ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ: ਸਨੇਚਿੰਗ ਅਤੇ ਚੋਰੀਆਂ ਕਰਨ ਵਾਲੇ ਤਿੰਨ ਦੋਸ਼ੀ ਕਾਬੂ, 4 ਮੋਟਰਸਾਈਕਲ ਅਤੇ 12 ਮੋਬਾਈਲ ਫੋਨ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ 18 ਜੂਨ 2026
ਲੁਧਿਆਣਾ, 18 ਜੂਨ: ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਪੁਲਿਸ ਸਿਟੀ ਰੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਨੇਚਰਾਂ ਅਤੇ ਚੋਰੀ ਕਰਨ ਵਾਲੇ ਅਪਰਾਧੀਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਲੇਮ ਟਾਬਰੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ ਤਿੰਨ ਸ਼ਾਤਿਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਅਤੇ ਖੋਹ ਕੀਤੇ ਗਏ 4 ਮੋਟਰਸਾਈਕਲ, 12 ਮੋਬਾਈਲ ਫੋਨ ਅਤੇ ਦੋ ਦਾਤ ਬਰਾਮਦ ਕੀਤੇ ਹਨ।
ਏਡੀਸੀਪੀ ਜ਼ੋਨ-1 ਸਮੀਰ ਵਰਮਾ ਅਤੇ ਏਸੀਪੀ ਨਾਰਥ ਕਿਕਰ ਸਿੰਘ ਭੁੱਲਰ ਦੀਆਂ ਹਦਾਇਤਾਂ 'ਤੇ ਇੰਸਪੈਕਟਰ ਹਰਸ਼ਵੀਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਸ਼ਿੰਗਾਰਾ ਸਿੰਘ ਸਮੇਤ ਪੁਲਿਸ ਪਾਰਟੀ 17 ਜੂਨ ਨੂੰ ਜਲੰਧਰ ਬਾਈਪਾਸ ਚੌਂਕ ਨੇੜੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇੱਕ ਭਰੋਸੇਯੋਗ ਮੁਖਬਰ ਨੇ ਸੂਚਨਾ ਦਿੱਤੀ ਕਿ ਤਿੰਨ ਨੌਜਵਾਨ ਚੋਰੀ ਅਤੇ ਖੋਹ ਕੀਤੇ ਮੋਬਾਈਲ ਫੋਨ ਵੇਚਣ ਲਈ ਸ਼ਹਿਰ ਵੱਲ ਆ ਰਹੇ ਹਨ।
ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਅੰਬੇਦਕਰ ਭਵਨ ਨੇੜੇ ਨਾਕਾਬੰਦੀ ਕਰਕੇ ਇੱਕ ਮੋਟਰਸਾਈਕਲ 'ਤੇ ਸਵਾਰ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਕਰਨ ਮਸੀਹ, ਫੁੰਮਣ ਸਿੰਘ ਉਰਫ਼ ਸੰਨੀ ਅਤੇ ਰਾਹੁਲ ਉਰਫ਼ ਨਾਈ ਵਜੋਂ ਹੋਈ ਹੈ।
ਤਲਾਸ਼ੀ ਦੌਰਾਨ ਤਿੰਨਾਂ ਦੋਸ਼ੀਆਂ ਦੇ ਕਬਜ਼ੇ ਵਿਚੋਂ ਕੁੱਲ 12 ਟੱਚ ਸਕ੍ਰੀਨ ਮੋਬਾਈਲ ਫੋਨ ਬਰਾਮਦ ਕੀਤੇ ਗਏ। ਪੁੱਛਗਿੱਛ ਅਤੇ ਫਰਦ ਇੰਕਸ਼ਾਫ ਦੇ ਆਧਾਰ 'ਤੇ ਪੁਲਿਸ ਨੇ ਹੋਰ ਤਿੰਨ ਚੋਰੀਸ਼ੁਦਾ ਮੋਟਰਸਾਈਕਲ ਵੀ ਬਰਾਮਦ ਕਰ ਲਏ। ਇਸ ਤਰ੍ਹਾਂ ਕੁੱਲ 4 ਮੋਟਰਸਾਈਕਲ, 12 ਮੋਬਾਈਲ ਫੋਨ ਅਤੇ 2 ਦਾਤ ਪੁਲਿਸ ਦੇ ਹੱਥ ਲੱਗੇ ਹਨ।
ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਮੁਕੱਦਮਾ ਨੰਬਰ 98 ਮਿਤੀ 17-06-2026 ਅਧੀਨ ਧਾਰਾ 303(2), 304 ਅਤੇ 317(2) ਬੀਐਨਐੱਸ ਤਹਿਤ ਥਾਣਾ ਸਲੇਮ ਟਾਬਰੀ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁੱਢਲੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਲੁੱਟ, ਚੋਰੀ ਅਤੇ ਹੋਰ ਗੰਭੀਰ ਅਪਰਾਧਾਂ ਦੇ ਕੇਸ ਦਰਜ ਹਨ। ਪੁਲਿਸ ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਹੋਰ ਵੀ ਕਈ ਅਹਿਮ ਖੁਲਾਸੇ ਹੋ ਸਕਦੇ ਹਨ ਅਤੇ ਚੋਰੀ ਤੇ ਸਨੇਚਿੰਗ ਦੀਆਂ ਹੋਰ ਵਾਰਦਾਤਾਂ ਦਾ ਪਰਦਾਫਾਸ਼ ਹੋਵੇਗਾ।
- Download Babushahi App
-
-