੈ ਕੇ ਅਤੇ ਉਹਨਾਂ ਦਾ ਟੈਲੀਫੋਨ ਨੰਬਰ ਲੈ ਕੇ ਆਪਣੇ ਆਪ ਵਿੱਚ ਬਹੁਤ ਹੀ ਅਮੀਰ ਅਤੇ ਖੁਸ਼ ਮਹਿਸੂਸ ਕਰ ਰਹੀ ਸੀ।
-
ਡਾ ਗਗਨਦੀਪ ਕੌਰ , ਲੇਖਕ
............
.................
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.