ਕਬਜ਼ਾ ਕਰਨ ਦੀ ਨੀਅਤ ਨਾਲ ਖਾਲਸਾ ਰਾਜ ਦੀ ਨਿਸ਼ਾਨੀ ਇਤਿਹਾਸਿਕ ਬਾਰਾਂਦਰੀ ਕੀਤੀ ਗਈ ਸੀ ਭੰਨਤੋੜ?
ਇਸ ਇਮਾਰਤ ਦੇ ਸ਼ਾਹੀ ਤਖਤ ਤੇ ਬੈਠ ਕੇ ਮਹਾਰਾਜਾ ਰਣਜੀਤ ਸਿੰਘ ਨੇ ਲਏ ਸੀ ਕਈ ਇਤਿਹਾਸਿਕ ਫੈਸਲੇ, ਤੋੜਫੋੜ ਕਰਨ ਵਾਲਿਆਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਸਿੱਖ ਸਮਾਜ ਵਿੱਚ ਵੱਧਦਾ ਜਾ ਰਿਹਾ ਹੈ
ਰੋਹਿਤ ਗੁਪਤਾ
ਗੁਰਦਾਸਪੁਰ,12 ਮਈ 2026-ਗੁਰਦਾਸਪੁਰ ਦਾ ਕਸਬਾ ਦੀਨਾਨਗਰ ਖਾਲਸਾ ਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਹੋਇਆ ਕਰਦਾ ਸੀ। ਇੱਥੇ ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀਆਂ ਕਈ ਇਤਿਹਾਸਿਕ ਵਿਰਾਸਤਾਂ ਵੀ ਮੌਜੂਦ ਹਨ ਜਿਨਾਂ ਵਿੱਚੋਂ ਇੱਕ ਉਹਨਾਂ ਦੀ ਸ਼ਾਹੀ ਬਾਰਾਂਦਰੀ ਹੈ। 12 ਦਰਵਾਜ਼ੇ ਹੋਣ ਕਾਰਨ ਇਸ ਦਾ ਨਾਮ ਬਾਰਾਂਦਰੀ ਪਿਆ ਸੀ ਜਿੱਥੇ ਇੱਕ ਤਖਤ ਤੇ ਬੈਠ ਕੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਈ ਵੱਡੇ ਇਤਿਹਾਸਿਕ ਫੈਸਲੇ ਵੀ ਲਏ ਗਏ ਅਤੇ ਸ਼ਾਹੀ ਦਰਬਾਰ ਵੀ ਲਗਾਇਆ ਜਾਂਦਾ ਸੀ ਪਰ ਪ੍ਰਸ਼ਾਸਨਿਕ ਅਨਗਹਿਲੀ ਕਾਰਨ ਇਹ ਇਮਾਰਤ ਖੰਡਹਰ ਬਣ ਗਈ ਤੇ ਇਸ ਦੇ ਆਲੇ ਦੁਆਲੇ ਨਾਜਾਇਜ਼ ਕਬਜ਼ੇ ਵੀ ਹੋ ਗਏ । ਹੁਣ ਪਿਛਲੇ ਕੁਝ ਦਿਨ ਪਹਿਲਾਂ ਇਸ ਇਮਾਰਤ ਨਾਲ ਵੀ ਤੋੜ ਫੋੜ ਕੀਤੀ ਗਈ ਅਤੇ ਸ਼ਕ ਜਤਾਇਆ ਜਾ ਰਿਹਾ ਹੈ ਕਿ ਇਹ ਤੋੜਫੋੜ ਇਮਾਰਤ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੀਤੀ ਗਈ ਹੈ ਕਿਉਂਕਿ ਇਮਾਰਤ ਦੇ ਬਾਹਰ ਰੇਤ ਅਤੇ ਬਜ਼ਰੀ ਦੇ ਢੇਰ ਵੀ ਲੱਗੇ ਹਨ ।
