ਮਾਡਲ ਟਾਊਨ ਗੋਲ ਮਾਰਕੀਟ ’ਚ ਗ੍ਰੀਨ ਬੈਲਟ ਦਾ ਕਤਲ! ‘ਗੈਰ-ਕਾਨੂੰਨੀ’ ਪਬਲਿਕ ਟਾਇਲਟ ਖ਼ਿਲਾਫ਼ ਲੋਕਾਂ ਦਾ ਗੁੱਸਾ NGT ਤੱਕ ਪਹੁੰਚਿਆ
ਸੁਖਮਿੰਦਰ ਭੰਗੂ
ਲੁਧਿਆਣਾ 10 ਮਈ 2026- ਲੁਧਿਆਣਾ ਦੇ ਸਭ ਤੋਂ ਪੌਸ਼ ਇਲਾਕਿਆਂ ਵਿੱਚ ਸ਼ੁਮਾਰ ਮਾਡਲ ਟਾਊਨ ਦੀ ਗੋਲ ਮਾਰਕੀਟ ਇਨੀਂ ਦਿਨੀਂ ਇੱਕ ਵੱਡੇ ਵਿਵਾਦ ਦਾ ਕੇਂਦਰ ਬਣੀ ਹੋਈ ਹੈ। ਇਲਾਕਾ ਨਿਵਾਸੀਆਂ, ਦੁਕਾਨਦਾਰਾਂ ਅਤੇ ਮਾਰਕੀਟ ਵੈਲਫੇਅਰ ਸੁਸਾਇਟੀ ਨੇ ਨਗਰ ਨਿਗਮ ਲੁਧਿਆਣਾ ’ਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਗੰਭੀਰ ਦੋਸ਼ ਲਗਾਉਂਦਿਆਂ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਤੱਕ ਪਹੁੰਚਾ ਦਿੱਤਾ ਹੈ। ਲੋਕਾਂ ਦਾ ਦਾਅਵਾ ਹੈ ਕਿ ਪਾਰਕ ਦੀ ਗ੍ਰੀਨ ਬੈਲਟ ਦੇ ਬਿਲਕੁਲ ਵਿਚਕਾਰ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਪਬਲਿਕ ਟਾਇਲਟ ਤਿਆਰ ਕਰ ਦਿੱਤਾ ਗਿਆ, ਜਿਸ ਨਾਲ ਇਲਾਕੇ ਦੀ ਸੁੰਦਰਤਾ, ਵਾਤਾਵਰਣ ਅਤੇ ਲੋਕਾਂ ਦੀ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਹੈ।
ਮਾਰਕੀਟ ਵੈਲਫੇਅਰ ਸੁਸਾਇਟੀ ਦੇ ਸਕੱਤਰ ਜਸਵਿੰਦਰ ਸਿੰਘ ਸ਼ੰਮੀ ਅਤੇ ਹੋਰ ਇਲਾਕਾ ਨਿਵਾਸੀਆਂ ਮੁਤਾਬਕ, ਜਿਸ ਪਾਰਕ ਨੂੰ ਲੋਕਾਂ ਲਈ ਹਰਿਆਵਲੀ ਅਤੇ ਸੁਕੂਨ ਦਾ ਕੇਂਦਰ ਹੋਣਾ ਚਾਹੀਦਾ ਸੀ, ਉਹ ਅੱਜ ਗੰਦਗੀ ਅਤੇ ਬਦਬੂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਟਾਇਲਟ ਦੀ ਮਾੜੀ ਹਾਲਤ ਕਾਰਨ ਪੂਰੀ ਮਾਰਕੀਟ ਅਤੇ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰ ਵਿੱਚ ਅਸਹਿਣਯੋਗ ਬਦਬੂ ਫੈਲੀ ਰਹਿੰਦੀ ਹੈ, ਜਿਸ ਕਾਰਨ ਲੋਕਾਂ ਦਾ ਉੱਥੇ ਖੜ੍ਹਾ ਹੋਣਾ ਵੀ ਮੁਸ਼ਕਲ ਹੋ ਗਿਆ ਹੈ।
ਸਥਾਨਕ ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਟਾਇਲਟ ਦੇ ਬਿਲਕੁਲ ਸਾਹਮਣੇ ਦੇਸ਼ ਦਾ ਰਾਸ਼ਟਰੀ ਝੰਡਾ ਤਿਰੰਗਾ ਲਗਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੰਦਗੀ ਅਤੇ ਬਦਬੂ ਦੇ ਮਾਹੌਲ ਵਿੱਚ ਤਿਰੰਗੇ ਦੀ ਮੌਜੂਦਗੀ ਦੇਸ਼ ਦੇ ਸਨਮਾਨ ਨਾਲ ਜੁੜਿਆ ਸੰਵੇਦਨਸ਼ੀਲ ਮਾਮਲਾ ਬਣ ਚੁੱਕਾ ਹੈ। ਇਸ ਕਾਰਨ ਲੋਕਾਂ ਵਿੱਚ ਰੋਸ ਲਗਾਤਾਰ ਵਧ ਰਿਹਾ ਹੈ।
ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਪਾਰਕ ਦੀ ਹਾਲਤ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਪਾਰਕ ਵਿੱਚ ਵੱਡੇ ਚੂਹਿਆਂ ਨੇ ਖੁੱਡਾਂ ਪੁੱਟ ਕੇ ਜ਼ਮੀਨ ਨੂੰ ਖੋਖਲਾ ਕਰ ਦਿੱਤਾ ਹੈ, ਫੁੱਟਪਾਥ ਟੁੱਟ ਚੁੱਕੇ ਹਨ ਅਤੇ ਹਰਿਆਵਲੀ ਵੀ ਤਬਾਹ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇਹ ਪਾਰਕ ਬੱਚਿਆਂ, ਬਜ਼ੁਰਗਾਂ ਅਤੇ ਸੈਰ ਕਰਨ ਵਾਲਿਆਂ ਲਈ ਇੱਕ ਆਕਰਸ਼ਣ ਦਾ ਕੇਂਦਰ ਸੀ, ਪਰ ਹੁਣ ਇਹ ਬਿਮਾਰੀਆਂ ਅਤੇ ਗੰਦਗੀ ਦਾ ਗੜ੍ਹ ਬਣਦਾ ਜਾ ਰਿਹਾ ਹੈ।
ਸੁਸਾਇਟੀ ਦੇ ਮੈਂਬਰਾਂ ਵਿਜੇ ਕੁਮਾਰ ਗਾਂਧੀ, ਵਿਨੀਤ ਰਾਵਲ ਅਤੇ ਅਰਵਿੰਦ ਸ਼ਰਮਾ ਨੇ ਦੋਸ਼ ਲਗਾਇਆ ਕਿ ਕਈ ਵਾਰ ਨਗਰ ਨਿਗਮ ਲੁਧਿਆਣਾ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਜਾਣੂ ਕਰਵਾਇਆ ਗਿਆ, ਪਰ ਹਰ ਵਾਰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਹੁਣ ਤੰਗ ਆ ਚੁੱਕੇ ਵਪਾਰੀਆਂ ਅਤੇ ਇਲਾਕਾ ਨਿਵਾਸੀਆਂ ਨੇ NGT ਕੋਲ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਮੰਗ ਕੀਤੀ ਹੈ ਕਿ ਗ੍ਰੀਨ ਬੈਲਟ ਵਿੱਚ ਬਣੇ ਇਸ ਕਥਿਤ ਗੈਰ-ਕਾਨੂੰਨੀ ਪਬਲਿਕ ਟਾਇਲਟ ਨੂੰ ਤੁਰੰਤ ਹਟਾਇਆ ਜਾਵੇ ਅਤੇ ਪਾਰਕ ਦੀ ਪੁਰਾਣੀ ਸੁੰਦਰਤਾ ਨੂੰ ਮੁੜ ਬਹਾਲ ਕੀਤਾ ਜਾਵੇ।
ਇਸ ਮਾਮਲੇ ਨੇ ਹੁਣ ਸ਼ਹਿਰ ਦੀ ਸਿਆਸਤ ਅਤੇ ਪ੍ਰਸ਼ਾਸਨਿਕ ਕਾਰਗੁਜ਼ਾਰੀ ’ਤੇ ਵੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਦੀ ਨਜ਼ਰ ਹੁਣ NGT ਅਤੇ ਉੱਚ ਅਧਿਕਾਰੀਆਂ ਦੀ ਕਾਰਵਾਈ ’ਤੇ ਟਿਕੀ ਹੋਈ ਹੈ ਕਿ ਆਖ਼ਿਰ ਗ੍ਰੀਨ ਬੈਲਟ ਵਿੱਚ ਬਣੇ ਇਸ ਵਿਵਾਦਿਤ ਟਾਇਲਟ ’ਤੇ ਕੀ ਫ਼ੈਸਲਾ ਹੁੰਦਾ ਹੈ।
- Download Babushahi App
-
-