ਕੇਂਦਰੀ ਜੇਲ੍ਹ 'ਚ ਹਵਾਲਾਤੀਆਂ 'ਚ ਖ਼ੂਨੀ ਝੜਪ; ਚਾਰ ਜ਼ਖਮੀ
ਰੋਹਿਤ ਗੁਪਤਾ, ਗੁਰਦਾਸਪੁਰ
ਕੇਂਦਰੀ ਜੇਲ੍ਹ ਗੁਰਦਾਸਪੁਰ ਜੋ ਪਹਿਲਾਂ ਵੀ ਕਈ ਵਾਰ ਚਰਚਾ ਵਿੱਚ ਰਹਿ ਚੁੱਕੀ ਹੈ, ਵਿੱਚ ਇੱਕ ਵਾਰ ਫਿਰ ਤੋਂ ਹਵਾਲਾਤੀਆਂ ਦੇ ਦੋ ਗੁੱਟਾਂ ਦੇ ਭਿੜਨ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਮਾਮਲੇ ਵਿੱਚ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਜੇਲ੍ਹ ਅਧਿਕਾਰੀ ਇਸ ਬਾਰੇ ਕੁਝ ਬੋਲਣ ਲਈ ਤਿਆਰ ਹਨ।
ਪਰ ਭਰੋਸੇਯੋਗ ਸੂਤਰਾਂ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਝੜਪ ਵਿੱਚ ਚਾਰ ਹਵਾਲਾਤੀ ਜਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਮਾਮੂਲੀ ਜਖਮੀ ਹੋਣ ਕਾਰਨ ਜੇਲ੍ਹ ਵਿੱਚ ਸਥਿਤ ਹਸਪਤਾਲ ਵਿੱਚ ਹੀ ਦਾਖਲ ਹਨ, ਜਦਕਿ ਇੱਕ ਕਮਾਲ ਭੱਟੀ ਨਾਮ ਦੇ ਹਵਾਲਾਤੀ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ, ਜਿਸ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ ਅਤੇ ਚਾਰ ਟਾਂਕੇ ਲਗਾਏ ਗਏ ਹਨ।
ਇਸ ਤੋਂ ਇਲਾਵਾ ਉਸ ਦੀ ਲੱਤ 'ਤੇ ਵੀ ਗੁੱਝੀਆਂ ਸੱਟਾਂ ਲੱਗੀਆਂ ਹਨ। ਸਰਕਾਰੀ ਹਸਪਤਾਲ ਦੇ ਡਾਕਟਰ ਗੌਰਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਹਵਾਲਾਤੀਆਂ ਦੇ ਦੋਵੇਂ ਗੁੱਟ ਬਟਾਲਾ ਨਾਲ ਸੰਬੰਧਿਤ ਹਨ ਅਤੇ ਕਿਸੇ ਗੱਲ ਨੂੰ ਲੈ ਕੇ ਦੇਰ ਸ਼ਾਮ ਉਨ੍ਹਾਂ ਦੀ ਆਪਸ ਵਿੱਚ ਝੜਪ ਹੋ ਗਈ ਜੋ ਖੂਨੀ ਤਕਰਾਰ ਵਿੱਚ ਬਦਲ ਗਈ। ਇਸ ਤੋਂ ਪਹਿਲਾਂ ਵੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਤੇ ਹਵਾਲਾਤੀਆਂ ਦੀ ਆਪਸ ਵਿੱਚ ਕਈ ਲੜਾਈਆਂ ਹੋ ਚੁੱਕੀਆਂ ਹਨ।
- Download Babushahi App
-
-