ਵਿਰਾਸਤੀ ਮੰਚ ਬਟਾਲਾ ਅਤੇ ਵਿਰਾਸਤ ਪ੍ਰੇਮੀਆਂ ਵੱਲੋਂ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਐਸਡੀਐਮ ਦੀਨਾ ਨਗਰ ਦੀ ਸ਼ਿਕਾਇਤ ਤੇ ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਪਰ ਇੱਕ ਮਹੀਨਾ ਗੁਜਰਨ ਦੇ ਬਾਵਜੂਦ ਉਹਨਾਂ ਅਣਪਛਾਤਿਆਂ ਦੀ ਪਹਿਚਾਨ ਪੁਲਿਸ ਵੱਲੋਂ ਹਜੇ ਤੱਕ ਨਹੀਂ ਕੀਤੀ ਗਈ ਹੈ ਜਦਕਿ ਵਿਰਾਸਤ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਸ ਇਮਾਰਤ ਵਿੱਚ ਦਾਖਲ ਹੋਣ ਲਈ ਇੱਕੋ ਰਸਤਾ ਪੈਂਦਾ ਹੈ ਅਤੇ ਉਸ ਰਸਤੇ ਤੇ ਕਈ ਕੈਮਰੇ ਲੱਗੇ ਹੋਏ ਹਨ। ਪੁਲਿਸ ਲਈ ਤੋੜਫੋੜ ਕਰਨ ਵਾਲਿਆਂ ਦੀ ਪਹਿਚਾਨ ਕਰਨਾ ਕੋਈ ਔਖਾ ਕੰਮ ਨਹੀਂ ਸੀ ਪਰ ਅਸਰ ਰਸੂਖ ਵਾਲੇ ਹੋਣ ਕਾਰਨ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ।
ਦੱਸ ਦਈਏ ਕਿ 2010 ਵਿੱਚ ਇਹ ਇਮਾਰਤ ਵਿਰਾਸਤੀ ਘੋਸ਼ਿਤ ਕੀਤੀ ਜਾ ਚੁੱਕੀ ਹੈ ਅਤੇ ਖਾਲਸਾ ਰਾਜ ਦੀਆਂ ਵੱਡੀਆਂ ਯਾਦਾਂ ਇਸ ਨਾਲ ਜੁੜੀਆਂ ਹਨ। ਅਜਿਹੀ ਵਿਰਾਸਤੀ ਇਮਾਰਤ ਤੇ ਕਿਸੇ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਏ ਤਾਂ ਇਹ ਇੱਕ ਸ਼ਰਮਨਾਕ ਗੱਲ ਹੋਵੇਗੀ । ਮਾਮਲੇ ਨੂੰ ਲੈ ਕੇ ਵਿਰਾਸਤ ਪ੍ਰੇਮੀਆਂ ਅਤੇ ਸਿੱਖ ਪੰਥ ਵਿੱਚ ਰੋਸ਼ ਵਧਦਾ ਜਾ ਰਿਹਾ ਹੈ। ਵਿਰਾਸਤ ਪ੍ਰੇਮੀਆਂ ਦਾ ਕਹਿਣਾ ਹੈ ਕਿ ਜੇਕਰ ਅਜਿਹੀਆਂ ਵਿਰਾਸਤੀ ਇਮਾਰਤਾਂ ਦੀ ਹੋਂਦ ਹੀ ਖਤਮ ਹੋ ਜਾਵੇਗੀ ਤਾਂ ਆਉਣ ਵਾਲੀਆਂ ਨਸਲਾਂ ਨੂੰ ਸਾਡੇ ਗੌਰਮਈ ਇਤਿਹਾਸ ਦੇ ਪ੍ਰਤੱਖ ਪ੍ਰਮਾਣ ਕਿਵੇਂ ਨਜ਼ਰ ਆਉਣਗੇ ? ਸਰਕਾਰਾਂ ਨੇ ਇਸ ਵਿਰਾਸਤੀ ਇਮਾਰਤ ਨੂੰ ਸਾਂਭਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਪਰ ਸਿੱਖ ਪੰਥ ਦੇ ਮੋਢੀ ਕਿਸੇ ਵੀ ਕੀਮਤ ਤੇ ਅਜਿਹੀਆਂ ਵਿਰਾਸਤਾਂ ਨੂੰ ਮਿਟਣ ਨਹੀਂ ਦੇਣਗੇ ।
- Download Babushahi App
-
-